ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਨੂੰ ਸਰਵ ਸੱਮਤ ਸਵੀਕਾਰਤਾ ਦੀ ਲੋੜ !

ਕਿਸੇ ਦੇਸ਼ ਦੀ ਹੋਂਦ ‘ਤੇ ਬਲ ਉਸ ਦੀ ਪ੍ਰਭੂਸੱਤਾ ਤੋਂ ਪ੍ਰਗਟ ਹੁੰਦੇ ਹਨ । ਪੂਰਨਤਾ ਤੇ ਨਿਰੰਤਰਤਾ ਪ੍ਰਭੂਸੱਤਾ ਦੇ ਮੁੱਖ ਲੱਖਣ ਮੰਨੇ ਗਏ ਹਨ । ਰਾਜਸ਼ਾਹੀ ਤੋਂ ਲੋਕਤੰਤਰ ਤੱਕ ਪ੍ਰਣਾਲੀ ਕੋਈ ਵੀ ਰਹੀ , ਰਾਜ ਕਰਨ ਦਾ ਸ਼ਾਸਕ ਦਾ ਹੱਕ ਸਦਾ ਹੀ ਸ਼ੰਕਾ ਤੇ ਸਵਾਲਾਂ ਦੇ ਦਾਇਰੇ ਤੋਂ ਬਾਹਰ ਰਿਹਾ ਹੈ । ਕਿਸੇ ਵੀ ਰਾਜ ਦੀ ਤਾਕਤ ਉਸ ਦਾ ਚੁਣੌਤੀ ਵਿਹੀਨ ਹੋਣਾ ਹੈ । ਚੁਣੌਤੀਆਂ ਦਾ ਹੋਣਾ ਪ੍ਰਭੂਸੱਤਾ ਨੂੰ ਕਮਜੋਰ ਕਰਦਾ ਹੈ । ਰਾਜ ਦਾ ਸਦਾ ਹੀ ਜਤਨ ਰਹਿੰਦਾ ਹੈ ਕਿ ਚੁਣੌਤੀਆਂ ਨਾ ਹੋਣ ਜਾਂ ਕਮਜੋਰ ਤੇ ਘੱਟ ਤੋਂ ਘੱਟ ਹੋਣ । ਇਸ ਲਈ ਰਾਜ ਬਲ ਦਾ ਸਹਾਰਾ ਲਿਆ ਜਾਂਦਾ ਹੈ , ਕੂਟਨੀਤੀ ਵਰਤੀ ਜਾਂਦੀ ਹੈ ਜਾਂ ਸਮਝੌਤੇ ਵੀ ਕਰ ਲਏ ਜਾਂਦੇ ਹਨ । ਧਰਮ ਕਿਉਂਕਿ ਲਗਾਤਾਰ ਸੰਸਥਾ ਬਣਦੇ ਚਲੇ ਗਏ ਹਨ , ਇਨ੍ਹਾਂ ਲਈ ਵੀ ਕਿਸੇ ਕੇਂਦਰੀ ਸੱਤਾ ਦਾ ਹੋਣਾ ਇੱਕ ਲੋੜ ਬਣ ਗਿਆ ਹੈ । ਅੱਜ ਹਰ ਧਰਮ ਵਿੱਚ ਅਜਿਹੀ ਸੱਤਾ ਕਿਸੇ ਨ ਕਿਸੇ ਰੂਪ ਵਿਕਸਿਤ ਹੋ ਚੁਕੀ ਹੈ ‘ਤੇ ਵਿੱਦਮਾਨ ਹੈ । ਸਿੱਖ ਧਰਮ ਵਿੱਚ ਇਹ ਵਿਵਸਥਾ ਵਿਧੀਵਤ ਕਾਇਮ ਕੀਤੀ ਗਈ । ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਗੁਰੂ ਅਰਜਨ ਸਾਹਿਬ ਨੇ ਕਰਾਈ । ਇਹ ਸਿੱਖ ਪੰਥ ਦਾ ਪਹਿਲਾ ਗੁਰੂ ਘਰ ਸੀ । ਇਸ ਦੇ ਠੀਕ ਸਾਹਮਣੇ ਮਾਤਰ 17 ਵਰ੍ਹਿਆਂ ਅੰਦਰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਪਿੱਛੇ ਗੁਰੂ ਹਰਿਗੋਬਿੰਦ ਸਾਹਿਬ ਦਾ ਜਰੂਰ ਹੀ ਕੋਈ ਖ਼ਾਸ ਮਕਸਦ ਰਿਹਾ ਹੋਵੇਗਾ । ਅਕਾਲ ਬੁੰਗੇ ਤੋਂ ਅਕਾਲ ਤਖ਼ਤ ਸਦਾਇਆ ਇਹ ਅਸਥਾਨ ਕੋਈ ਇਮਾਰਤ ਨਹੀਂ ਸੀ ਇਹ ਤਾਂ ਨਾਮ ਤੋਂ ਹੀ ਪਰਗਟ ਹੋ ਜਾਂਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋ ਚੁਕੀ ਸੀ , ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਸ੍ਰੀ ਦਰਬਾਰ ਸਾਹਿਬ ਵਿੱਚ ਕੀਤਾ ਜਾ ਚੁਕਿਆ ਸੀ । ਇਹ ਸਪਸ਼ਟ ਹੋ ਰਿਹਾ ਸੀ ਕਿ ਪੰਥ ਕਿਸ ਦਿਸ਼ਾ ਵਿੱਚ ਵੱਧ ਰਿਹਾ ਹੈ । ਪੰਥ ਦਾ ਪ੍ਰੀਚੈ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਪੰਥ ਦੀ ਚੜ੍ਹਦੀਕਲਾ ਦੇ ਇੱਕ ਨਿਵੇਕਲ਼ੇ ਪੱਖ ਦੇ ਰੂਪ ਵਿੱਚ ਹੋਇਆ । ਕੋਈ ਵੀ ਰਚਨਾ , ਉਸ ਦੇ ਰਚਨਾਕਾਰ ਦੀ ਸ਼ਖਸ਼ੀਅਤ ਦਾ ਪਰਛਾਵਾਂ ਹੁੰਦੀ ਹੈ । ਇਤਿਹਾਸ ਦੇ ਕਿਸੇ ਵੀ ਸ੍ਰੋਤ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਕੋਈ ਪ੍ਰਮਾਣਿਕ ਹਵਾਲਾ ਨਹੀਂ ਮਿਲਦਾ ਕਿ ਉਨ੍ਹਾਂ ਕਿਸ ਮਨੋਰਥ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਾਈ । ਪਰ ਭਾਈ ਗੁਰਦਾਸ ਜੀ ਦੀ ਲਿਖਤ ਤੋਂ ਗੁਰੂ ਸਾਹਿਬ ਦੀ ਸ਼ਖਸੀਅਤ ਬਾਰੇ ਪ੍ਰਾਪਤ ਹੋਣ ਵਾਲੇ ਗਿਆਨ ਤੇ ਕੋਈ ਸ਼ੰਕਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਭਾਈ ਸਾਹਿਬ ਆਪ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਬਾਰ ਦਾ ਅਹਿਮ ਅੰਗ ਸਨ । ਭਾਈ ਗੁਰਦਾਸ ਜੀ ਦੀ ਵਾਰ ਦੀ ਹੇਠਲੀ ਇੱਕ ਪੰਕਤੀ ਹੀ ਸਭ ਕੁਝ ਬਿਆਨ ਕਰ ਜਾਂਦੀ ਹੈ ।

ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ।


ਭਾਈ ਗੁਰਦਾਸ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ਖਸੀਅਤ ਵਿੱਚ ਇੱਕ ਤਾਰਨਹਾਰ , ਹਿੱਤ ਰੱਖਿਅਕ , ਸੰਕਲਪ ਦੇ ਧਨੀ , ਸਦਾ ਅੰਗ ਸੰਗ ਸਹਾਈ ਤਾਕਤ ਦੇ ਦਰਸ਼ਨ ਕੀਤੇ ਤੇ ਉਪਰੋਕਤ ਪੰਕਤੀ ਵਿੱਚ ਗਾਗਰ ਵਿੱਚ ਸਾਗਰ ਵਾਂਗੂੰ ਸਮੋ ਦਿੱਤਾ । ਗੁਣਾਂ ਦੀ ਇਸ ਤੋਂ ਵੱਧ ਵਿਆਪਕਤਾ ਤੇ ਗਹਿਰਾਈ ਕਲਪਨਾ ਤੋਂ ਹੀ ਪਰੇ ਹੈ । ਗੁਰਬਾਣੀ ਵਿੱਚ ਗੁਰੂ ਨੂੰ ਮਾਨਸਰੋਵਰ ਕਿਹਾ ਗਿਆ ਹੈ । ਮਾਨਸਰੋਵਰ ਦੇ ਗਰਭ ਵਿੱਚ ਕਿੰਨੇ ਮੋਤੀ ਹਨ , ਕਿਹਾ ਨਹੀਂ ਜਾ ਸਕਦਾ । ਮਾਨਸਰੋਵਰ ਬੇਸ਼ਕੀਮਤੀ ‘ਤੇ ਅਣਗਿਣਤ ਮੋਤੀਆਂ ਦੀ ਵਡਿਆਈ ਦਾ ਪ੍ਰਤੀਕ ਬਣ ਗਿਆ । ਗੁਰੂ ਹਰਿਗੋਬਿੰਦ ਜੀ ਸੰਸਾਰ ਅੰਦਰ ਮਹਾਨਤਾ ਦਾ ਪੂੰਜ ਸਨ । ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਰੂਪ ਵਿੱਚ ਮਹਾਨਤਾ ਵਿਰਾਜਮਾਨ ਹੋਈ । ਸੰਗਤਾਂ ਦਲਭਂਜਨ ਗੁਰੂ ਸਾਹਿਬ ਦੇ ਰੂਬਰੂ ਹੋ ਆਪਣੇ ਅੰਤਰ ਮਨ ਦੀ ਨਿਰਮਲ ਪ੍ਰਾਪਤ ਕਰਨ ਦੀ ਜਾਚ ਸਿਖਦਿਆਂ , ਦੁਵਿਧਾ ਦੂਰ ਕਰਦਿਆਂ । ਆਪਣਾ ਜੀਵਨ ਸਕਾਰਥ ਕਰਨ ਲਈ ਗੁਰ ਸੂਰਮਾ ਗੁਰੂ ਸਾਹਿਬ ਕੋਲੋਂ ਪ੍ਰੇਰਣਾ ਲੈਂਦਿਆਂ । ਆਪਣੇ ਧਰਮ ਸੰਕਲਪ ਦੀ ਰਾਖੀ ਲਈ ਬਲ ਪ੍ਰਾਪਤ ਕਰਦਿਆਂ । ਗੁਰੂ ਸਾਹਿਬ ਦੀਨ ਹੀਨ ਨੂੰ ਸ਼ਰਣ ਵਿੱਚ ਲੈ ਕੇ ਜਨਮ ਜਨਮਾਂਤਰ ਸੰਵਾਰ ਦਿੰਦੇ । ਇਸ ਤਰਹ ਸ੍ਰੀ ਦਰਬਾਰ ਸਾਹਿਬ ਜਿੱਥੇ ਅਧਿਆਤਮਕ ਗਿਆਨ ਦੇ ਕੇਂਦਰ ਵੱਜੋਂ ਵਿਕਸਿਤ ਹੋਇਆ , ਸ੍ਰੀ ਅਕਾਲ ਤਖ਼ਤ ਸਾਹਿਬ ਉਸ ਗਿਆਨ ਦੀ ਵਿਵਹਾਰਕ ਵਰਤੋਂ ਦੀ ਪਾਠਸ਼ਾਲਾ ਬਣ ਗਿਆ । ਸ੍ਰੀ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਿਰਾਜਮਾਨ ਹੋ ਇਸ ਨੂੰ ਗੁਰਸਿੱਖ ਦੇ ਜੀਵਨ ਦਾ ਅਭਿੱਨ ਅੰਗ


-2-


ਬਣਾ ਦਿੱਤਾ । ਸੰਕਲਪ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਾਪਤ ਹੁੰਦਾ ‘ਤੇ ਉਸ ਨੂੰ ਪੂਰਨ ਕਰਨ ਦਾ ਬਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲਦਾ । ਇਹ ਹੀ ਮੀਰੀ ਤੇ ਪੀਰੀ ਦਾ ਸੁਮੇਲ ਸੀ । ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਦੀ ਵਡਿਆਈ ਦਾ ਪ੍ਰਤੀਕ ਬਣ ਗਿਆ । ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰਕਾਸ਼ਮਾਨ ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਸਿੱਖ ਨੂੰ ਰਾਹ ਵਿਖਾ ਰਹੇ ਸਨ । ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਸ ਰਾਹ ਨੂੰ ਨਿਰਵਿਘਨ ਕਰਨ ਦਾ ਉਪਕਾਰ ਕੀਤਾ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਤੇ ਵਿਰਾਜਮਾਨ ਹੋਣ ਤੋਂ ਬਾਅਦ ਵੀ ਇਹ ਨਿਰੰਤਰਤਾ ਬਣੀ ਰਹੀ । ਇਤਿਹਾਸ ਦੀਆਂ ਘਟਨਾਵਾਂ ਇਸ ਇਸ ਦੀ ਪ੍ਰੋੜ੍ਹਤਾ ਕਰਦਿਆਂ ਹਨ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਪੰਥਕ ਮਸਲਿਆਂ ਦਾ ਇਕੱਲਾ ਤੇ ਸਭ ਤੋਂ ਮਜਬੂਤ ਸੱਤਾ ਕੇਂਦਰ ਸੀ ਜਿਸ ਨੂੰ ਰਾਜ ਸ਼ਾਸਨ ਵਰਗੇ ਹੱਕ ਪ੍ਰਾਪਤ ਸਨ । ਅੱਜ ਇਹ ਸੱਤਾ ਕੇਂਦਰ ਕਮਜੋਰ ਤੇ ਅਸਹਾਇ ਨਜਰ ਆ ਰਿਹਾ ਹੈ । ਜੇ ਇਤਿਹਾਸ ਤੋਂ ਸਬਕ ਲਿਆ ਜਾਵੇ ਤਾਂ ਕਿਸੇ ਰਾਜ , ਸਰਕਾਰ , ਦੇਸ਼ ਦੇ ਕਮਜੋਰ ਹੋਣ ਦਾ ਜਿੱਮੇਵਾਰ ਕੋਈ ਇੱਕ ਨਹੀਂ ਰਿਹਾ । ਪੂਰਾ ਦਾ ਪੂਰਾ ਦੇਸ਼ , ਉਸ ਦੀਆਂ ਨੀਤੀਆਂ , ਸੱਤਾ ਭੋਗ ਰਹੇ ਤੇ ਸੱਤਾ ਦੇਣ ਵਾਲੇ ਲੋਗ ਵੀ ਜਿੱਮੇਵਾਰ ਰਹੇ । ਸ੍ਰੀ ਅਕਾਲ ਤਖ਼ਤ ਸਾਹਿਬ ਪੂਰੇ ਸਿੱਖ ਪੰਥ ਸੰਸਥਾ ਹੈ । ਅੱਜ ਜੋ ਹਾਲ ਹੈ ਇਸ ਲਈ ਜਿੱਮੇਵਾਰ ਵੀ ਪੂਰਾ ਪੰਥ ਹੈ ।

ਅੱਜ ਜਿਹੜੇ ਲੋਗ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਚਿੰਤਾ ਕਰ ਰਹੇ ਹਨ , ਆਪਣੇ ਅੰਦਰ ਝਾਤ ਮਾਰਨ ਕਿ ਉਨ੍ਹਾਂ ਅੰਦਰ ਕਿੰਨਾ ਸਨਮਾਨ ਹੈ ਉਸ ਸੰਸਥਾ ਲਈ ਜੋ ਗੁਰੂ ਹਰਿਗੋਬਿੰਦ ਸਾਹਿਬ ਦੀ ਸੋਚ ਤੋਂ ਹੋਂਦ ਵਿੱਚ ਆਈ ਸੀ । ਜਿਸ ਦਾ ਮਿਆਰ ਆਪ ਗੁਰੂ ਸਾਹਿਬ ਨੇ ਮੀਰੀ ਤੇ ਪੀਰੀ ਦੇ ਫਲਸਫੇ ਤੋਂ ਕਾਇਮ ਕੀਤਾ ਸੀ । ਪਿਛਲੇ ਪੰਜ ਦਹਾਕਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਈ ਹੁਕਮਨਾਮੇ , ਮਤੇ ਜਾਰੀ ਹੋਏ ਜੋ ਕੌਮ ਦਾ ਚਿਹਰਾ ਬਦਲ ਸਕਦੇ ਸਨ । ਉਹ ਹੁਕਮਨਾਮੇ , ਮਤੇ ਕਾਗਜਾਂ ਵਿੱਚ ਹੀ ਗੁੱਮ ਗਏ । ਕੌਮ ਨੇ ਉਨ੍ਹਾਂ ਤੇ ਅਮਲ ਨਾ ਕਰ ਦਲਿ ਭੰਜਨ ਗੁਰੁ ਸੂਰਮਾ ਗੁਰੁ ਹਰਿਗੋਬਿੰਦ ਸਾਹਿਬ ਦੀ ਮਹਾਨਤਾ ਦਾ ਨਿਰਾਦਰ ਕਰਨ ਦਾ ਪਾਪ ਕੀਤਾ ਹੀ ਆਪਣਾ ਅਹਿੱਤ ਵੀ ਕੀਤਾ । ਜਿਸ ਸੰਸਥਾ ਲਈ ਸਨਮਾਨ ਨਹੀਂ , ਉਸ ਲਈ ਬੋਲਣ ਦਾ ਹੱਕ ਕਿਵੇਂ ਮਿਲ ਜਾਂਦਾ ਹੈ ।

ਸੱਮਸਿਆ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸ਼ਰਧਾ ਤੇ ਭਾਵਨਾ ਘੱਟ ਹੁੰਦੀ ਗਈ ਤੇ ਇਸ ਨੂੰ ਤਖ਼ਤ ਦੀ ਥਾਂ ਦਫਤਰ ਜਿਆਦਾ ਬਣਾ ਦਿੱਤਾ ਗਿਆ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁਖੀ ਕੋਈ ਵੀ ਹੋਵੇ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੈਰ ਮੌਜੂਦਗੀ ਵਿੱਚ ਉਨ੍ਹਾਂ ਦਾ ਅਹਿਲਕਾਰ ਹੀ ਰਹੇਗਾ । ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਪੀਰੀ ਨਾਲ ਇਸ ਅਸਥਾਨ ਤੇ ਮੀਰੀ ਨੂੰ ਜੋੜਿਆ ਸੀ । ਮੀਰੀ ਤੇ ਪੀਰੀ ਦਾ ਸਿਧਾਂਤ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੰਵਿਧਾਨ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪ੍ਰਭੂਸੱਤਾ ਪ੍ਰਦਾਨ ਕਰਦਾ ਹੈ । ਇਹ ਨਿਰਵਿਵਾਦ ਤੇ ਅੰਤਮ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਦਫਤਰ ਸਮਝ ਲੈਣਾ ਇਸ ਪ੍ਰਭੂਸੱਤਾ ਦਾ ਅਪਮਾਨ ਹੈ ਜੋ ਜਾਨੇ ਅਨਜਾਣੇ ਹੁੰਦਾ ਰਿਹਾ ਹੈ । ਇਹ ਠੀਕ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੀ ਚੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵਿਧਾਨ ਅਨੁਸਾਰ ਕਰਦੀ ਹੈ । ਕਿਵੇਂ ਕਰਦੀ ਹੈ ਤੇ ਕਿਵੇਂ ਕਰਨਾ ਚਾਹੀਦੇ ਇਹ ਬਹਿਸ ਦਾ ਵੱਖ ਵਿਸ਼ਾ ਹੈ । ਪਰ ਜੱਥੇਦਾਰ ਬਣਨ ਤੋਂ ਬਾਅਦ ਉਹ ਮਾਣਯੋਗ ਹੋ ਜਾਂਦਾ ਹੈ ਕਿਉਂਕਿ ਉਹ ਗੁਰੂ ਹਰਿਗੋਬਿੰਦ ਸਾਹਿਬ ਦਾ ਅਹਿਲਕਾਰ ਹੈ ਜਿਸ ਨੇ ਗੁਰੂ ਸਾਹਿਬ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਖਸ਼ੀ ਵਡਿਆਈ ਨੂੰ ਕਾਇਮ ਰੱਖਣਾ ਹੈ । ਇਹ ਸੱਚ ਸਵੀਕਾਰ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਰਿਹਾ ਹੈ । ਕਿਸੇ ਦੇਸ਼ ਦਾ ਪ੍ਰਧਾਨ ਮੰਤ੍ਰੀ ਜਾਂ ਰਾਸ਼ਟਰਪਤੀ ਜਿਸ ਵੀ ਪ੍ਰਕ੍ਰਿਆ ਨਾਲ , ਜਿਸ ਦੀਆਂ ਵੀ ਵੋਟਾਂ ਨਾਲ ਚੁਣਿਆ ਜਾਵੇ ਉਹ ਉਹਨਾਂ ਲਈ ਨਹੀਂ ਦੇਸ਼ ਦੇ ਸੰਵਿਧਾਨ ਪ੍ਰਤੀ ਜਵਾਬਦੇਹ ਹੁੰਦਾ ਹੈ । ਲੋਗ ਬਦਲਦੇ ਰਹਿੰਦੇ ਹਨ ਪਰ ਸੰਵਿਧਾਨ ਦੀ ਜਵਾਬਦੇਹੀ ਨਹੀਂ ਬਦਲਦੀ । ਇਸ ਕਾਰਣ ਹੀ ਕੋਈ ਵੀ ਵਿਅਕਤੀ ਸ਼ਾਸਕ ਬਣੇ ਉਸ ਦਾ ਸਨਮਾਨ ਹੁੰਦਾ ਹੈ । ਰਾਸ਼ਟਰਪਤੀ ਜਾਂ ਪ੍ਰਧਾਨ ਮੰਤ੍ਰੀ ਦਾ ਸਨਮਾਨ ਤੇ ਸੰਵਿਧਾਨ ਦਾ ਸਨਮਾਨ ਇੱਕਰੂਪ ਹੋ ਜਾਂਦਾ ਹੈ । ਇਸ
-3-
ਤਰਹ ਦੇਸ਼ ਮਜਬੂਤ ਹੁੰਦਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਨਮਾਨ ਕਾਇਮ ਰਹੇ ਇਸ ਲਈ ਰਾਜ ਵਿਵਸਥਾ ਦੀ ਦ੍ਰਿਸ਼ਟੀ ਨਾਲ ਵੇਖਣ ਦੀ ਵੱਡੀ ਲੋੜ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖੀ ਦੀ ਪ੍ਰਤੀਬੱਧਤਾ ਤੇ ਵਚਨਬੱਧਤਾ ਮੀਰੀ ਤੇ ਪੀਰੀ ਦੇ ਸਿਧਾਂਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਦਾ ਮਾਰਗ ਨਿਰਵਿਘਨ ਕਰਨ ਹਿਤ ਹੋਣੀ ਚਾਹੀਦੀ ਹੈ । ਆਪਣੇ ਕਾਰਜ ਖੇਤਰ ਬਾਰੇ ਕੋਈ ਦੁਵਿਧਾ ਨਹੀਂ ਹੋਣੀ ਚਾਹੀਦੀ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਦਾ ਸਨਮਾਨ ਕਰਨਾ ਚਾਹੀਦੇ । ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜੱਥੇਦਾਰੀ ਇੱਕ ਸੇਵਾ ਹੈ ਜੋ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਕਮੇਟੀ ਦੇ ਜਰੀਏ ਲੈ ਰਹੇ ਹਨ । ਇਹ ਕੌਮ ਦੇ ਹਰ ਪੱਖ ਨੂੰ ਸਮਝਣ ਦੀ ਲੋੜ ਹੈ ।

ਡਾ ਸਤਿੰਦਰ ਪਾਲ ਸਿੰਘ
ਈ – 1716 , ਰਾਜਾਜੀਪੁਰਮ
ਲਖਨਊ – 226017
ਈ ਮੇਲ – akaalpurkh.7@gmail.com