ਭਲਾ ਕਰਨਾ ਵੀ ਕਈ ਵਾਰ ਪੁੱਠਾ ਪੈ ਜਾਂਦਾ ਹੈ।

ਦੋ ਕੁ ਮਹੀਨੇ ਪਹਿਲਾਂ ਖਬਰ ਆਈ ਸੀ ਕਿ ਬਰੇਲੀ (ਯੂ.ਪੀ.) ਵਿੱਚ ਕੁਝ ਬਦਮਾਸ਼ ਰੇਲਵੇ ਪਲੇਟਫਾਰਮ ‘ਤੇ ਆਪਸ ਲੜ ਰਹੇ ਸਨ। ਉਹਨਾਂ ਨੂੰ ਛਿੱਤਰੋ ਛਿੱਤਰੀ ਹੁੰਦਾ ਵੇਖ ਕੇ ਇੱਕ ਭਲੇਮਾਣਸ ਵਿਅਕਤੀ ਨੇ ਛੱਡ ਛੁਡਾ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਆਪਣੇ ਮਾਮਲੇ ਵਿੱਚ ਬਾਹਰੀ ਬੰਦੇ ਦੀ ਦਖਲਅੰਦਾਜ਼ੀ ਵੇਖ ਕੇ ਲੜਨਾ ਬੰਦ ਕਰ ਦਿੱਤਾ ਤੇ ਉਸ ਨੂੰ ਹੀ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਇੱਕ ਬਦਮਾਸ਼ ਨੇ ਉਸ ਸ਼ਰੀਫ ਵਿਅਕਤੀ ਨੂੰ ਧੱਕਾ ਦੇ ਕੇ ਪਟੜੀਆਂ ‘ਤੇ ਸੁੱਟ ਦਿੱਤਾ। ਐਨੇ ਨੂੰ ਤੇਜ਼ ਰਫਤਾਰ ਟਰੇਨ ਉਥੋਂ ਗੁਜ਼ਰੀ ਜਿਸ ਨੇ ਉਸ ਦੇ ਟੁਕੜੇ ਟੁਕੜੇ ਕਰ ਦਿੱਤੇ। ਇਹ ਵੇਖ ਕੇ ਬਦਮਾਸ਼ ਤਾਂ ਮੌਕੇ ਤੋਂ ਭੱਜ ਗਏ ਪਰ ਉਸ ਵਿਚਾਰੇ ਨੂੰ ਜਾਨ ਤੋਂ ਹੱਥ ਧੋਣੇ ਪਏ।ਵਾਹ ਲੱਗਦੀ ਭਲਾ ਜਰੂਰ ਕਰਨਾ ਚਾਹੀਦਾ ਹੈ, ਪਰ ਕਈ ਵਾਰ ਇਹ ਮਹਿੰਗਾ ਵੀ ਪੈ ਜਾਂਦਾ ਹੈ।


1994 95 ਵਿੱਚ ਮੈਂ ਐਸ.ਐਚ.ਉ. ਕੋਤਵਾਲੀ ਸੰਗਰੂਰ ਲੱਗਾ ਹੋਇਆ ਸੀ। ਦਸੰਬਰ ਦਾ ਮਹੀਨਾ ਸੀ ਤੇ ਸਖਤ ਸਰਦੀ ਪੈ ਰਹੀ ਸੀ। ਇੱਕ ਰਾਤ ਬਾਰਸ਼ ਹੋ ਰਹੀ ਸੀ ਤੇ ਮੈਂ ਸ਼ਹਿਰ ਵਿੱਚ ਗਸ਼ਤ ਕਰ ਰਿਹਾ ਸੀ। 9 10 ਵਜੇ ਦੀ ਗੱਲ ਹੋਵੇਗੀ ਕਿ ਇੱਕ ਸ਼ਰਾਬੀ ਜ਼ਖਮੀ ਹਾਲਤ ਵਿੱਚ ਸਕੂਟਰ ਸਮੇਤ ਸੜਕ ‘ਤੇ ਡਿੱਗਾ ਪਿਆ ਸੀ। ਮੈਂ ਗੱਡੀ ਰੋਕ ਕੇ ਉਸ ਨੂੰ ਚੈੱਕ ਕੀਤਾ ਤਾਂ ਉਹ ਸਹੀ ਸਲਾਮਤ ਸੀ, ਪਰ ਜੇ ਕਿਤੇ ਅਜਿਹੀ ਸਖਤ ਠੰਡ ਵਿੱਚ ਘੰਟਾ ਦੋ ਘੰਟੇ ਹੋਰ ਰਹਿ ਜਾਂਦਾ ਤਾਂ ਲਾਜ਼ਮੀ ਤੌਰ ‘ਤੇ ਉਸ ਨੇ ਮਰ ਜਾਣਾ ਸੀ। ਅਸੀਂਉਸ ਨੂੰ ਸਕੂਟਰ ਸਮੇਤ ਸਰਕਾਰੀ ਆਲਵਿਨ ਨਿਸ਼ਾਨ ਟੈਂਪੂ ਵਿੱਚ ਲੱਦ ਲਿਆ।


ਗੰਨਮੈਨਾਂ ਨੇ ਬੜੀ ਮੁਸ਼ਕਿਲ ਨਾਲ ਹਿਲਾ ਜੁਲਾ ਕੇ ਉਸ ਦਾ ਪਤਾ ਟਿਕਾਣਾ ਪੁੱਛਿਆ ਤੇ ਉਸ ਦੇ ਘਰ ਪਹੁੰਚ ਗਏ। ਕਾਫੀ ਦੇਰਖੜਕਾਉਣ ਤੋਂ ਬਾਅਦ ਘਰ ਵਾਲਿਆਂ ਨੇ ਦਰਵਾਜ਼ਾ ਖੋਲ੍ਹਿਆ। ਸਾਫ ਲੱਗਦਾ ਸੀ ਕਿ ਉਹ ਉਸ ਦੀਆਂ ਕਰਤੂਤਾਂ ਤੋਂ ਪਹਿਲਾਂ ਹੀ ਸੜੇ ਪਏ ਸਨ। ਸ਼ਰਾਬੀ ਦੀ ਪਤਨੀ ਲਾਲ ਲਾਲ ਡੇਲੇ ਕੱਢ ਕੇ ਸਾਡੇ ਵੱਲ ਇਸ ਤਰਾਂ ਝਾਕ ਰਹੀ ਸੀ ਜਿਵੇਂ ਕਿਤੇ ਅਸੀਂ ਹੀ ਉਸ ਨੂੰ ਸ਼ਰਾਬ ਪਿਆਈ ਹੋਵੇ। ਖੈਰ, ਅਸੀਂ ਉਸ ਨੂੰ ਛੱਡ ਕੇ ਵਾਪਸ ਆ ਗਏ। ਅਗਲੇ ਦਿਨ 11 ਕੁ ਵਜੇ ਮੈਨੂੰ ਮੈਸੇਜ਼ ਮਿਲਿਆ ਕਿ ਡੀ.ਐਸ.ਪੀ. ਸਾਹਿਬ ਨੇ ਆਪਣੇ ਦਫਤਰ ਬੁਲਾਇਆ ਹੈ। ਜਦੋਂ ਮੈਂ ਦਫਤਰ ਪਹੁੰਚਿਆ ਤਾਂ ਉਹ ਸ਼ਰਾਬੀ ਨਹਾ ਧੋ ਕੇ ਬਾਬੂ ਬਣਿਆ ਮੁਹੱਲੇ ਦੇ 8 10 ਬੰਦਿਆਂ ਨਾਲ ਡਿਪਟੀ ਸਾਹਿਬ ਦੇ ਸਾਹਮਣੇ ਕੁਰਸੀ ‘ਤੇ ਤਣਿਆਂ ਬੈਠਾ ਸੀ। ਡਿਪਟੀ ਸਾਹਿਬ ਨੇ ਮੈਨੂੰ ਪੁੱਛਿਆ ਕਿ ਰਾਤੀਂ ਐਲਵਿਨ ਨਿਸ਼ਾਨ ‘ਤੇ ਗਸ਼ਤ ‘ਤੇ ਕੌਣ ਕਰ ਰਿਹਾ ਸੀ,ਉਹ ਇਸ ਵਿਚਾਰੇ ਨੂੰ ਫੇਟ ਮਾਰ ਕੇ ਮਾਰ ਹੀ ਦੇਣ ਲੱਗਾ ਸੀ। ਪਹਿਲਾਂ ਤਾਂ ਮੇਰਾ ਦਿਲ ਕਰੇ ਕਿ ਉਸ ਨੂੰ ਉਥੇ ਹੀ ਢਾਹ ਕੇ ਲੱਤਾਂ ਮੁੱਕਿਆਂ ਨਾਲ ਚੰਗੀ ਤਰਾਂ ਸੇਵਾ ਕਰਾਂ। ਪਰ ਫਿਰ ਮੈਂ ਆਪਣੇ ਗੁੱਸੇ ਨੂੰ ਦਬਾ ਕੇ ਡਿਪਟੀ ਸਾਹਿਬ ਨੂੰ ਦੱਸਿਆ ਕਿ ਸਰ ਇਹ ਗਲਤੀ ਮੇਰੇ ਕੋਲੋਂ ਹੀ ਹੋਈ ਹੈ। ਜੇ ਮੈਨੂੰ ਪਤਾ ਹੁੰਦਾ ਕਿ ਇਸ ਘਟੀਆ ਇਨਸਾਨਨੇ ਮੇਰੀ ਭਲਾਈ ਦਾ ਇਹ ਮੁੱਲ ਪਾਉਣਾ ਹੈ ਤਾਂ ਮੈਂ ਇਸ ਨੂੰ ਉਥੇ ਹੀ ਮਰਨ ਲਈ ਛੱਡ ਦੇਣਾ ਸੀ। ਮੇਰੇ ਕੋਲੋਂ ਸਾਰੀ ਰਾਮ ਕਹਾਣੀ ਸੁਣ ਕੇ ਡਿਪਟੀਸਾਹਿਬ ਨੇ ਰੱਜ ਕੇ ਉਸ ਬੰਦੇ ਦੀ ਕੁੱਤੇਖਾਣੀ ਕੀਤੀ ਤੇ ਕਿਹਾ ਕਿਲਾਹਨਤ ਹੈ ਤੇਰੇ ‘ਤੇ, ਤੂੰਆਪਣੀ ਜਾਨ ਬਚਾਉਣ ਵਾਲੇ ਬੰਦੇ ‘ਤੇ ਹੀ ਇਲਜ਼ਾਮ ਤਰਾਸ਼ੀ ਕਰ ਰਿਹਾ ਹੈਂ। ਸੱਚਾਈ ਸੁਣ ਕੇ ਨਾਲ ਆਏ ਮੁਹਤਬਰਾਂ ਨੇ ਆਪਣੀ ਗਲਤੀ ਮੰਨੀ ਤੇ ਉਸ ਨੂੰ ਰੱਜ ਕੇ ਫਿਟਕਾਰਾਂ ਪਾਈਆਂ। ਬਾਅਦ ਵਿੱਚ ਪਤਾ ਲੱਗਾ ਕਿ ਉਹ ਨਹਿਸ਼ ਵਿਅਕਤੀ ਡੀ ਸੀ ਦਫਤਰ ਵਿੱਚ ਸੁਪਰਡੈਂਟ ਲੱਗਾ ਹੋਇਆ ਸੀ।


1985 86 ਦੌਰਾਨ ਪਿੰਡਾਂ ਵਿੱਚ ਪਾਣੀ ਵਾਲੀਆਂ ਮੋਟਰਾਂ ਦੀ ਰਿਪੇਅਰ ਕਰਨ ਵਾਲੀਆਂ ਦੁਕਾਨਾਂ ਦੀ ਬਹੁਤ ਘਾਟ ਸੀ। ਅਸੀਂ ਵੀ ਮੋਟਰਾਂ ਸੜਨ ‘ਤੇ ਚਾਟੀਵਿੰਡ ਗੇਟ ਅੰਮ੍ਰਿਤਸਰ ਦੇ ਬਾਹਰ ਕਾਲੂ ਮਿਸਤਰੀ (ਨਾਮ ਬਦਲਿਆ ਹੋਇਆ) ਦੀ ਦੁਕਾਨ ‘ਤੇ ਲੈ ਕੇ ਜਾਂਦੇ ਹੁੰਦੇ ਸੀ।ਉਸ ਦੀ ਦੁਕਾਨ ਦੇ ਨਾਲ ਹੀ ਸ਼ਾਮੇ ਬਾਊ (ਨਾਮ ਬਦਲਿਆ ਹੋਇਆ) ਦੀ ਕਰਿਆਨੇ ਦੀ ਦੁਕਾਨ ਸੀ। ਇੱਕ ਦਿਨ ਮੈਂ ਸੜੀ ਹੋਈ ਮੋਟਰ ਰਿਪੇਅਰ ਕਰਨ ਲਈ ਕਾਲੂ ਦੀ ਦੁਕਾਨ ‘ਤੇ ਦੇਣ ਲਈ ਗਿਆ ਤਾਂ ਵੇਖਿਆ ਕਿ ਸ਼ਾਮਾ ਚਿੱਬ ਖੜਿੱਬਾ ਹੋਇਆ ਪਿਆ ਸੀ ਤੇ ਉਸ ਦੇ ਸਿਰ ‘ਤੇ ਪੱਟੀਆਂ ਬੱਝੀਆਂ ਹੋਈਆਂ ਸਨ। ਮੈਂ ਕਾਲੂ ਨੂੰ ਪੁੱਛਿਆ ਕਿ ਇਸ ਨੂੰ ਕੀ ਹੋਇਆ ਹੈ? ਕਾਲੂ ਨੇ ਹੱਸ ਕੇ ਦੱਸਿਆ ਕਿ ਇਸ ਨੂੰ ਭਲਾ ਕਰਨ ਦਾ ਫਲ ਮਿਲਿਆ ਹੈ। ਅੱਗੇ ਪੁੱਛਣ ‘ਤੇ ਕਾਲੂ ਨੇ ਦੱਸਿਆ ਕਿ ਇਸ ਦੀ ਗਲੀ ਵਿੱਚ ਇੱਕ ਮੁੰਡੇ ਤੇ ਕੁੜੀ ਦਰਮਿਆਨਇਸ਼ਕ ਪੇਚਾ ਚੱਲ ਰਿਹਾ ਸੀ। ਇਹ ਐਵੇਂ ਸਵਾਦ ਲੈਣਾ ਦਾ ਮਾਰਾ ਦੋਵਾਂ ‘ਤੇ ਨਜ਼ਰ ਰੱਖਦਾ ਸੀ। ਉਸ ਵੇਲੇ ਆਮ ਘਰਾਂ ਵਿੱਚ ਟੈਲੀਫੋਨ ਤਾਂ ਹੁੰਦੇ ਨਹੀਂ ਸਨ, ਪ੍ਰੇਮ ਸੁਨੇਹੇ ਚਿੱਠੀਆਂ ਤੇ ਇਸ਼ਾਰਿਆਂ ਰਾਹੀਂ ਹੀ ਪਹੁੰਚਾਏ ਜਾਂਦੇ ਸਨ।


ਪ੍ਰੇਮੀ ਜੋੜੇ ਨੇ ਗਲੀ ਵਿੱਚ ਇੱਕ ਥਾਂ ਚਿੱਠੀਆਂ ਰੱਖਣ ਲਈ ਨਿਸ਼ਚਿਤ ਕੀਤੀ ਹੋਈ ਸੀ ਜੋ ਸ਼ਾਮੇ ਦੇ ਘਰ ਦੇ ਸਾਹਮਣੇ ਸੀ। ਕਦੇ ਕੁੜੀ ਚਿੱਠੀ ਰੱਖ ਜਾਂਦੀ ਤੇ ਮੁੰਡਾ ਕੁਝ ਦੇਰ ਬਾਅਦ ਚੁੱਕ ਕੇ ਲੈ ਜਾਂਦਾ ਤੇ ਕਦੇ ਮੁੰਡਾ ਚਿੱਠੀ ਰੱਖ ਜਾਂਦਾ ਤੇ ਕੁੜੀ ਮੌਕਾ ਵੇਖ ਕੇ ਲੈ ਜਾਂਦੀ। ਉਹਨਾਂ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਸ਼ਾਮਾ ਚੋਰੀ ਚੋਰੀ ਚਿੱਠੀਆਂ ਪੜ੍ਹ ਲੈਂਦਾ ਤੇ ਚੁੱਪ ਚਾਪ ਉਸੇ ਜਗ੍ਹਾ ‘ਤੇ ਰੱਖ ਦਿੰਦਾ। ਇੱਕ ਦਿਨ ਮੁੰਡੇ ਨੇ ਚਿੱਠੀ ਲਿਖੀ ਤੇ ਕੁੜੀ ਨੂੰ ਕਿਹਾ ਕੇ ਆਪਾਂ ਫਲਾਣੀ ਰਾਤਨੂੰ ਫਰਾਰ ਹੋ ਜਾਣਾ ਹੈ, ਤੂੰ ਘਰ ਦਾ ਗਹਿਣਾ ਗੱਟਾ ਤੇ ਪੈਸੇ ਲੈ ਆਵੀਂ। ਸ਼ਾਮੇ ਨੇ ਜਦੋਂ ਚਿੱਠੀ ਪੜ੍ਹੀ ਤਾਂ ਉਸ ਦੇ ਅੰਦਰ ਭਲਾਈ ਦਾ ਕੀੜਾ ਜਾਗ ਉੱਠਿਆ ਤੇ ਨਾਲੇ ਗਲੀ ਮੁਹੱਲੇ ਦੀ ਇੱਜ਼ਤ ਦਾ ਸਵਾਲ ਵੀ ਸੀ। ਉਸ ਨੇ ਇੱਕ ਆਦਰਸ਼ ਨਾਗਰਿਕ ਦਾ ਫਰਜ਼ ਨਿਭਾਉਂਦੇ ਹੋਏ ਚਿੱਠੀ ਕੁੜੀ ਦੇ ਘਰ ਵਾਲਿਆਂ ਨੂੰ ਜਾ ਫੜਾਈ ਕਿ ਭਾਈ ਜੇ ਆਪਣੀ ਇੱਜ਼ਤਬਚਾਸਕਦੇ ਹੋ ਤਾਂ ਬਚਾਲਉ। ਚਿੱਠੀ ਪੜ੍ਹਦੇ ਸਾਰ ਕੁੜੀ ਵਾਲਿਆਂ ਨੂੰ ਸੱਤ ਕੱਪੜੀਂ ਅੱਗ ਲੱਗ ਗਈ ਤੇ ਉਹਨਾਂ ਨੇ ਮੁੰਡੇ ਵਾਲਿਆਂ ਦੇ ਘਰ ‘ਤੇ ਕਮਾਂਡੋ ਅਟੈਕ ਕਰ ਦਿੱਤਾ। ਦੋਵਾਂ ਧਿਰਾਂ ਵਿੱਚ ਜੰਮ ਕੇ ਇੱਟਾਂ ਵੱਟੇ ਤੇ ਸੋਡੇ ਦੀਆਂ ਬੋਤਲਾਂ ਚੱਲੀਆਂ। ਆਖਰ ਮੁਹੱਲੇ ਦੇ ਮੋਹਤਬਰਾਂ ਨੇ ਵਿੱਚ ਪੈ ਕੇ ਲੜਾਈ ਮੁਕਾਈ ਤੇ ਰਾਜ਼ੀਨਾਮਾਕਰਵਾ ਦਿੱਤਾ ਕਿ ਕੁੜੀ ਤੇ ਮੁੰਡਾ ਇੱਕ ਹੀ ਜ਼ਾਤ ਬਰਾਦਰੀ ਦੇ ਹਨ, ਇਸ ਲਈ ਦੋਵਾਂ ਦਾ ਵਿਆਹ ਕਰ ਦਿੱਤਾ ਜਾਵੇ।


ਜਦੋਂ ਠੰਡ ਠੰਡੋਰਾ ਹੋ ਗਿਆ ਤਾਂ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਨੂੰ ਪੁੱਛਿਆ ਕਿ ਭਾਈ ਹੁਣ ਤਾਂ ਆਪਾਂ ਰਿਸ਼ਤੇਦਾਰ ਬਣ ਗਏ ਹਾਂ, ਇਹ ਤਾਂ ਦਸ ਦਿਉ ਕਿ ਇਹ ਚਵਾਤੀ ਲਗਾਈ ਕਿਸ ਚੁਗਲਖੋਰ ਨੇ ਸੀ?ਜਦੋਂ ਕੁੜੀ ਵਾਲਿਆਂ ਨੇ ਦੱਸਿਆ ਕਿ ਇਹ ਸ਼ੁਭ ਕਰਮ ਸ਼ਾਮੇ ਨੇ ਕੀਤਾ ਹੈ ਤਾਂ ਮੁੰਡੇ ਵਾਲਿਆਂ ਨੇ ਮਿੰਟਾਂ ਸਕਿੰਟਾਂ ਵਿੱਚ ਸ਼ਾਮੇ ਨੂੰ ਬਕਰੇ ਵਾਂਗ ਜਾ ਢਾਹਿਆ। ਜੇ ਕਿਤੇ ਗਲੀ ਮੁਹੱਲੇ ਵਾਲੇ ਵਿੱਚ ਨਾ ਪੈਂਦੇ ਤਾਂ ਸ਼ਾਇਦ ਉਹ ਇਸ ਦਾ ਕਤਲ ਹੀ ਕਰ ਦਿੰਦੇ। ਇਸ ਨੂੰ ਅੱਜ ਦਸਾਂ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ ਹੈ। ਇਲਾਕੇ ਦੇ ਐਮ.ਸੀ. ਤੇ ਮੁਹਤਬਰਾਂ ਦੇ ਦਬਾਅ ਕਾਰਨ ਪੁਲਿਸ ਨੇ ਇਸ ਦੀ ਦਰਖਾਸਤ ‘ਤੇ ਕੋਈ ਕਾਰਵਾਈ ਵੀ ਨਹੀਂ ਕੀਤੀ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062