
ਸ਼ਹਿਰ ਦੇ ਪ੍ਰਸਿੱਧ ਹਸਪਤਾਲ ਦੇ ਪ੍ਰਸਿੱਧ ਡਾਕਟਰ ਨੂੰ ਮਿਲਣ ਲਈ ਵਾਰੀ ਦੀ ਉਲੀਕ ਕਰ ਰਿਹਾ ਸਾਂ। ਕੁਰਸੀਆਂ ਸਾਰੀਆਂ ਭਰੀਆਂ ਸਨ ਅਤੇ ਬਹੁਤ ਸਾਰੇ ਲੋਕ ਇਧਰ ਓਧਰ ਖੜੇ ਆਪੋ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਖੱਬੇ ਸੱਜੇ, ਅੱਗੇ ਪਿੱਛੇ ਬਹੁਤੇ ਸਮਾਰਟ ਫੋਨ ʼਤੇ ਰੁੱਝੇ ਹੋਏ ਸਨ। ਗਰਦਨ ਝੁਕਾ ਕੇ ਨਜ਼ਰਾਂ ਸਕਰੀਨ ʼਤੇ ਗੱਡੀਆਂ ਸਨ। ਮੇਰੇ ਐਨ ਸੱਜੇ ਪਾਸੇ ਨਾਲ ਦੀ ਕੁਸੀ ʼਤੇ ਖਿੱਲਰ ਕੇ ਵਿੰਗਾ ਟੇਢਾ ਬੈਠਾ ਮੁੰਡਾ ਫੋਨ ʼਤੇ ਉੱਚੀ ਆਵਾਜ਼ ਵਿਚ ਵਾਰ ਵਾਰ ਵੀਡੀਓ ਵੇਖ ਰਿਹਾ ਸੀ। ਸਾਡੇ ਐਨ ਸਾਹਮਣੇ ਇਕ ਬੋਰਡ ਟੰਗਿਆ ਸੀ ਜਿਸ ʼਤੇ ਹੋਰ ਜਾਣਕਾਰੀ ਦੇ ਨਾਲ ਮੋਟੇ ਅੱਖਰਾਂ ਵਿਚ ਲਿਖਿਆ ਸੀ, ˈਕਿਰਪਾ ਕਰਕੇ ਸ਼ਾਂਤ ਰਹੋ।ˈ ਅਜੇ ਉਸਦੀ ਵੀਡੀਓ ਮੁੱਕੀ ਨਹੀਂ ਸੀ ਕਿ ਮੇਰੇ ਪਿਛਲੇ ਪਾਸੇ ਬੈਠੀ ਔਰਤ ਦੇ ਫੋਨ ʼਤੇ ਗਾਣੇ ਦੀ ਵੀਡੀਓ ਸ਼ੁਰੂ ਹੋ ਗਈ। ਮੈਂ ਥੋੜ੍ਹੀ ਗਰਦਨ ਘੁਮਾ ਕੇ ਉਹਦੇ ਵੱਲ ਵੇਖਿਆ ਪਰ ਉਸਤੇ ਕੋਈ ਅਸਰ ਨਾ ਹੋਇਆ।
ਏਨੇ ਨੂੰ ਇਕ ਐਨ ਆਰ ਆਈ ਆਪਣੀ ਵਾਰੀ ਦੀ ਉਡੀਕ ਕਰਦਾ ਆਪਾ ਖੋਹ ਬੈਠਾ ਅਤੇ ਨਰਸ ਨਾਲ ਉੱਚੀ ਆਵਾਜ਼ ਵਿਚ ਬੋਲਣ ਲੱਗਾ। ਸਾਰਿਆਂ ਦਾ ਧਿਆਨ ਓਧਰ ਖਿੱਚਿਆ ਗਿਆ ਪਰੰਤੂ ਜਿਹੜੇ ਵੀਡੀਓ ਵੇਖਣ ਵਿਚ ਮਸਤ ਸਨ ਉਨ੍ਹਾਂ ਦੀ ਬਿਰਤੀ ਵੀਡੀਓ ਵਿਚ ਲੱਗੀ ਰਹੀ।
ਸਿਆਣੇ ਕਹਿੰਦੇ ਹਨ ਤੁਹਾਡੀ ਆਜ਼ਾਦੀ ਉਥੇ ਮੁੱਕੇ ਜਾਂਦੀ ਹੈ ਜਿੱਥੇ ਤੁਹਾਡੇ ਨੱਕ ਦੀ ਨੋਕ ਮੁੱਕਦੀ ਹੈ। ਲੋਕਾਂ ਨੂੰ ਦੂਸਰਿਆਂ ਦੀ ਨਿੱਜਤਾ, ਪਸੰਦ, ਨਾਪਸੰਦ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।
ਜਦ ਮੈਂ ਇਸ ਰੁਝਾਨ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਵਧੇਰੇ ਲੋਕ ਟਾਈਮ ਪਾਸ ਕਰਨ ਲਈ, ਕੁਝ ਸਿੱਖਣ ਲਈ, ਮਨੋਰੰਜਨ ਲਈ, ਹੱਸਣ ਲਈ, ਸੰਗੀਤ ਸੁਣਨ ਲਈ, ਕੋਈ ਸ਼ੋਅ, ਕੋਈ ਟੀ.ਵੀ. ਪ੍ਰੋਗਰਾਮ ਵੇਖਣ ਲਈ ਵੀਡੀਓ ਵੇਖਦੇ ਹਨ। ਉਥੇ ਹਰੇਕ ਦੀ ਪਸੰਦ ਅਨੁਸਾਰ ਵੀਡੀਓ ਉਪਲਬਧ ਹਨ।
2022 ਦੇ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿਚ ਯੂ ਟਿਊਬ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 260 ਕਰੋੜ ਸੀ। ਸਾਨੂੰ ਸਮਾਰਟ ਫੋਨ ਵਰਤਣ ਦਾ ਸਲੀਕਾ ਵੀ ਸਿੱਖਣ ਦੀ ਲੋੜ ਹੈ। ਕਿਸੇ ਸਿਆਣੇ ਨੇ ਠੀਕ ਹੀ ਕਿਹਾ ਹੈ ਜਦੋਂ ਇੰਟਰਨੈਟ ਦੀ ਵਰਤੋਂ ਕਰਦੇ ਹੋ ਉਦੋਂ ਦਿਮਾਗ ਦੀ ਵਰਤੋਂ ਵੀ ਕਰੋ।
ਮੈਨੂੰ ਯਾਦ ਹੈ ਆਸਟਰੇਲੀਆ ਵਿਚ ਕਿਸੇ ਨੇ ਸ਼ਾਮ ਨੂੰ ਆਪਣੇ ਘਰ ਛੋਟੀ ਜਿਹੀ ਪਾਰਟੀ ਕਰਨੀ ਸੀ। ਜਿਸ ਵਿਚ ਸੰਗੀਤ ਚਲਾਇਆ ਜਾਣਾ ਸੀ। ਉਸਨੇ ਦੁਪਿਹਰ ਵੇਲੇ ਗੁਆਂਢੀ ਦੀ ਬੈੱਲ ਮਾਰ ਕੇ ਉਸਤੋਂ ਅਗਾਊਂ ਮੁਆਫ਼ੀ ਮੰਗਦਿਆਂ ਕਿਹਾ ਕਿ ਹੋ ਸਕਦਾ ਤੁਹਾਨੂੰ ਪਾਰਟੀ ਕਾਰਨ ਕੁਝ ਸਮੇਂ ਲਈ ਪ੍ਰੇਸ਼ਾਨੀ ਪੇਸ਼ ਆਵੇ।
ਇਥੇ ਸਾਡੇ ਇਕ ਵਾਰ ਇਕ ਪ੍ਰੋਫੈਸਰ ਨੇ ਆਪਣੇ ਘਰ ਦੇ ਐਨ ਕੋਲ ਪੈਂਦੇ ਧਾਰਮਿਕ ਸਥਾਨ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਸਦੇ ਘਰ ਦੀ ਨੁੱਕਰ ਕੋਲ ਲਗਾਏ ਲਾਊਡ-ਸਪੀਕਰ ਦਾ ਮੂੰਹ ਥੋੜ੍ਹਾ ਦੂਸਰੇ ਪਾਸੇ ਘੁਮਾ ਦਿਓ ਕਿਉਂ ਕਿ ਆਵਾਜ਼ ਬਹੁਤ ਉੱਚੀ ਹੋਣ ਕਾਰਨ ਘਰ ਵਿਚ ਆਪਸ ਵਿਚ ਕੀਤੀ ਗੱਲ ਵੀ ਸੁਣਾਈ ਨਹੀਂ ਦਿੰਦੀ। ਧਾਰਮਿਕ ਸਥਾਨ ਦੇ ਪ੍ਰਬੰਧਕਾਂ ਨੇ ਉਦੋਂ ਤਾਂ ਕੁਝ ਨਾ ਕਿਹਾ ਪਰ ਅਗਲੇ ਦਿਨ ਉੱਥ ਇਕ ਹੋਰ ਲਾਊਡ-ਸਪੀਕਰ ਲਿਆ ਕੇ ਬੰਨ੍ਹ ਦਿੱਤਾ। ਹੁਣ ਇਕ ਦੀ ਥਾਂ ਦੋ ਉੱਚੀ ਆਵਾਜ਼ ਵਿਚ ਚੱਲਣ ਲੱਗੇ।
ਡਿਜ਼ੀਟਲ ਆਨੰਦ ਸਿਰਲੇਖ ਤਹਿਤ ਬੀਤੇ ਦਿਨੀਂ ਇਕ ਸੰਪਾਦਕ ਨੇ ਵਿਸਥਾਰ ਵਿਚ ਸੰਪਾਦਕੀ ਨੋਟ ਲਿਖਿਆ ਜਿਸ ਵਿਚ ਇੰਟਰਨੈਟ ਦੀ ਵੱਧਦੀ ਵਰਤੋਂ ਅਤੇ ਨੌਜਵਾਨ ਵਰਗ ਦੇ ਇਸਦੀ ਲਪੇਟ ਵਿਚ ਚਲੇ ਜਾਣ ʼਤੇ ਗਹਿਰੀ ਚਿੰਤਾ ਵਿਅਕਤ ਕੀਤੀ ਗਈ। ਇਸ ਵਰਗ ਦਾ ਵੱਡਾ ਹਿੱਸਾ ਲਗਾਤਾਰ ਡਿਜ਼ੀਟਲ ਮਨੋਰੰਜਨ ਨਾਲ ਜੁੜਿਆ ਰਹਿੰਦਾ ਹੈ। ਸਮਾਂ ਸਥਾਨ ਕੋਈ ਹੋਵੇ ਇਸ ਨਾਲ ਉਸਨੂੰ ਕੋਈ ਫ਼ਰਕ ਨਹੀਂ ਪੈਂਦਾ। ਭਾਵੇਂ ਹਸਪਤਾਲ ਦੀ ਰਿਸੈਪਸ਼ਨ ਜਾਂ ਆਪਣੀ ਵਾਰੀ ਦੀ ਉਡੀਕ ਕਰਨ ਵਾਲਾ ਹਿੱਸਾ ਹੀ ਕਿਉਂ ਨਾ ਹੋਵੇ। ਕੁਰਸੀਆਂ ਨਾਲ ਨਾਲ ਹਨ ਇਸਦੀ ਵੀ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ। ਉਥੇ 40-50 ਲੋਕ ਬੈਠੇ ਹਨ। ਫੇਰ ਕੀ ਹੋਇਆ। ਉਨ੍ਹਾਂ ਨੇ ਤਾਂ ਯੂ ਟਿਊਬ ʼਤੇ ਆਪਣਾ ਮਨ-ਪਸੰਦ ਗਾਣਾ ਸੁਣਨਾ ਹੈ।
ਪੜ੍ਹਨ, ਸੁਣਨ, ਵੇਖਣ ਵਿਚ ਆ ਰਿਹਾ ਹੈ ਕਿ ਪੰਜਾਬ ਵਿਚੋਂ ਥੋੜ੍ਹਾ ਬਹੁਤ ਪੜ੍ਹ ਕੇ ਗਏ ਨੌਜਵਾਨਾਂ ਵਿਚੋਂ, ਕੁਝ ਵਿਦੇਸ਼ਾਂ ਵਿਚ ਜਾ ਕੇ ਵੀ ਉਥੋਂ ਦੇ ਨਿਯਮ, ਕਾਨੂੰਨ, ਮਰਯਾਦਾ ਅਤੇ ਸਲੀਕੇ ਨੂੰ ਨਹੀਂ ਮੰਨਦੇ। ਨਤੀਜੇ ਵਜੋਂ ਸਥਾਨਕ ਲੋਕਾਂ ਦੀ ਨਜ਼ਰ ਵਿਚ ਉਹ ਸਮੁੱਚੇ ਭਾਈਚਾਰੇ, ਸਮੁੱਚੇ ਪੰਜਾਬ ਨੂੰ ਸ਼ਰਮਸਾਰ ਕਰ ਦਿੰਦੇ ਹਨ। ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ, ਜਿੱਥੇ ਪੰਜਾਬੀਆਂ ਦੀ ਵਸੋਂ ਵਧੇਰੇ ਹੈ ਅਜਿਹੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ।
ਸਮਾਰਟ ਫੋਨ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ ਪਰੰਤੂ ਇਸਦੀ ਵਰਤੋਂ ਦਾ ਸਲੀਕਾ ਸਿੱਖਣ, ਅਪਨਾਉਣ ਵਿਚ ਅਸੀਂ ਫਾਡੀ ਰਹਿ ਗਏ ਹਾਂ। ਇਸਦੀ ਵਰਤੋਂ ਕਾਹਦੇ ਲਈ ਕਰਨੀ ਹੈ, ਕਿੰਨਾ ਸਮਾਂ ਕਰਨੀ ਹੈ, ਕੀ ਵੇਖਣਾ ਹੈ, ਕੀ ਨਹੀਂ ਵੇਖਣਾ ਹੈ। ਇਸਦੀ ਮੋਟੀ ਜਿਹੀ ਸਮਝ ਅਪਣਾ ਕੇ ਚੱਲਣਾ ਪਵੇਗਾ। ਜਨਤਕ ਥਾਵਾਂ ʼਤੇ ਆਵਾਜ਼ ਮੱਧਮ ਰੱਖਣੀ ਪਵੇਗੀ। ਧੀਮੀ ਆਵਾਜ਼ ਵਿਚ ਗੱਲ ਕਰਨੀ ਹੋਵੇਗੀ। ਸਮਾਰਟ ਫੋਨ ਨਾਲ ਫੋਟੋ ਖਿੱਚਦੇ ਸਮੇਂ ਇਰਦ ਗਿਰਦ ਖੜ੍ਹੇ, ਬੈਠੇ ਲੋਕਾਂ ਦੀ ਨਿੱਜਤਾ ਦਾ ਸਤਿਕਾਰ ਕਰਨਾ ਹੋਵੇਗਾ, ਖਿਆਲ ਰੱਖਣਾ ਹੋਵੇਗਾ। ਅਜਿਹੀ ਮੁਢਲੀ ਤੇ ਬੁਨਿਆਦੀ ਮਰਯਾਦਾ ਦੇ ਅੰਗ ਸੰਗ ਤਾਂ ਵਿਚਰ ਹੀ ਸਕਦੇ ਹਾਂ। ਫੇਰ ਸਮਾਰਟ ਫੋਨ ਬੋਝ ਨਹੀਂ ਬਣੇਗਾ।
ਪ੍ਰੋ. ਕੁਲਬੀਰ ਸਿੰਘ