ਗ੍ਰੀਸ ਵਿਚ ਡੁੱਬੀ ਕਿਸ਼ਤੀ, 500 ਦੀ ਮੌਤ ਦਾ ਖਦਸ਼ਾ : ਲੀਬੀਆ ਤੋਂ ਇਟਲੀ ਜਾ ਰਹੀ ਇੱਕ ਕਿਸ਼ਤੀ ਵਿਚ ਲਗਭਗ 750 ਪ੍ਰਵਾਸੀ ਸਨ ਸਵਾਰ !

ਗ੍ਰੀਸ ਦੇ ਤੱਟ ‘ਤੇ ਸਮੁੰਦਰ ‘ਚ ਇਕ ਕਿਸ਼ਤੀ ਪਲਟਣ ਕਾਰਨ 500 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਗ੍ਰੀਕ ਅਧਿਕਾਰੀਆਂ ਮੁਤਾਬਕ ਇਹ ਹਾਦਸਾ 14 ਜੂਨ ਨੂੰ ਵਾਪਰਿਆ ਸੀ। ਹੁਣ ਤੱਕ 79 ਲਾਸ਼ਾਂ ਬਰਾਮਦ ਕੀਤੀਆਂ ਜਾ ਚੁਕੀਆਂ ਹਨ।

ਜਾਣਕਾਰੀ ਮੁਤਾਬਕ ਕਿਸ਼ਤੀ ਲੀਬੀਆ ਤੋਂ ਇਟਲੀ ਜਾ ਰਹੀ ਸੀ। ਯੂਐਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਜਾਣਕਾਰੀ ਦਿਤੀ ਹੈ ਕਿ ਕਿਸ਼ਤੀ ਵਿਚ 700 ਤੋਂ 750 ਲੋਕ ਸਵਾਰ ਸਨ। ਇਨ੍ਹਾਂ ਵਿਚੋਂ ਸਿਰਫ਼ 104 ਲੋਕਾਂ ਨੂੰ ਬਚਾਇਆ ਜਾ ਸਕਿਆ ਹੈ।

ਦਸਿਆ ਜਾ ਰਿਹਾ ਹੈ ਕਿ ਕਿਸ਼ਤੀ ਜ਼ਿਆਦਾ ਭੀੜ ਹੋਣ ਕਾਰਨ ਸਮੁੰਦਰ ‘ਚ ਡੁੱਬ ਗਈ। ਸੰਯੁਕਤ ਰਾਸ਼ਟਰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਕਿਹਾ ਕਿ ਜਹਾਜ਼ ‘ਚ ਸਵਾਰ ਜ਼ਿਆਦਾਤਰ ਲੋਕ ਸੀਰੀਆ, ਪਾਕਿਸਤਾਨ ਅਤੇ ਮਿਸਰ ਦੇ ਸਨ। ਇਸ ਦੇ ਨਾਲ ਹੀ ਗ੍ਰੀਕ ਕੋਸਟਗਾਰਡ ਨੇ ਜਾਣਕਾਰੀ ਦਿਤੀ ਹੈ ਕਿ ਹਾਦਸੇ ‘ਚ ਬਚੇ 9 ਲੋਕਾਂ ਨੂੰ ਮਨੁੱਖੀ ਤਸਕਰੀ ਦੇ ਸ਼ੱਕ ‘ਚ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ‘ਤੇ ਅਪਰਾਧਿਕ ਸੰਗਠਨ ਬਣਾਉਣ ਦਾ ਵੀ ਦੋਸ਼ ਸੀ। ਯੂਨਾਨ ਦੀ ਸਰਕਾਰ ਨੇ ਹਾਦਸੇ ਤੋਂ ਬਾਅਦ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।