
ਆਸਟ੍ਰੇਲੀਆ ਦੇ ਗਵਰਨਰ ਜਨਰਲ ਡੇਵਿਡ ਹਰਲੀਨ ਵਲੋਂ ਕਿੰਗ ਦੇ ਜਨਮ ਦਿਨ ’ਤੇ ਸਨਮਾਨਤ ਕੀਤੇ ਜਾਣ ਵਾਲੇ 1191 ਆਸਟ੍ਰੇਲੀਆਈ ਨਾਗਰਿਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿਚ ਪੰਜਾਬੀ ਮੂਲ ਦੇ ਡਾ. ਸੁਨੀਤਾ ਸਿੱਧੂ ਨੂੰ ਵੀ ‘ਆਰਡਰ ਆਫ ਆਸਟ੍ਰੇਲੀਆ’ ਐਵਾਰਡ ਲਈ ਚੁਣਿਆ ਗਿਆ ਹੈ। ਇਸ ਖ਼ਬਰ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।
ਇਸ ਸੂਚੀ ਵਿਚ ਕੁੱਲ 12 ਭਾਰਤੀ ਮੂਲ ਦੇ ਆਸਟ੍ਰੇਲੀਆਈ ਨਾਗਰਿਕਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਲਈ ਸਨਮਾਨਤ ਕਰਨ ਲਈ ਚੁਣਿਆ ਗਿਆ ਹੈ। ਡਾ. ਸੁਨੀਤਾ ਸਿੱਧੂ ਢੀਂਡਸਾ ਨੂੰ ਸਮਾਜ ਸੇਵਾ ਲਈ ‘ਐਵਾਰਡ ਆਰਡਰ ਆਫ ਆਸਟ੍ਰੇਲੀਆ’ (ਓ. ਏ. ਐਮ.) ਨਾਲ ਸਨਮਾਨਤ ਕੀਤਾ ਜਾਵੇਗਾ, ਇਹ ਪੁਰਸਕਾਰ ਭਾਰਤ ਦੇ ਪਦਮਸ਼੍ਰੀ ਦੇ ਬਰਾਬਰ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੀਐਚ. ਡੀ. ਦੀ ਡਿਗਰੀ ਹਾਸਲ ਕਰਨ ਵਾਲੇ ਡਾ. ਸੁਨੀਤਾ ਢੀਂਡਸਾ ਕਰੀਬ 30 ਸਾਲ ਤੋਂ ਅਪਣੇ ਪ੍ਰਵਾਰ ਨਾਲ ਆਸਟ੍ਰੇਲੀਆ ਵਿਚ ਰਹਿ ਰਹੇ ਹਨ ਅਤੇ ਉਹ ਆਸਟ੍ਰੇਲੀਆ ਸਰਕਾਰ ਦੇ ਸਿਹਤ ਮੰਤਰਾਲੇ ’ਚੋਂ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤੀ ਮੂਲ ਦੀਆਂ ਸਰਵਉਚ ਸੰਸਥਾਵਾਂ ’ਚ ਵੱਖ-ਵੱਖ ਅਹੁਦਿਆਂ ’ਤੇ ਵੀ ਕੰਮ ਕੀਤਾ ਹੈ।
ਡਾ. ਢੀਂਡਸਾ ਦਾ ਕਹਿਣਾ ਹੈ ਕਿ ਜੋ ਲੋਕ ਸਮਾਜਸੇਵੀ ਹੁੰਦੇ ਹਨ, ਉਹ ਅਪਣੇ ਸਮਾਜ ਤੋਂ ਮਿਲੀਆਂ ਕਦਰਾਂ-ਕੀਮਤਾਂ ਦਾ ਸਤਿਕਾਰ ਕਰਦੇ ਹਨ ਤੇ ਸਮਾਜ ਦੇ ਰਿਣੀ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਵੱਧ ਤੋਂ ਵੱਧ ਸਮਾਜ ਸੇਵਾ ਨਾਲ ਜੁੜਨ ਅਤੇ ਨਸ਼ਿਆਂ ਤੇ ਹਥਿਆਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।