ਕੋਲੰਬੀਆ ਜਹਾਜ਼ ਹਾਦਸਾ: 40 ਦਿਨ ਬਾਅਦ ਜ਼ਿੰਦਾ ਮਿਲੇ ਲਾਪਤਾ ਬੱਚੇ !

ਕੋਲੰਬੀਆ ‘ਚ 40 ਦਿਨ ਪਹਿਲਾਂ ਇਕ ਜਹਾਜ਼ ਹਾਦਸੇ ਵਿਚ ਲਾਪਤਾ ਹੋਏ 4 ਬੱਚੇ ਐਮਾਜ਼ਾਨ ਦੇ ਜੰਗਲਾਂ ਵਿਚ ਸੁਰੱਖਿਅਤ ਮਿਲੇ ਹਨ। ਰਾਸ਼ਟਰਪੀ ਗਸਤਾਨੋ ਪੈਟਰੋ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਊਬਾ ਤੋਂ ਬੋਗੋਟਾ ਪਰਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੈਟਰੋ ਨੇ ਕਿਹਾ ਕਿ ਲਾਪਤਾ ਬੱਚਿਆਂ ਦੀ ਖੋਜ ਲਈ ਵੱਡੇ ਪੈਮਾਨੇ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਬਚਾਅ ਕਰਮੀਆਂ ਨੇ 40 ਦਿਨ ਦੀ ਸਖ਼ਤ ਮਿਹਨਤ ਦੇ ਬਾਅਦ ਬੱਚਿਆਂ ਨੂੰ ਲੱਭਣ ਵਿਚ ਕਾਮਯਾਬੀ ਹਾਸਲ ਕੀਤੀ ਅਤੇ ਹੁਣ ਇਹ ਬੱਚੇ ਡਾਕਟਰੀ ਨਿਗਰਾਨੀ ਵਿਚ ਹਨ। ਪੈਟਰੋ ਵਿਦਰੋਹੀ ਗੁੱਟ ਨੈਸ਼ਨਲ ਲਿਬਰੇਸ਼ਨ ਆਰਮੀ ਦੀ ਨੁਮਾਇੰਦਿਆਂ ਨਾਲ ਜੰਗਬੰਦੀ ਸਮਝੌਤੇ ‘ਤੇ ਦਸਤਖ਼ਤ ਕਰਨ ਲਈ ਕਿਊਬਾ ਗਏ ਸਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਅਜਿਹੇ ਗੰਭੀਰ ਹਾਲਾਤਾਂ ‘ਚ ਵੀ 40 ਦਿਨਾਂ ਤੱਕ ਜਿਊਂਦਾ ਰਹਿਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਅਤੇ ਇਨ੍ਹਾਂ ਦੀ ਕਹਾਣੀ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋਵੇਗੀ। ਇਹ 4 ਬੱਚੇ ਸੇਸਨਾ ਦੇ ਉਸ ਸਿੰਗਲ ਇੰਜਣ ਵਾਲੇ ਜਹਾਜ਼ ਵਿਚ ਸਵਾਰ 6 ਯਾਤਰੀਆਂ ਵਿਚ ਸਨ, ਜੋ ਇਕ ਮਈ ਨੂੰ ਇੰਜਣ ਵਿਚ ਖ਼ਰਾਬੀ ਕਰਨਾ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਦੇ ਬਾਅਦ ਜਹਾਜ਼ ਦਾ ਰਾਡਾਰ ਨਾਲੋਂ ਸੰਪਰਕ ਟੁੱਟ ਗਿਆ ਸੀ ਅਤੇ ਸਰਕਾਰ ਨੇ ਯਾਤਰੀਆਂ ਨੂੰ ਬਚਾਉਣ ਲਈ ਵੱਡੇ ਪੈਮਾਨੇ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਤਲਾਸ਼ੀ ਮੁਹਿੰਮ ਦੌਰਾਨ ਬਚਾਅ ਕਰਮੀਆਂ ਨੂੰ 16 ਮਈ ਨੂੰ ਐਮਾਜ਼ਾਨ ਦੇ ਸੰਘਣੇ ਜੰਗਲਾਂ ਵਿਚ ਜਹਾਜ਼ ਦਾ ਮਲਬਾ ਮਿਲਿਆ ਸੀ। ਮਲਬੇ ਵਿਚੋਂ ਜਹਾਜ਼ ਵਿਚ ਸਵਾਰ ਪਾਇਲਟ ਅਤੇ 2 ਹੋਰ ਬਾਲਗਾਂ ਦੀਆਂ ਲਾਸ਼ਾਂ ਵੀ ਬਰਾਮਦ ਹੋਈਆਂ ਸਨ ਪਰ ਇਸ ਵਿਚ ਸਵਾਰ 4 ਬੱਚਿਆਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਸੀ।