ਗੂਗਲ ਤੇ ਫੇਸਬੁੱਕ ਨੂੰ ਖ਼ਬਰਾਂ ਚਲਾਉਣ ਲਈ ਪਬਲਿਸ਼ਰਾਂ ਨੂੰ ਕਰਨੀ ਹੋਵੇਗੀ ਅਦਾਇਗੀ !

ਕੇਂਦਰ ਸਰਕਾਰ ਨੇ ਡਿਜੀਟਲ ਇੰਡੀਆ ਬਿੱਲ ਦਾ ਨਵਾਂ ਖਰੜਾ ਤਿਆਰ ਕਰ ਲਿਆ ਹੈ। ਬਿੱਲ ‘ਚ ਇੰਟਰਨੈੱਟ ਨੂੰ ਰੈਗੂਲੇਟ ਕਰਨ, ਆਨਲਾਈਨ ਵਰਤੋਂਕਾਰਾਂ ਨੂੰ ਕਿਸੇ ਨੁਕਸਾਨ ਤੋਂ ਬਚਾਉਣ ਸਣੇ ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਗੂਗਲ ਤੇ ਫੇਸਬੁੱਕ ਜਿਹੇ ਵੱਡੇ ਮੀਡੀਆ ਪਲੈਟਫਾਰਮ ਖ਼ਬਰਾਂ ਦੀਆਂ ਉਨ੍ਹਾਂ ਪ੍ਰਕਾਸ਼ਨਾਵਾਂ ਨੂੰ ਅਦਾਇਗੀ ਕਰਨ ਜਿਨ੍ਹਾਂ ਦੇ ਕੰਟੈਂਟ (ਵਿਸ਼ਾ-ਵਸਤੂ) ਨੂੰ ਉਹ ਆਪਣੇ ਮੰਚਾਂ ’ਤੇ ਦਿਖਾ ਰਹੇ ਹਨ। ਬਿੱਲ ’ਤੇ ਇਸੇ ਮਹੀਨੇ ਲੋਕਾਂ ਦੀ ਰਾਏ ਲਈ ਜਾਵੇਗੀ। ਬਿੱਲ ਦਾ ਮੁੱਖ ਮੰਤਵ ਅਜਿਹਾ ਚੌਖਟਾ ਵਿਕਸਤ ਕਰਨਾ ਹੈ ਜਿਸ ਤਹਿਤ ਸੋਸ਼ਲ ਮੀਡੀਆ ਪਲੈਟਫਾਰਮ, ਜੋ ਆਪਣੇ ਕੰਟੈਂਟ ਵਿੱਚ ਖ਼ਬਰਾਂ ਵੀ ਪ੍ਰਕਾਸ਼ਿਤ ਕਰਦੇ ਹਨ, ਨੂੰ ਉਸ ਖ਼ਬਰ ਦੇ ਅਸਲ ਪ੍ਰਕਾਸ਼ਕ ਨਾਲ ਆਪਣੀ ਕਮਾਈ ਸਾਂਝੀ ਕਰਨੀ ਹੋਵੇਗੀ।

ਇਲੈਕਟ੍ਰਾਨਿਕ ਤੇ ਤਕਨਾਲੋਜੀ ਬਾਰੇ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਮਸਲੇ ਨਾਲ ਡਿਜੀਟਲ ਇੰਡੀਆ ਬਿੱਲ ਸਲਾਹ-ਮਸ਼ਵਰੇ ਦੀ ਕੜੀ ਵਜੋਂ ਨਜਿੱਠਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੈਟਫਾਰਮ, ਜੋ ਆਪਣੇ ਮੰਚਾਂ ’ਤੇ ਚੱਲਦੇ ਵਿਸ਼ਾ-ਵਸਤੂ ਵਿੱਚ ਖ਼ਬਰਾਂ ਵੀ ਚਲਾਉਂਦੇ ਹਨ, ਨੂੰ ਖ਼ਬਰਾਂ ਦੇ ਪ੍ਰਕਾਸ਼ਕ ਨਾਲ ਆਪਣੀ ਕਮਾਈ ਦਾ ਹਿੱਸਾ ਸਾਂਝਾ ਕਰਨਾ ਹੋਵੇਗਾ।