ਆਸਟ੍ਰੇਲੀਆ ‘ਚ 2 ਵਿਅਕਤੀ ਗ੍ਰਿਫ਼ਤਾਰ, 12 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ

ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ (NSW) ਦੀ ਪੁਲਸ ਨੇ 2 ਵਿਅਕਤੀਆਂ ਨੂੰ ਲਗਭਗ 30 ਕਿਲੋ ਮਿਥਾਇਲ ਐਮਫੇਟਾਮਾਈਨ ਪਾਊਡਰ, 600 ਗ੍ਰਾਮ ਕ੍ਰਿਸਟਲ ਮਿਥਾਇਲ ਐਮਫੇਟਾਮਾਈਨ ਅਤੇ 1,500 ਮਿ.ਲੀ. ਤਰਲ ਮਿਥਾਇਲ ਐਮਫੇਟਾਮਾਈਨ ਦੀ ਜ਼ਬਤੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ‘ਤੇ ਦੋਸ਼ ਲਾਏ ਗਏ ਹਨ।

ਸੂਬਾ ਪੁਲਸ ਅਨੁਸਾਰ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਕੀਮਤ 12 ਮਿਲੀਅਨ ਆਸਟ੍ਰੇਲੀਅਨ ਡਾਲਰ ਹੈ। ਪੁਲਸ ਨੇ ਮੰਗਲਵਾਰ ਨੂੰ ਸਿਡਨੀ ਦੇ ਦੱਖਣ ਵਿੱਚ ਕਿਰਾਵੀ ਵਿੱਚ ਇੱਕ ਜਾਇਦਾਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਲਾਸ਼ੀ ਮੁਹਿੰਮ ਵਿੱਚ ਇਹ ਨਸ਼ੀਲੇ ਪਦਾਰਥ ਜ਼ਬਤ ਕੀਤੇ। 24 ਅਤੇ 29 ਸਾਲ ਦੀ ਉਮਰ ਦੇ 2 ਵਿਅਕਤੀਆਂ ਨੂੰ ਮੌਕੇ ਤੋਂ ਪੈਦਲ ਭੱਜਣ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ, ਅਧਿਕਾਰੀਆਂ ਨੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਵਾਲੀ ਇੱਕ ਗੁਪਤ ਲੈਬ ਲੱਭੀ। ਮਾਹਿਰ ਅਧਿਕਾਰੀਆਂ ਵੱਲੋਂ ਲੈਬ ਨੂੰ ਢਾਹ ਦਿੱਤਾ ਗਿਆ ਹੈ। ਦੋਵਾਂ ਵਿਅਕਤੀਆਂ ‘ਤੇ ਵੱਡੀ ਵਪਾਰਕ ਮਾਤਰਾ ਵਿਚ ਪਾਬੰਦੀਸ਼ੁਦਾ ਦਵਾਈਆਂ ਦੇ ਨਿਰਮਾਣ ਅਤੇ ਸਪਲਾਈ ਕਰਨ ਦੇ ਦੋਸ਼ ਲਗਾਏ ਗਏ ਹਨ।