
ਕੈਨੇਡਾ ‘ਚ ਸਟੱਡੀ ਵੀਜ਼ਾ ‘ਤੇ ਗਏ ਵਿਦਿਆਰਥੀਆਂ ਦੇ ਜਾਅਲੀ ਦਸਤਾਵੇਜ਼ (fake documents of students) ਫੜ ਕੇ ਉਨ੍ਹਾਂ ਨੂੰ ਉੱਥੋਂ ਡਿਪੋਰਟ ਕੀਤਾ ਜਾ ਰਿਹਾ ਹੈ। ਏਜੰਟਾਂ ਵੱਲੋਂ ਠੱਗੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਏਅਰਪੋਰਟ ਰੋਡ ਮਿਸੀਸੌਗਾ ਵਿੱਚ ਪੱਕਾ ਮੋਰਚਾ ਲਾ ਦਿੱਤਾ ਹੈ।
ਕੰਜ਼ਰਵੇਟਿਵ ਅਤੇ ਐਨ.ਡੀ.ਪੀ. ਵਿਰੋਧੀ ਧਿਰ ਦੇ ਦੋਵੇਂ ਮੈਂਬਰ ਸਰਕਾਰ ਨੂੰ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦੇਸ਼ ਨਿਕਾਲੇ ਦੇ ਆਦੇਸ਼ਾਂ ‘ਤੇ ਰੋਕ ਲਗਾਉਣ ਦੀ ਮੰਗ ਕਰ ਰਹੇ ਹਨ, ਜੋ ਭਾਰਤ ਵਿਚ ਇਕ ਇਮੀਗ੍ਰੇਸ਼ਨ ਸਲਾਹਕਾਰ ਦੀ ਧੋਖਾਧੜੀ ਦੇ ਸ਼ਿਕਾਰ ਹੋਏ ਸਨ। ਅਸਲ ਵਿਚ ਉਨ੍ਹਾਂ ਨੂੰ ਕੈਨੇਡਾ ਵਿੱਚ ਦਾਖਲਾ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਇਸ ਦੇਸ਼ ਵਿੱਚ ਡਿਗਰੀਆਂ ਅਤੇ ਕੰਮ ਦਾ ਤਜਰਬਾ ਪੂਰਾ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ 2 ਜੂਨ ਨੂੰ ਓਂਟਾਰੀਓ ਸੂਬੇ ਦੇ ਮਿਸੀਸਾਗਾ ਦੇ 6899 ਏਅਰਪੋਰਟ ਰੋਡ ‘ਤੇ ਕੈਨੇਡੀਅਨ ਬਾਰਡਰ ਸਿਕਿਓਰਿਟੀ ਏਜੰਸੀ (ਸੀ.ਬੀ.ਐੱਸ.ਏ.) ਦੇ ਦਫਤਰ ਸਾਹਮਣੇ ਸੈਂਕੜੇ ਵਿਦਿਆਰਥੀਆਂ ਅਤੇ ਸਹਿਯੋਗੀਆਂ ਨੇ ਦੇਸ਼ ਨਿਕਾਲੇ ਦੇ ਹੁਕਮਾਂ ਦੇ ਵਿਰੋਧ ਵਿਚ ਪ੍ਰਦਰਸਨ ਕੀਤਾ।