ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ

ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਮਿਤੀ 19 ਜੂਨ, 1595 ਈ. ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ, ਪਿੰਡ ਵਡਾਲੀ, ਜਿ਼ਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਇਸੇ ਕਰਕੇ ਉਸ ਨਗਰ ਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ । ਆਪ ਦਾ ਵਿਆਹ ਗੁਰੂ ਮਹਿਲ ਦਮੋਦਰੀ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਮਹਾਂ ਦੇਵੀ (ਮਰਵਾਹੀ) ਨਾਲ ਹੋਇਆ। ਆਪ ਜੀ ਦੇ ਘਰ ਪੰਜ ਪੁੱਤਰਾਂ- ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਤੇਗ ਮੱਲ ਜੀ (ਗੁਰੂ ਤੇਗ ਬਹਾਦਰ ਜੀ) ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ। 25 ਮਈ, 1606 ਈ. ਨੂੰ ਬਾਬਾ ਬੁੱਢਾ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਗੱਦੀ ‘ਤੇ ਬਿਠਾ ਕੇ ਗੁਰਿਆਈ ਦੀ ਜਿੰਮੇਵਾਰੀ ਸੌਂਪੀ। ਉਸ ਵੇਲੇ ਗੁਰੂ ਹਰਗੋਬਿੰਦ ਜੀ ਦੀ ਉਮਰ ਕਰੀਬ 11 ਵਰ੍ਹੇ ਦੀ ਸੀ।

ਅੱਜ ਗੁਰਦੁਆਰਾ ਸਾਹਿਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਗਿਆਨੀ ਬਲਬੀਰ ਸਿੰਘ ਰਸੀਲਾ ਜੀ ਅਤੇ ਗੁਰਭੇਜ ਸਿੰਘ ਸ਼ੇਰਪੁਰ ਜੀ ਦੇ ਢਾਡੀ ਜੱਥਿਆਂ ਨੇ ਬੀਰ ਰਸ ਪ੍ਰਸੰਗਾਂ ਨਾਲ ਸੰਗਤ ਨੂੰ ਨਿਹਾਲ ਕੀਤਾ। ਗਿਆਨੀ ਪ੍ਰਿਤਪਾਲ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਵਾਲਿਆਂ ਨੇ ਕਥਾ ਵਾਰਤਾ ਰਾਹੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਤੇ ਚਾਨਣਾ ਪਾਇਆ। ਸਮਾਪਤੀ ਸਮੇਂ ਅਵਤਾਰ ਸਿੰਘ ਗੱਤਕਾ ਕੋਚ ਦੇ ਵਿਦਿਆਰਥੀਆਂ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਗਏ।

ਇਸ ਮੌਕੇ ਡਾ. ਪਰਮਜੀਤ ਸਿੰਘ (ਪ੍ਰਧਾਨ ਗੁ.ਪ੍ਰ.ਕ.) ਵੱਲੋਂ ਕਿਹਾ ਗਿਆ ਕਿ ਛੇਵੇਂ ਪਾਤਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਅਤੇ ਢਾਡੀ ਪਰੰਪਰਾ ਨੂੰ ਗੁਰੂ ਘਰ ਨਾਲ ਜੋੜਿਆ। ਢਾਡੀ ਵਾਰਾਂ ਜਿੱਥੇ ਸੰਗਤ ਨੂੰ ਇਤਿਹਾਸ ਨਾਲ ਜੋੜਦੀਆਂ ਹਨ, ਉਥੇ ਸੱਚ ਦੇ ਚੱਲਦਿਆਂ ਜਬਰ ਜ਼ੁਲਮ ਨੂੰ ਰੋਕਣ ਲਈ ਪ੍ਰੇਰਦੀਆਂ ਹਨ। ਇਸ ਮੌਕੇ ਭਾਈ ਜਸਵੀਰ ਸਿੰਘ ਜਵੱਦੀ, ਅਮਰਿੰਦਰ ਸਿੰਘ, ਤੇਜਪਾਲ ਸਿੰਘ, ਡਾ. ਜਰਨੈਲ ਸਿੰਘ ਆਦਿ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।