
ਆਸਟਰੇਲੀਆ ਦੀ ਇੱਕ ਅਦਾਲਤ ਨੇ ਇੱਕ ਭਾਰਤੀ ਸਮੇਤ ਦੋ ਮੁਲਾਜ਼ਮਾਂ ਦੀ ਬਕਾਇਆ ਤਨਖਾਹ ਨਾ ਦੇਣ ਅਤੇ ਉਨ੍ਹਾਂ ਦੀ ਸਥਿਤੀ ਦਾ ਫਾਇਦਾ ਚੁੱਕਣ ’ਤੇ ਇੱਕ ਬੇਕਰੀ ਦੇ ਸੰਚਾਲਕ ਤੇ ਇਸ ਦੇ ਡਾਇਰੈਕਟਰ ਨੂੰ 40 ਹਜ਼ਾਰ ਡਾਲਰ ਦਾ ਜੁਰਮਾਨਾ ਲਾਇਆ ਹੈ। ਸਰਕਾਰ ਦੀ ਆਜ਼ਾਦਾਨਾ ਕਾਨੂੰਨੀ ਏਜੰਸੀ ‘ਦਿ ਫੇਅਰ ਵਰਕ ਓਮਬਡਸਮੈਨ’ (ਐਫਡਬਲਿਊਓ) ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਦੋਵੇਂ ਕਰਮਚਾਰੀ 2016 ਤੇ 2018 ਵਿਚਾਲੇ ਗੋਥਿਕ ਡਾਊਨਜ਼ ਪ੍ਰਾਈਵੇਟ ਲਿਮਿਟਡ ਵੱਲੋਂ ਚਲਾਈ ਜਾ ਰਹੀ ਬੇਕਰੀ ’ਚ ਕੰਮ ਕਰਦੇ ਸਨ ਜਿਨ੍ਹਾਂ ’ਚੋਂ ਇੱਕ ਭਾਰਤੀ ਵੀਜ਼ਾ ਧਾਰਕ ਸੀ। ਫੈਡਰਲ ਸਰਕਿਟ ਐਂਡ ਫੈਮਿਲੀ ਕੋਰਟ ਨੇ ਫਰਮ ਖ਼ਿਲਾਫ਼ 33,349 ਡਾਲਰ ਤੇ ਕੰਪਨੀ ਦੇ ਡਾਇਰੈਕਟਰ ਗਿਊਸੈਪ ਕਾਨਫੋਰਟੋ ਖ਼ਿਲਾਫ਼ 6669 ਡਾਲਰ ਜੁਰਮਾਨਾ ਲਾਉਣ ਦਾ ਹੁਕਮ ਦਿੱਤਾ ਹੈ। ਇਸ ਸਬੰਧੀ ਜਾਰੀ ਬਿਆਨ ਅਨੁਸਾਰ ਜੱਜ ਹੀਥਰ ਰਿਲੇ ਨੇ ਕੰਪਨੀ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਉਹ ਇਸ ਗੱਲ ਨੂੰ ਲੈ ਕੇ ਦੁਚਿੱਤੀ ’ਚ ਸੀ ਕਿ ਮੁਲਾਜ਼ਮਾਂ ਦਾ ਕਿੰਨਾ ਬਕਾਇਆ ਹੈ।