ਜਾਮਾ ਮਸਜਿਦ ਦੇ ਨੇੜੇ ਸ਼ਖ਼ਸ ਦਾ ਗੋਲੀ ਮਾਰ ਕੇ ਕਤਲ, ਜਾਂਚ ‘ਚ ਜੁੱਟੀ ਪੁਲਸ !

ਪੁਰਾਣੀ ਦਿੱਲੀ ਵਿਚ ਜਾਮਾ ਮਸਜਿਦ ਕੋਲ 30 ਸਾਲਾ ਇਕ ਵਿਅਕਤੀ ਦੀ ਅਣਪਛਾਤੇ ਹਮਲਾਵਰਾਂ ਨੇ ਵੀਰਵਾਰ ਸਵੇਰੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ‘ਯਾ ਰੱਬ-ਚਲਾ ਦੇ ਹੋਟਲ’ ਕੋਲ ਵਾਪਰੀ। ਉਨ੍ਹਾਂ ਨੇ ਕਿਹਾ ਕਿ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਨੇ ਵੇਖਿਆ ਕਿ ਪੀੜਤ ਸਮੀਰ ਨੂੰ ਪਹਿਲਾਂ ਹੀ ਇਕ ਹਸਪਤਾਲ ਪਹੁੰਚਾ ਦਿੱਤਾ ਸੀ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ।

ਪੁਲਸ ਮੁਤਾਬਕ ਪੀੜਤ ਸਮੀਰ ਚਾਵੜੀ ਬਜ਼ਾਰ ਦੇ ਚਿਤਲਾ ਗੇਟ ਦਾ ਰਹਿਣ ਵਾਲਾ ਸੀ ਅਤੇ ਉਹ ‘ਯਾ ਰੱਬ-ਚਲਾ ਦੇ ਹੋਟਲ’ ਦੇ ਮਾਲਕ ਦਾ ਸਾਲਾ ਸੀ। ਪੁਲਸ ਨੇ ਕਿਹਾ ਕਿ ਉਸ ਦੇ ਸਿਰ ‘ਤੇ ਗੋਲੀ ਦਾ ਨਿਸ਼ਾਨ ਹੈ। ਪੁਲਸ ਮੁਤਾਬਕ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ।