ਹਰ ਦੁੱਖ – ਸੁੱਖ ਦੇ ਸਾਥੀ : ਰੁੱਖ

ਕੁਦਰਤ ਦਾ ਮਨੁੱਖ ਦੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ । ਇਸ ਤੋਂ ਬਿਨਾਂ ਅਸੀਂ ਮਨੁੱਖ ਦੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ । ਰੁੱਖਾਂ ਦਾ ਮਨੁੱਖ ਦੇ ਜੀਵਨ ਵਿੱਚ ਬਹੁਤ ਉਪਯੋਗ ਹੈ । ਇਸ ਨੂੰ ਕਲਮਬੱਧ ਕਰਨਾ ਸ਼ਾਇਦ ਬਹੁਤ ਔਖਾ ਹੈ । ਰੁੱਖਾਂ ਦੇ ਸਾਨੂੰ ਅਨੇਕਾਂ ਲਾਭ ਹਨ , ਜਿਵੇਂ ਕਿ ਸਭ ਤੋਂ ਪਹਿਲਾਂ ਰੁੱਖ ਸਾਨੂੰ ਪ੍ਰਾਣਵਾਯੂ ਆਕਸੀਜਨ ਪ੍ਰਦਾਨ ਕਰਦੇ ਹਨ । ਜੋ ਕਿ ਹਰ ਜੀਵ – ਜੰਤੂ ਪ੍ਰਾਣੀ ਦੇ ਲਈ ਜਿਊਣ ਦੇ ਲਈ ਬਹੁਤ ਜਰੂਰੀ ਹੈ।

ਰੁੱਖ ਪੰਛੀਆਂ ਦੇ ਰਹਿਣ ਬਸੇਰੇ ਦਾ ਵੀ ਸਾਧਨ ਬਣ ਕੇ ਫ਼ਰਜ਼ ਨਿਭਾਉਂਦੇ ਹਨ । ਇਨ੍ਹਾਂ ਤੋਂ ਸਾਨੂੰ ਠੰਡੀ ਮਿੱਠੀ ਛਾਂ , ਗੂੰਦ , ਰਬੜ , ਸੁੰਦਰ ਦਿਖਾਈ ਦੇਣ ਵਾਲੇ ਰੰਗ – ਬਿਰੰਗੇ ਭਾਂਤ – ਭਾਂਤ ਦੇ ਫੁੱਲ , ਸਾਨੂੰ ਤੰਦਰੁਸਤ ਸਿਹਤਮੰਦ ਰੱਖਣ ਵਾਲੇ ਫਲ , ਤਰ੍ਹਾਂ – ਤਰ੍ਹਾਂ ਦੀਆਂ ਜੜ੍ਹੀ ਬੂਟੀਆਂ ਆਦਿ ਆਦਿ । ਵੈਦ ਹਕੀਮ ਤਾਂ ਵੱਖ – ਵੱਖ ਰੁੱਖਾਂ ਤੋਂ ਮਨੁੱਖ ਦੇ ਰੋਗਾਂ ਨੂੰ ਦੂਰ ਕਰਨ ਲਈ ਦਵਾਈਆਂ ਵੀ ਬਣਾਉਂਦੇ ਹਨ । ਰੁੱਖਾਂ ਤੋਂ ਸਾਨੂੰ ਵੱਖ – ਵੱਖ ਤਰ੍ਹਾਂ ਦੇ ਤੇਲ , ਉਪਯੋਗੀ ਲੱਕੜ , ਬਾਲਣ , ਮਵੇਸ਼ੀਆਂ ਦੇ ਲਈ ਹਰਾ ਚਾਰਾ , ਸ਼ਹਿਦ , ਚੰਦਨ , ਤੇਲ ਆਦਿ ਪ੍ਰਾਪਤ ਹੁੰਦਾ ਹੈ ।

ਰੁੱਖ ਜਿੱਥੇ ਵਰਖਾ ਲਿਆਉਣ ਵਿੱਚ ਸਹਾਈ ਹੁੰਦੇ ਹਨ , ਉੱਥੇ ਹੀ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਅਤੇ ਪੌਣ – ਪਾਣੀ ਨੂੰ ਸ਼ੁੱਧ ਅਤੇ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਵਿੱਚ ਵੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ । ਜੇਕਰ ਅਸੀਂ ਵੱਖ – ਵੱਖ ਰੁੱਖਾਂ ਦੇ ਕੋਲ ਜਾ ਕੇ ਠੰਢੀ ਤਾਜ਼ੀ ਹਵਾ ਦਾ ਲੁਤਫ ਉਠਾਈਏ ਤਾਂ ਇਸ ਤੋਂ ਸਾਨੂੰ ਸਕਾਰਾਤਮਕਤਾ ਮਿਲਦੀ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਤਰ੍ਹਾਂ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ । ਰੁੱਖ ਸਾਨੂੰ ਸੂਰਜ ਤੋਂ ਪ੍ਰਾਪਤ ਹੋਣ ਵਾਲੀ ਹਾਨੀਕਾਰਕ ਅਲਟਰਾ ਵਾਇਲਟ ਕਿਰਨਾਂ ਤੋਂ ਵੀ ਬਚਾਉਂਦੇ ਹਨ । ਇਹ ਸ਼ੋਰ ਪ੍ਰਦੂਸ਼ਣ ਅਤੇ ਵਾਯੂ ਪ੍ਰਦੂਸ਼ਣ ਨੂੰ ਰੋਕਣ ਅਤੇ ਘਟਾਉਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ ।

ਰੁੱਖ ਵੱਖ – ਵੱਖ ਜਾਨਵਰਾਂ , ਜੰਗਲੀ ਜਾਨਵਰਾਂ , ਪੰਛੀਆਂ ਪਰਿੰਦਿਆਂ ਅਤੇ ਹੋਰ ਭਾਂਤ – ਭਾਂਤ ਦੀਆਂ ਪ੍ਰਜਾਤੀਆਂ ਨੂੰ ਲੁਪਤ ਹੋਣ ਤੋਂ ਬਚਾਈ ਰੱਖਦੇ ਹਨ । ਇਸ ਤਰ੍ਹਾਂ ਕੁਦਰਤੀ ਸੰਤੁਲਨ ਬਣਾਈ ਰੱਖਣ ਵਿੱਚ ਰੁੱਖਾਂ ਦੀ ਬਹੁਤ ਵੱਡੀ ਅਤੇ ਅਹਿਮ ਭੂਮਿਕਾ ਹੈ। ਰੁੱਖ ਸਾਨੂੰ ਮੌਸਮੀ ਕਹਿਰ ਭਾਵ ਭਿਅੰਕਰ ਗਰਮੀ ਸਰਦੀ , ਹੜ੍ਹਾਂ ਅਤੇ ਕੁਦਰਤੀ ਆਫਤਾਂ ਤੋਂ ਬਚਾਉਣ ਵਿੱਚ ਸਹਾਇਕ ਹੁੰਦੇ ਹਨ ।ਰੁੱਖਾਂ ਦੀ ਮਹੱਤਤਾ ਤਾਂ ਉਹੀ ਸਮਝ ਸਕਦਾ ਹੈ , ਮਾਰੂਥਲ ਵਿੱਚ ਰਹਿਣ ਕਰਕੇ ਜਿਸਦੀਆਂ ਅੱਖਾਂ ਹਰਿਆਲੀ ਦੇਖਣ ਲਈ ਤਰਸ ਗਈਆਂ ਹੋਣ । ਰੁੱਖਾਂ ਤੋਂ ਸਾਨੂੰ ਠੰਡਕ , ਤਾਜ਼ਗੀ ਆਨੰਦ , ਸਕੂਨ ਆਪਣਾਪਣ ਤਾਂ ਪ੍ਰਾਪਤ ਹੁੰਦਾ ਹੀ ਹੈ , ਇਨ੍ਹਾਂ ਨੂੰ ਸਪਰਸ਼ ਕਰਕੇ ਛੂਹ ਕੇ ਜੋ ਭਾਵ ਜੋ ਸਕਾਰਾਤਮਕਤਾ ਦੀਆਂ ਤਰੰਗਾਂ ਸਾਨੂੰ ਮਿਲਦੀਆਂ ਹਨ , ਉਸ ਦਾ ਕੋਈ ਸਾਨੀ ਨਹੀਂ । ਇਸ ਦੇ ਨਾਲ ਹੀ ਇਹ ਵੀ ਬਹੁਤ ਧਿਆਨ ਦੇਣ ਯੋਗ ਗੱਲ ਹੈ ਕਿ ਸਾਨੂੰ ਪੁਰਾਤਨ ਅਤੇ ਲੁਪਤ ਹੋ ਰਹੇ ਵੱਡੇ ਦਰੱਖਤ ਲਗਾਉਣ ਦੀ ਸਖਤ ਜਰੂਰਤ ਹੈ , ਜਿਵੇਂ ਕਿ ਪਿੱਪਲ , ਬੜ੍ਹ /ਬਰੋਟਾ / ਬਰਗਦ , ਨਿੰਮ , ਆਂਵਲਾ , ਕਚਨਾਰ , ਕਿੱਕਰ , ਟਾਹਲੀ , ਜਾਮਣ , ਅਸ਼ੋਕ , ਕਟਹੱਲ , ਖਜੂਰ , ਪਲਾਸ /ਪਲਾਹ , ਲਸੂੜਾ , ਗੁਲਰ , ਚੀਲ , ਦਿਆਰ , ਚੰਦਨ , ਅੰਬ ਜਾਮਣ , ਬੇਲ ਆਦਿ ਆਦਿ ਰੁੱਖਾਂ ਨੂੰ ਲਗਾਉਣ ਦੀ ਪਹਿਲ ਕਰਨੀ ਚਾਹੀਦੀ ਹੈ ; ਕਿਉਂਕਿ ਇਹ ਅਜਿਹੇ ਰੁੱਖ ਹਨ ਜੋ ਸਾਨੂੰ ਸਾਲਾਂ ਸਦੀਆਂ ਤੱਕ ਲੰਬੇ ਅਰਸੇ ਤੱਕ ਅਤੇ ਵੱਧ ਮਾਤਰਾ ਵਿੱਚ ਸਾਨੂੰ ਸ਼ੁੱਧ ਹਵਾ ਫਲ ਆਦਿ ਮੁਹੱਈਆ ਕਰਵਾਉਂਦੇ ਰਹਿੰਦੇ ਹਨ ।

ਰੁੱਖ ਲਗਾਉਣ ਤੋਂ ਬਾਅਦ ਗੱਲ ਆਉਂਦੀ ਹੈ ਲਗਾਏ ਹੋਏ ਰੁੱਖਾਂ ਦੀ ਸੰਭਾਲ ਕਰਨ ਦੀ । ਇਸ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸਾਡੇ ਵੱਲੋਂ ਲਗਾਏ ਗਏ ਰੁੱਖਾਂ ਨੂੰ ਅਗਲੇ ਸਮੇਂ ਲਈ ਜ਼ਰੂਰ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ । ਉਨ੍ਹਾਂ ਨੂੰ ਲੋੜੀਂਦਾ ਪਾਣੀ ਖਾਦ ਆਦਿ ਦਿੱਤੀ ਜਾਵੇ ਤੇ ਉਨ੍ਹਾਂ ਦਾ ਸੰਭਾਵੀ ਖਤਰਿਆਂ ਤੋਂ ਬਚਾਅ ਕੀਤਾ ਜਾਵੇ , ਤਾਂ ਜੋ ਲਗਾਏ ਹੋਏ ਰੁੱਖ ਵੱਡੇ ਹੋ ਸਕਣ ਅਤੇ ਵੱਧ ਫੁੱਲ ਕੇ ਸਾਨੂੰ ਤੇ ਸਮੁੱਚੀ ਮਨੁੱਖਤਾ ਨੂੰ ਤੇ ਹੋਰ ਜੀਵ ਜੰਤੂਆਂ ਨੂੰ ਤੇ ਪ੍ਰਾਣੀਆਂ ਨੂੰ ਸੁੱਖ , ਸਕੂਨ , ਆਨੰਦ , ਭੋਜਨ ਤੇ ਹੋਰ ਲਾਭ ਦੇ ਸਕਣ । ਅੱਜ ਮਨੁੱਖ ਨੇ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਵੱਧ ਕਾਰਖ਼ਾਨੇ ਲਗਾਏ ਹੋਏ ਹਨ ਅਤੇ ਵਾਹਨਾਂ ਦੀ ਗਿਣਤੀ ਵੀ ਕਾਫੀ ਵੱਧ ਗਈ ਹੈ , ਜੋ ਕਿ ਸਾਡੇ ਸਭ ਦੀ ਸੁੱਖ ਸਹੂਲਤ ਦੇ ਲਈ ਬਹੁਤ ਜ਼ਰੂਰੀ ਵੀ ਹਨ ।

ਪਰ ਇਨ੍ਹਾਂ ਉਦਯੋਗਾਂ ਅਤੇ ਵਾਹਨਾਂ ਤੋਂ ਪੈਦਾ ਹੋਏ ਧੂੰਏਂ ਅਤੇ ਪ੍ਰਦੂਸ਼ਣ ਨਾਲ ਨਜਿੱਠਣ ਦੇ ਲਈ ਅਤੇ ਵੱਧਦੀ ਹੋਈ ਅਬਾਦੀ ਦੀ ਸਮੱਸਿਆ ਅਤੇ ਇਸ ਤੋਂ ਪੈਦਾ ਹੋਈਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤੇ ਲਗਾਏ ਰੁੱਖਾਂ ਦੀ ਸੰਭਾਲ ਜਰੂਰ ਜਰੂਰ ਕਰਨੀ ਚਾਹੀਦੀ ਹੈ । ਸਾਨੂੰ ਦਿਨਾਂ ਤਿਉਹਾਰਾਂ , ਜਨਮ ਦਿਨ , ਵਿਆਹਾਂ , ਵਰ੍ਹੇਗੰਢਾਂ , ਬਰਸੀਆਂ , ਰਾਸ਼ਟਰੀ ਦਿਨ ਤਿਉਹਾਰਾਂ ਸਮੇਂ ਜਾਂ ਹੋਰ ਖੁਸ਼ੀ ਗ਼ਮੀ ਦੇ ਸਮੇਂ ਰੁੱਖ ਲਗਾਉਣ ਦੀ ਪ੍ਰੰਪਰਾ ਬਣਾ ਲੈਣੀ ਚਾਹੀਦੀ ਹੈ , ਤਾਂ ਜੋ ਆਨੇ – ਬਹਾਨੇ ਗਾਹੇ ਬਗਾਹੇ ਰੁੱਖਾਂ ਨੂੰ ਲਗਾਇਆ ਜਾ ਸਕੇ ਤੇ ਉਨ੍ਹਾਂ ਦੀ ਸੰਭਾਲ ਕੀਤੀ ਜਾ ਸਕੇ ਅਤੇ ਵਾਤਾਵਰਨ ਨੂੰ ਹਰਾ ਭਰਾ ਰੱਖ ਕੇ ਮਨੁੱਖਤਾ ਤੇ ਸਮੁੱਚੇ ਪ੍ਰਾਣੀ ਜਗਤ ਨੂੰ ਸਮੱਸਿਆਵਾਂ , ਦੁੱਖਾਂ , ਤਕਲੀਫਾਂ ਤੇ ਬੀਮਾਰੀਆਂ ਤੋਂ ਬਚਾਇਆ ਜਾ ਸਕੇ ।

ਸਾਡੇ ਵੇਦਾਂ , ਗ੍ਰੰਥਾਂ , ਸ਼ਾਸਤਰਾਂ ਅਤੇ ਮਹਾਂਪੁਰਖਾਂ ਦੇ ਗਿਆਨ ਤੋਂ ਇਹ ਗੱਲ ਸਪੱਸ਼ਟ ਸਾਹਮਣੇ ਆਉਂਦੀ ਹੈ ਕਿ ਸਾਨੂੰ ਰੁੱਖ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਤੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ । ਕਈ ਥਾਈਂ ਤਾਂ ਪਿੱਪਲ , ਬਰਗਦ ਤੇ ਨਿੰਮ ਪੌਦਿਆਂ ਦੀ ਤ੍ਰਿਵੇਣੀ ਲਗਾਉਣ ਦਾ ਸੁਝਾਅ ਵੀ ਦੇਖਣ ਨੂੰ ਮਿਲਦਾ ਹੈ । ਰੁੱਖਾਂ ਦੀ ਵਡਿਆਈ ਸਾਡੀ ਸੰਸਕ੍ਰਿਤੀ ਸਾਡੇ ਸੱਭਿਆਚਾਰ ਵਿੱਚ ਵੀ ਕੀਤੀ ਗਈ ਮਿਲਦੀ ਹੈ । ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਰੁੱਖਾਂ ਦੀ ਤੁਲਨਾ ਆਪਣੇ ਸਗੇ – ਸਬੰਧੀਆਂ ਰਿਸ਼ਤੇਦਾਰਾਂ ਨਾਲ ਕੀਤੀ ਹੈ । ਕਈ ਥਾਈਂ ਲੋਕ ਵਿਸ਼ਵਾਸਾਂ ਅਨੁਸਾਰ ਰੁੱਖਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਵੱਖ – ਵੱਖ ਦੇਵਤਿਆਂ ਦੇ ਨਾਲ ਜੋੜ ਕੇ ਦੇਖਿਆ ਗਿਆ ਹੈ ।ਗਰਮੀਆਂ ਦੇ ਮੌਸਮ ਵਿੱਚ ਸਾਨੂੰ ਜੰਗਲਾਂ ਨੂੰ ਅੱਗ ਲੱਗਣ ਤੋਂ ਬਚਾਉਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ । ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਰੁੱਖਾਂ ਦੇ ਸਾਨੂੰ ਅਨੇਕਾਂ ਲਾਭ ਹਨ , ਉੱਥੇ ਇਹ ਵੀ ਮਹੱਤਵਪੂਰਨ ਗੱਲ ਹੈ ਕਿ ਰੁੱਖਾਂ ਦਾ ਕੋਈ ਹੋਰ ਬਦਲ ਨਹੀਂ ਹੈ ।

ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356