ਆਸਟਰੇਲਿਆਈ ਟੈਨਿਸ ਖਿਡਾਰੀ ਓਵੇਨ ਡੇਵਿਡਸਨ ਦਾ ਦੇਹਾਂਤ

ਆਸਟਰੇਲਿਆਈ ਟੈਨਿਸ ਖਿਡਾਰੀ ਓਵੇਨ ਡੇਵਿਡਸਨ, ਜਿਨ੍ਹਾਂ ਨੇ ਡਬਲਜ਼ ਵਰਗ ਵਿੱਚ 13 ਗਰੈਂਡ ਸਲੈਮ ਖ਼ਿਤਾਬ ਜਿੱਤੇ ਸਨ, ਦਾ ਦੇਹਾਂਤ ਹੋ ਗਿਆ ਹੈ। ਉਹ 79 ਸਾਲਾਂ ਦੇ ਸਨ। ਓਵੇਨ ਡੇਵਿਡਸਨ ਦੀ ਲੰਮਾਂ ਸਮਾਂ ਦੋਸਤ ਰਹੀ ਇਸਾਬੇਲ ਸਲਿਗਾ ਨੇ ਕਿਹਾ ਕਿ ਉਨ੍ਹਾਂ ਦਾ ਦੇਹਾਂਤ ਟੈਕਸਾਸ ਦੇ ਕੋਨਰੇ ਵਿੱਚ ਹੋਇਆ। ਡੇਵਿਡਸਨ ਨੇ ਮਿਕਸਡ ਡਬਲਜ਼ ਵਰਗ ’ਚ 11 ਗਰੈਂਡ ਸਲੈਮ ਖ਼ਿਤਾਬ ਜਿੱਤੇ ਜਦਕਿ ਪੁਰਸ਼ ਡਬਲਜ਼ ’ਚ ਉਨ੍ਹਾਂ ਦੇ ਨਾਂ ਦੋ ਖ਼ਿਤਾਬ ਦਰਜ ਹਨ। ਉਨ੍ਹਾਂ ਨੇ ਬਿੱਲੀ ਜੀਨ ਕਿੰਗ ਨਾਲ ਜੋੜੀ ਬਣਾਈ ਸੀ। ਡੇਵਿਡਸਨ ਤੇ ਕਿੰਗ ਦੀ ਜੋੜੀ ਨੇ ਮਿਕਸਡ ਡਬਲਜ਼ ਵਰਗ ’ਚ 8 ਗਰੈਂਡ ਸਲੈਮ ਖ਼ਿਤਾਬ ਜਿੱਤੇ ਸਨ। ਡੇਵਿਡਸਨ ਨੇ 1967 ’ਚ ਮਿਕਸਡ ਡਬਲਜ਼ ਵਰਗ ’ਚ ਚਾਰੇ ਗਰੈਂਡ ਸਲੈਮ ਖ਼ਿਤਾਬ ਜਿੱਤੇ ਸਨ ਅਤੇ ਟੈਨਿਸ ਇਤਿਹਾਸ ’ਚ ਅਜਿਹਾ ਕਰਨ ਵਾਲੇ ਉਹ ਤੀਜੇ ਖਿਡਾਰੀ ਸਨ। ਇਨ੍ਹਾਂ ਵਿੱਚੋਂ ਤਿੰਨ ਖ਼ਿਤਾਬ ਡੇਵਿਡਸਨ ਨੇ ਕਿੰਗ ਨਾਲ ਮਿਲ ਕੇ ਜਿੱਤੇ ਸਨ।