ਇਮਰਾਨ ਖ਼ਾਨ ਦੀ ਗਿ੍ਰਫ਼ਤਾਰੀ ਗੈਰ-ਕਾਨੂੰਨੀ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਲਗਾਈ ਫਟਕਾਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਉਸ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਚੀਫ਼ ਜਸਟਿਸ ਨੇ ਉਸ ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਸੁਪਰੀਮ ਕੋਰਟ ਨੇ ਇਮਰਾਨ ਖਾਨ ਨੂੰ ਸ਼ੁੱਕਰਵਾਰ (12 ਮਈ) ਨੂੰ ਇਸਲਾਮਾਬਾਦ ਹਾਈ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਇਸ ਦੇ ਨਾਲ ਹੀ ਪਾਕਿ ਚੀਫ ਜਸਟਿਸ ਦੀ ਬੈਂਚ ਨੇ ਕਿਹਾ ਕਿ ਤੁਹਾਨੂੰ (ਇਮਰਾਨ ਖਾਨ) ਹਾਈ ਕੋਰਟ ਦੇ ਫੈਸਲੇ ਨੂੰ ਮੰਨਣਾ ਹੋਵੇਗਾ।

ਰਿਹਾਈ ਤੋਂ ਬਾਅਦ ਇਮਰਾਨ ਨੇ ਕਿਹਾ ਕਿ ਉਸ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਇਮਰਾਨ ਖਾਨ ਨੇ ਚੀਫ਼ ਜਸਟਿਸ ਨੂੰ ਕਿਹਾ ਕਿ ਮੈਨੂੰ ਅਜੇ ਤੱਕ ਨਹੀਂ ਪਤਾ ਕਿ ਮੇਰੇ ਨਾਲ ਅਜਿਹਾ ਕਿਉਂ ਹੋਇਆ..? ਮੈਨੂੰ ਅਦਾਲਤ ਦੇ ਕਮਰੇ ਵਿੱਚੋਂ ਅਗਵਾ ਕਰ ਲਿਆ ਗਿਆ ਸੀ। ਮੈਂ ਵਾਰੰਟ ਮੰਗਿਆ, ਪਰ ਮੈਨੂੰ ਵਾਰੰਟ ਨਹੀਂ ਦਿਖਾਇਆ ਗਿਆ, ਮੇਰੇ ਨਾਲ ਇੱਕ ਅਪਰਾਧੀ ਵਰਗਾ ਸਲੂਕ ਕੀਤਾ ਗਿਆ। ਮੈਨੂੰ ਕੁੱਟਿਆ ਗਿਆ। ਅਸੀਂ ਚੋਣਾਂ ਚਾਹੁੰਦੇ ਹਾਂ, ਅਸੀਂ ਭਲਾ ਰੋਲਾ ਕਿਉਂ ਪਾਵਾਂਗੇ? ਇਸ ‘ਤੇ ਚੀਫ ਜਸਟਿਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਰਾਜਨੀਤੀ ਬਾਰੇ ਗੱਲ ਨਾ ਕਰਨ।

ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ NAB ਨੂੰ ਫਟਕਾਰ ਲਗਾਈ ਹੈ। ਸੁਣਵਾਈ ਦੌਰਾਨ ਤਿੰਨ ਜੱਜਾਂ ਦੇ ਬੈਂਚ ਨੇ ਮੰਨਿਆ ਕਿ ਐਨਏਬੀ ਨੇ ਅਦਾਲਤ ਦਾ ਅਪਮਾਨ ਕੀਤਾ ਹੈ। ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੇ ਇਮਰਾਨ ਖ਼ਾਨ ਦੀ ਅਦਾਲਤ ‘ਚੋਂ ਗ੍ਰਿਫ਼ਤਾਰੀ ‘ਤੇ ਸਵਾਲ ਉਠਾਏ। ਇਸ ਦੇ ਨਾਲ ਹੀ, ਸੁਪਰੀਮ ਕੋਰਟ (ਐਸਸੀ) ਨੇ ਵੀਰਵਾਰ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਨੂੰ ਪੀਟੀਆਈ ਚੇਅਰਮੈਨ ਇਮਰਾਨ ਖਾਨ ਨੂੰ ਇੱਕ ਘੰਟੇ ਦੇ ਅੰਦਰ ਅਦਾਲਤ ਵਿੱਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਚੀਫ਼ ਜਸਟਿਸ ਨੇ ਪੀਟੀਆਈ ਮੁਖੀ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ।