
ਲੱਖਾ ਪਲਾਸਟਿਕ ਦੇ ਖਿਡੌਣਿਆਂ ਦੀ ਫੇਰੀ ਲਗਾਉਣ ਦਾ ਕੰਮ ਕਰਦਾ ਸੀ। ਉਹ ਜਿਹੜੀ ਗਲੀ ਵਿੱਚ ਵੜਦਾ, ਬੱਚੇ ਰੇਹੜੀ ਨੂੰ ਘੇਰ ਲੈਂਦੇ ਤੇ ਰੋਜ਼ਾਨਾ ਚਾਰ ਪੰਜ ਸੌ ਦੀ ਸੇਲ ਅਰਾਮ ਨਾਲ ਹੋ ਜਾਂਦੀ। ਇੱਕ ਦਿਨ ਉਹ ਲਾਲੂ ਘੁੰਮਣ ਪਿੰਡ ਵਿੱਚ ਫੇਰੀ ਲਗਾ ਰਿਹਾ ਸੀ ਕਿ ਲੱਸੀ ਪੀਣਿਆਂ ਦੇ ਭੱਲੂ ਨੇ ਉਸ ਨੂੰ ਘੇਰ ਲਿਆ, “ਉਏ ਲੱਖਿਆ, ਤੂੰ ਆ ਵੜਦਾਂਚੌਥੇ ਦਿਨ ਬੂਥਾ ਚੁੱਕ ਕੇ ਸਾਡੀ ਗਲੀ ‘ਚ। ਕਿੱਥੋਂ ਲੈ ਕੇ ਦਈਏ ਜਵਾਕਾਂ ਨੂੰ ਹਰ ਵਾਰ 100 50 ਦੇ ਖਿਡੌਣੇ? ਜੇ ਨਾ ਲੈ ਕੇ ਦਈਏ ਤਾਂ ਉੱਚੀ ਉੱਚੀ ਸੰਘ ਪਾੜ ਕੇਰੋਂਦੇ ਆ। ਇਧਰ ਨਾ ਆਈਂ ‘ਗਾਂਹ ਤੋਂ।” ਲੱਖਾ ਪਹਿਲਾਂ ਤਾਂ ਜਰਕ ਗਿਆ ਕਿ ਕਿੱਥੋਂ ਇਹ ਕੰਜੂਸ ਮੱਖੀ ਚੂਸ ਸਵੇਰੇ ਸਵੇਰ ਮੱਥੇ ਲੱਗ ਗਿਆ ਹੈ, ਅਜੇ ਤਾਂ ਮੈਂ ਬੋਹਣੀ ਵੀ ਨਹੀਂ ਕੀਤੀ। ਪਰ ਫਿਰ ਥੋੜ੍ਹਾ ਜਿਹਾ ਸੋਚ ਕੇ ਹਲੀਮੀ ਨਾਲ ਬੋਲਿਆ, “ਸਰਦਾਰ ਜੀ ਗੁੱਸਾ ਕਰੋ ਚਾਹੇ ਗਿਲਾ ਕਰੋ,ਇਹ ਕੰਮ ਨਹੀਂ ਜੇ ਹੋਣਾ। ਜੇ ਇਸ ਤਰਾਂ ਗਲੀਆਂ ਛੱਡਣ ਲੱਗੇ ਤਾਂ ਫਿਰ ਸਾਡੇ ਜਵਾਕ ਭੁੱਖ ਦੇ ਮਾਰੇ ਰੋਣਗੇ। ਅਸੀਂ ਹੁਣ ਧਾਡੇ ਜਵਾਕਾਂ ਬਾਰੇ ਸੋਚੀਏ ਕਿ ਆਪਣਿਆਂ ਬਾਰੇ?” ਭੱਲੂ ਨਹਿਲੇ ‘ਤੇ ਦਹਿਲਾ ਵੱਜਦਾ ਵੇਖ ਕੇ ਜਟੂਰੀਆਂ ਸਾਫੇ ਵਿੱਚ ਧੱਕਦਾ ਹੋਇਆ ਆਪਣੇ ਰਾਹ ਪੈ ਗਿਆ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062