
ਸਾਡੇ ਦੇਸ਼ ਵਿੱਚ ਪਾਲਤੂ ਜਾਨਵਰਾਂ ਪਾਸੋਂ ਰਜਕੇ ਕੰਮ ਲਿਤਾ ਜਾਂਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਗਾਂਵਾਂ ਮਝਾਂ ਬਕਰੀਆਂ ਬਕਰੇ ਸੂਰ ਤਕ ਪਾਲੇ ਜਾਂਦੇ ਹਨ ਅਤੇ ਜਦ ਇਹ ਨਾਕਾਰਾ ਹੋ ਜਾਂਦੇ ਹਨ ਤਾਂ ਹਰ ਕੋਈ ਜਾਨਵਰਾਂ ਲੂੰ ਘਰੋਂ ਕਢਣ ਦੀ ਸੋਚਦਾ ਹੈ। ਮਝਾਂ ਅਤੇ ਬਲਦ ਪਤਾ ਨਹੀਂ ਕਿਧਰ ਜਾਂਦੇ ਹਨ, ਘਟ ਹੀ ਬਾਜ਼ਾਰਾਂ ਵਿੱਚ ਫਿ਼ਰਦੇ ਦਿਖਾਈ ਦਿੰਦੇ ਹਨ, ਅਤੇ ਇਹ ਵੀ ਸਾਫ਼ ਹੈ ਕਿ ਵਿਦੇਸ਼ੀ ਗਊਆਂ ਦੇ ਵਛੇ ਅਤੇ ਦੁਧ ਨਾ ਦੇਣ ਵਾਲੀਆਂ ਬੁਢੀਆਂ ਗਊਆਂ ਆਮ ਤੋਰ ਤੇ ਮਾਲਕ ਬਾਜ਼ਾਰਾਂ ਵਿੱਚ ਛਡ ਜਾਂਦੇ ਹਨ। ਇਹ ਪਸ਼ੂ ਆਵਾਰਾ ਨਹੀਂ ਹਨ। ਪਰ ਸਾਰਾ ਸਮਾਜ ਇੰਨ੍ਹਾਂ ਗਊਆਂ ਨੂੰ ਆਵਾਰਾ ਆਖੀ ਜਾਂਦਾ ਹੈ। ਇਹ ਵਿਚਾਰੇ ਕਲ ਤਕ ਕਿਸੇ ਘਰ ਵਿੱਚ ਰਹਿੰਦੇ ਸਨ। ਵਕਤ ਸਿਰ ਪਠੇ ਪਾਏ ਜਾਂਦੇ ਸਨ, ਵਕਤ ਸਿਰ ਗਤਾਵਾ ਮਿਲਦਾ ਸੀ। ਵਕਤ ਸਿਰ ਪਾਣੀ ਦਿੱਤਾ ਜਾਂਦਾ ਸੀ ਅਤੇ ਜਦ ਆਰਾਮ ਕਰਨ ਦਾ ਵਕਤ ਹੁੰਦਾ ਸੀ ਤਾਂ ਉਹ ਬਾਕਾਇਦਾ ਲਮੇਂ ਪੈਕੇ ਸੋਂ ਸਕਦੇ ਸਨ ਅਤੇ ਇਹ ਡਰ ਨਹੀਂ ਸੀ ਰਹਿੰਦਾ ਕਿ ਕੋਈ ਸੋਟੀਆਂ ਨਾਲ ਕੁਟਣ ਹੀ ਲਗ ਪਵੇਗਾ।
ਰਾਤ ਦੇ ਹਨ੍ਹੇਰੇ ਵਿੱਚ ਮਾਲਕ ਇਕ ਅਣਪਛਾਤੀ ਜਗਾਹ ਲਿਆਕੇ ਛਡ ਜਾਂਦੇ ਹਨ ਅਤੇ ਵਿਚਾਰੇ ਜਾਨਵਰਾਂ ਨੂੰ ਇਹ ਵੀ ਪਤਾ ਨਹੀਂ ਪਿਆ ਲਗਦਾ ਕਿ ਉਹ ਆ ਕਿਥੇ ਗਏ ਹਨ। ਕੋਈ ਵੀ ਮਾਲਕ ਨਹੀਂ ੈ। ਕੋਈ ਵੀ ਪਠੇ ਪਾਣ ਵਾਲਾ ਨਹੀਂ ਹੈ। ਕੋਈ ਵੀ ਪਾਣੀ ਦੇਣ ਵਾਲਾ ਨਹੀਂ ਹੈ। ਕੋਈ ਵੀ ਪਿਠ ਉਤੇ ਹਥ ਫ਼ੇਰਨ ਵਾਲਾ ਨਹੀਂ ਹੈ। ਕੋਈ ਵੀ ਥਾਂ ਬੈਠਣ ਅਤੇ ਆਰਾਮ ਕਰਨ ਦੀ ਨਹੀਂ ਹੈ। ਕੋਈ ਗਤਾਵਾਂ ਨਹੀਂ ਹੈ। ਪਾਣੀ ਦਾ ਪ੍ਰਬੰਧ ਨਹੀਂ ਹੈ। ਇਥੇ ਤਾਂ ਅਜ ਕਲ ਸੀਵਰ ਪੈ ਜਾਣ ਕਰਕੇ ਨਾਲੀਆਂ ਦਾ ਪਾਣੀ ਵੀ ਨਹੀਂ ਪਿਆ ਮਿਲਦਾ। ਅਗਰ ਕਿਸੇ ਰੇਹੜੀ ਉਤੇ ਹਰੀਆਂ ਸਬਜ਼ੀਆਂ ਦੇਖਕੇ ਮੂੰਹ ਮਾਰ ਲੈਣ ਤਾਂ ਸੋਟੀਆਂ ਨਾਲ ਮੂੰਹ ਭੰਨ ਦਿੱਤਾ ਜਾਂਦਾ ਹੈ। ਜਿਸ ਕਿਸੇ ਵੀ ਆਦਮੀ ਜਾਂ ਔਰਤ ਨੂੰ ਇਹ ਜਾਨਵਰ ਇਸ ਲਈ ਦੇਖਣ ਲਗਣ ਕਿ ਇਹ ਸ਼ਾਇਦ ਉਨ੍ਹਾਂ ਦਾ ਮਾਲਕ ਹੈ ਤਾਂ ਉਹ ਡਰ ਜਾਂਦੇ ਹਨ, ਸੋ ਸੋ ਗਾਲ੍ਹ: ਕਢਦੇ ਹਨ ਅਤੇ ਜੋ ਵੀ ਹਥ ਵਿੱਚ ਹੈ ਜਾਨਵਰਾਂ ਨੂੰ ਕੁਟਣ ਲਗ ਜਾਂਦੇ ਹਨ।
ਇਹ ਜਾਨਵਰ ਹੁਣ ਜਿਥੇ ਵੀ ਆ ਗਏ ਹਨ, ਸਾਰੇ ਦੇ ਸਾਰੇ ਜ਼ਖ਼ਮੀ ਹਨ, ਭੁਖੇ ਹਨ, ਪਿਆਸੇ ਹਨ, ਥਕੇ ਪਏ ਹਨ, ਉਨੀਂਦਰੇ ਦੇ ਮਾਰੇ ਹਨ ਅਤੇ ਬਸ ਮੋਤ ਹੀ ਹੈ ਜਿਤਨੀ ਜਲਦੀ ਆ ;ਜਾਵੇ ਬਿਹਤਰ ਹੈ। ਕਦੀ ਕਦੀ ਕੋਈ ਆਕੇ ਐਸੇ ਯਤੀਮ ਅਤੇ ਬੇਸਹਾਰਾ ਜਾਨਵਰਾਂ ਨੂੰ ਇਕਠਾ ਕਰਕੇ ਕਈ ਮੀਲਾਂ ਦਾ ਸਫ਼ਰ ਕਰਵਾਕੇ ਬੁਚੜਖ਼ਾਨੇ ਤਕ ਪੁਚਾ ਦਿੰਦਾ ਹੈ।
ਇਸ ਮੁਲਕ ਵਿੱਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਾਡੇ ਮੁਲਕ ਵਿੱਚ ਗਊਸ਼ਾਲਾ ਵੀ ਹਨ। ਪਰ ਉਥੇ ਵੀ ਉਹੀ ਗਊਸਹਾਰਾ ਲੈ ਸਕਦੀ ਹੈ ਜਿਹੜੀ ਮਾੜਾ ਮੋਟਾ ਦੁਧ ਦਿੰਦੀ ਹੈ।
ਇਹ ਆਦਮੀ ਸਵਾਰਥੀ ਹੈ ਅਤੇ ਜਾਨਵਰ ਵੀ ਉਹੀ ਪਾਲਦਾ ਹੈ ਜਿਹੜੇ ਇਸ ਆਦਮੀ ਲਈ ਫ਼ਾਇਦੇ ਕੰਦ ਹੋਣ। ਅਸੀਂ ਬਲਦ ਕਿਧਰੇ ਬੈਠੇ ਬੈਠੇ ਹੀ ਭੁਖੇ ਮਰਦੇ ਦੇਖਦੇ ਹਾਂ ਅਤੇ ਨਿਕੇ ਨਿਕੇ ਗਊਆਂ ਦੇ ਬਚਿਆਂ ਨੂੰ ਵੀ ਭੁਖਾ ਮਰਦਾ ਦੇਖ ਰਹੇ ਹਾਂ।
ਇਹ ਸਾਰਾ ਕੁਝ ਦੇਖਕੇ ਅਸੀਂ ਆਪ ਹੀ ਹੈਰਾਨ ਹਾਂ ਕਿ ਇਹ ਪਸ਼ੂ ਵਿਚਾਰੇ ਯਤੀਮ ਹਨ, ਬੇਸਹਾਰਾ ਹਨ ਅਤੇ ਮਾਰ ਹੀ ਖਾਈ ਜਾਂਦੇ ਹਨ। ਇੰਨ੍ਹਾਂ ਜਾਨਵਰਾਂ ਨੂੰ ਆਵਾਰਾ ਨਹੀਂ ਆਖਿਆ ਜਾ ਸਕਦਾ। ਆਵਾਰਾ ਤਾਂ ਸਿਰਫ਼ ਆਦਮੀ ਹੀ ਹੁੰਦਾ ਹੈ ਜਿਹੜਾ ਘਰ ਚਾਰ ਪੈਸੇ ਹੋਣ ਤਾਂ ਵਿਹਲਾ ਹੀ ਬਾਜ਼ਾਰਾਂ ਦੀ ਸੈਰ ਕਰਦਾ ਫਿਰਦਾ ਹੈ। ਇੰਨ੍ਹਾਂ ਯਤੀਮਾਂ ਅਤੇ ਬੇਸਹਾਰਾ ਜੀਵਾਂ ਨੂੰ ਆਵਾਰਾ ਆਖਣਾ ਪਾਪ ਹੈ। ਬਹੁਤ ਹੀ ਵਡਾ ਪਾਪ ਹੈ।
ਜਿਥੇ ਇਹ ਸਰਕਾਰਾਂ ਗ਼ਰੀਬਾਂ ਲਈ ਮੁਫ਼ਤ ਜਾਸ਼ਨ ਅਤੇ ਮਕਾਨਾ ਦਾ ਪ੍ਰਬੰਧ ਕਰ ਰਹੀ ਹੈ ਉਥੇ ਇੰਨ੍ਹਾਂ ਯਤੀਮਾਂ ਅਤੇ ਬੇਸਹਾਰਾ ਪਸ਼ੂਆਂ ਲਈ ਵੀ ਵਡੀਆਂ ਗਊਸ਼ਾਲਾਵਾਂ ਤਿਆਰ ਕਰੇ ਜਾਂ ਜਲਦੀ ਹੀ ਇਹ ਪਸ਼ੂ ਬੁਚੜਖ਼ਾਨਿਆ ਤਕ ਪੁਚਾਏ ਜਾਣ ਅਤੇ ਇਤਨੇ ਤਸੀਹੇ ਕਟਕੇ ਅਗਰ ਮੋਤ ਹੀ ਆਉਣੀ ਹੈ ਤਾਂ ਉਹ ਤਸੀਹੇ ਦੇਣ ਦੀ ਬਜਾਏ ਅਗਰ ਵੈਸੇ ਹੀ ਆ ਜਾਵੇ ਤਾਂ ਬਿਹਤਰ ਹੈ।
ਦਲੀਪ ਸਿੰਘ ਵਾਸਨ, ਐਡਵੋਕੇਟ
101 ਸੀ ਵਿਕਾਸ ਕਲੋਨੀ, ਪਟਿਆਲਾ, ਪੰਜਾਬ, ਭਾਰਤ, 147001