ਅਮਰੀਕੀ ਪੱਤਰਕਾਰ ਨੇ ਸਾਬਕਾ ਰਾਸ਼ਟਰਪਤੀ ਟਰੰਪ ‘ਤੇ ਲਗਾਏ ਬਲਾਤਕਾਰ ਕਰਨ ਦੇ ਦੋਸ਼

ਅਮਰੀਕੀ ਪੱਤਰਕਾਰ, ਲੇਖਿਕਾ ਅਤੇ ਕਾਲਮਨਵੀਸ ਜੀਨ ਕੈਰੋਲ ਨੇ ਡੋਨਾਲਡ ਟਰੰਪ ਖ਼ਿਲਾਫ਼ ਅਦਾਲਤ ਵਿੱਚ ਸੁਣਵਾਈ ਦੌਰਾਨ ਦੋਸ਼ ਲਾਇਆ ਹੈ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਨੇ ਲਗਜ਼ਰੀ ਡਿਪਾਰਟਮੈਂਟ ਸਟੋਰ ਵਿੱਚ ਉਸ ਨਾਲ ਬਲਾਤਕਾਰ ਕੀਤਾ। ਕੈਰੋਲ ਨੇ ਜੱਜਾਂ ਨੂੰ ਕਿਹਾ, ‘ਮੈਂ ਇੱਥੇ ਹਾਂ ਕਿਉਂਕਿ ਡੋਨਾਲਡ ਟਰੰਪ ਨੇ ਮੇਰੇ ਨਾਲ ਬਲਾਤਕਾਰ ਕੀਤਾ ਅਤੇ ਜਦੋਂ ਮੈਂ ਇਸ ਬਾਰੇ ਲਿਖਿਆ ਤਾਂ ਉਸ ਨੇ ਇਸ ਤੋਂ ਇਨਕਾਰ ਕੀਤਾ।’ ਜਦੋਂ ਕੈਰੋਲ 1996 ਵਿੱਚ ਆਪਣੇ ਕਥਿਤ ਬਲਾਤਕਾਰ ਬਾਰੇ ਅਦਾਲਤ ਵਿੱਚ ਗਵਾਹੀ ਦੇ ਰਹੀ ਸੀ ਤਾਂ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਇਸ ਕੇਸ ਨੂੰ ‘ਫਰਜ਼ੀ ਅਤੇ ਝੂਠੀ ਕਹਾਣੀ’ ਕਰਾਰ ਦਿੱਤਾ। ਕੈਰੋਲ ਨੇ ਅਦਾਲਤ ਨੂੰ ਦੱਸਿਆ ਕਿ ਉਹ 1996 ਵਿਚ ਸ਼ਾਮ ਨੂੰ ਬਰਗਡੋਰਫ ਗੁਡਮੈਨ ਵਿਖੇ ਟਰੰਪ ਨੂੰ ਮਿਲੀ, ਜਿੱਥੇ ਟਰੰਪ ਨੇ ਉਸ ਤੋਂ ਔਰਤਾਂ ਦੇ ਅੰਦਰੂਨੀ ਵਸਤਰ ਖਰੀਦਣ ਵਿਚ ਮਦਦ ਮੰਗੀ ਅਤੇ ਕੱਪੜੇ ਬਦਲਣ ਵਾਲੇ ਕਮਰੇ ਵਿਚ ਉਸ ਨਾਲ ਬਲਾਤਕਾਰ ਕੀਤਾ। ਉਸ ਨੇ ਕਿਹਾ ਕਿ ਕਈ ਦਹਾਕਿਆਂ ਤੱਕ ਉਸ ਨੇ ਆਪਣੇ ਦੋ ਦੋਸਤਾਂ ਨੂੰ ਛੱਡ ਕੇ ਕਿਸੇ ਨੂੰ ਨਹੀਂ ਦੱਸਿਆ ਕਿਉਂਕਿ ਉਸਨੂੰ ਡਰ ਸੀ ਕਿ ਟਰੰਪ ਉਸ ਤੋਂ ਬਦਲਾ ਲਵੇਗਾ ਅਤੇ ਉਸ ਨੂੰ ਉਦੋਂ ਲੱਗਿਆ ਜੋ ਹੋਇਆ ਉਹ ਉਸ ਦੀ ਗਲਤੀ ਸੀ।