
ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ ਦੀ ਨਾਮਵਰ ਸ਼ਖਸ਼ੀਅਤ ਬਲੇਸ਼ ਧਨਖੜ (43) ਨੂੰ ਸਿਡਨੀ ਦੇ ਡਾਊਨਿੰਗ ਸੈਂਟਰ ਵਿੱਚ ਜ਼ਿਲ੍ਹਾ ਅਦਾਲਤ ਦੀ ਜਿਊਰੀ ਨੇ ਪੰਜ ਕੋਰੀਆਈ ਔਰਤਾ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਹੈ। ਜੱਜ ਵੱਲੋ ਬਲੇਸ਼ ਧਨਖੜ ਨੂੰ ਸਿਡਨੀ ਦੇ ਹਾਲੀਆ ਇਤਿਹਾਸ ਦੇ ਸਭ ਤੋਂ ਭੈੜੇ ਬਲਾਤਕਾਰੀਆਂ ਵਿੱਚੋਂ ਇੱਕ ਦਾ ਖਿਤਾਬ ਦਿੱਤਾ ਗਿਆ ਹੈ। ਉਸਨੇ ਅਦਾਲਤ ਤੋਂ ਜਮਾਨਤ ਵੀ ਮੰਗੀ ਸੀ, ਪਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ‘ਤੇ ਮਹਿਲਾਵਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ, ਉਨ੍ਹਾਂ ਨੂੰ ਬਹਿਲਾ-ਫੁਸਲਾ ਕੇ, ਨਸ਼ੇ ਦੀ ਹਾਲਤ ਵਿੱਚ ਬਲਾਤਕਾਰ ਦੇ ਦੋਸ਼ ਸਨ। ਧਨਖੜ ‘ਤੇ ਬਲਾਤਕਾਰ ਸਬੰਧੀ ਕੁੱਲ 39 ਦੋਸ਼ ਲੱਗੇ ਸਨ। ਪੁਲਿਸ ਨੂੰ ਧਨਖੜ ਦੀਆਂ ਕਈ ਮਹਿਲਾਵਾਂ ਨਾਲ ਅਸ਼ਲੀਲ ਵੀਡੀਓਜ਼ ਵੀ ਮਿਲੀਆਂ ਸਨ। ਜਿਨ੍ਹਾਂ ਵਿੱਚ ਉਹ ਮਹਿਲਾਵਾਂ ਨੂੰ ਨਸ਼ੇ ਦੀ ਹਾਲਤ ਵਿੱਚ ਜਾਂ ਧੱਕੇ ਨਾਲ ਉਨ੍ਹਾਂ ਨਾਲ ਕੁਕਰਮ ਕਰਦਾ ਦੇਖਿਆ ਜਾ ਸਕਦਾ ਹੈ। ਇਹ ਵੀਡੀਓਜ਼ ਉਹ ਆਪਣੇ ਬੈੱਡ ‘ਤੇ ਲੱਗੇ ਗੁਪਤ ਕੈਮਰੇ ਰਾਂਹੀ ਰਿਕਾਰਡ ਕਰਦਾ ਸੀ ਤੇ ਇਨ੍ਹਾਂ ਦਾ ਪੂਰਾ ਬਿਓਰਾ ਆਪਣੇ ਕੰਪਿਊਟਰ ਵਿੱਚ ਰੱਖਦਾ ਸੀ। ਪ੍ਰੋਸਿਕਿਊਟਰ ਨੇ ਧਨਖੜ ਨੂੰ ਇਸ ਕੇਸ ਦੀ ਕਾਰਵਾਈ ਦੌਰਾਨ ਕਾਫੀ ਲਾਹਨਤਾਂ ਵੀ ਪਾਈਆਂ। ਬਲੇਸ਼ ਧਨਖੜ ਰਾਜਨੀਤਿਕ ਗਲਿਆਰਿਆਂ ਵਿੱਚ ਵੀ ਕਾਫੀ ਰਸੂਖ ਰੱਖਦਾ ਸੀ। ਸਤੰਬਰ, 2014 ਵਿੱਚ ਇੰਡੀਆ ਅਬਰੌਡ ਕਮਿਊਨਿਟੀ ਫਾਊਂਡੇਸ਼ਨ ਦੀ ਸਥਾਪਨਾ ਵੀ ਕੀਤੀ ਸੀ ਤੇ ਉਹ ਭਾਜਪਾ ਦੇ ਵਿਦੇਸ਼ੀ ਮਿੱਤਰ ਸੰਸਥਾ ਦਾ ਮੁਖੀ ਵੀ ਰਹਿ ਚੁੱਕਾ ਹੈ।