
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਪਤਾ ਲਗਾਉਣ ਲਈ ਸਮੀਖਿਆ ਕੀਤੀ ਹੈ ਕੀ ਆਸਟ੍ਰੇਲੀਆ ਕੋਲ ਮੌਜੂਦਾ ਰਣਨੀਤਕ ਮਾਹੌਲ ਵਿੱਚ ਆਪਣੀ ਰੱਖਿਆ ਕਰਨ ਲਈ ਲੋੜੀਂਦੀ ਰੱਖਿਆ ਸਮਰੱਥਾ ਹੈ ਜਾਂ ਨਹੀਂ। ਇੱਕ ਸਰਕਾਰੀ ਕਮਿਸ਼ਨ ਦੁਆਰਾ ਜਾਰੀ ਕੀਤੀ ਸਮੀਖਿਆ ਦੇ ਅਨੁਸਾਰ ਆਸਟ੍ਰੇਲੀਆ ਨੂੰ ਰੱਖਿਆ ‘ਤੇ ਵਧੇਰੇ ਪੈਸਾ ਖਰਚ ਕਰਨ, ਆਪਣਾ ਅਸਲਾ ਬਣਾਉਣ ਅਤੇ ਲੰਬੀ ਦੂਰੀ ਦੇ ਟੀਚਿਆਂ ਨੂੰ ਮਾਰਨ ਦੀ ਸਮਰੱਥਾ ਨੂੰ ਵਿਕਸਤ ਕਰਨ ਦੀ ਜ਼ਰੂਰਤ ਹੈ।
ਅਲਬਾਨੀਜ਼ ਨੇ ਕਿਹਾ ਕਿ “ਅਸੀਂ ਸਮੀਖਿਆ ਵਿੱਚ ਨਿਰਧਾਰਤ ਰਣਨੀਤਕ ਦਿਸ਼ਾਵਾਂ ਅਤੇ ਮੁੱਖ ਖੋਜਾਂ ਦਾ ਸਮਰਥਨ ਕਰਦੇ ਹਾਂ, ਜੋ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਸਾਡੀ ਤਿਆਰੀ ਨੂੰ ਯਕੀਨੀ ਬਣਾਉਣਗੇ।” ਇਸ ਗੁਪਤ ਸਮੀਖਿਆ ਵਿਚ ਸਿਫਾਰਿਸ਼ ਕੀਤੀ ਗਈ ਕਿ ਆਸਟ੍ਰੇਲੀਆ ਦੀ ਸਰਕਾਰ ਕੁੱਲ ਘਰੇਲੂ ਉਤਪਾਦ ਮਤਲਬ GDP ਦੇ ਦੋ ਪ੍ਰਤੀਸ਼ਤ ਦੇ ਮੌਜੂਦਾ ਖਰਚੇ ਦੀ ਤੁਲਨਾ ਵਿਚ ਰੱਖਿਆ ‘ਤੇ ਜ਼ਿਆਦਾ ਖਰਚ ਕਰੇ। ਆਸਟ੍ਰੇਲੀਅਨ ਰੱਖਿਆ ਫੋਰਸ ਦੀ ਲੰਬੀ ਦੂਰੀ ਦੇ ਟੀਚਿਆਂ ਨੂੰ ਹਿੱਟ ਕਰਨ ਦੀ ਸਮਰੱਥਾ ਵਿੱਚ ਸੁਧਾਰ ਕੀਤਾ ਜਾਵੇ ਅਤੇ ਘਰੇਲੂ ਪੱਧਰ ‘ਤੇ ਯੁੱਧ ਸਮੱਗਰੀ ਦਾ ਨਿਰਮਾਣ ਕੀਤਾ ਜਾਵੇ।