ਬ੍ਰਿਟੇਨ ਦੇ ਉਪ ਪ੍ਰਧਾਨ ਮੰਤਰੀ ਡੋਮਿਨਿਕ ਰਾਬ ਨੇ ਦਿੱਤਾ ਅਸਤੀਫਾ

ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਕਰੀਬੀ ਸਹਿਯੋਗੀ ਉਪ ਪ੍ਰਧਾਨ ਮੰਤਰੀ ਡੋਮਿਨਿਕ ਰਾਬ ਨੇ ਬ੍ਰਿਟਿਸ਼ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਦੌਰਾਨ ਕਰਮਚਾਰੀਆਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ਾਂ ਦਰਮਿਆਨ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਵੀਰਵਾਰ ਨੂੰ ਵੱਖ-ਵੱਖ ਜਨਤਕ ਸੇਵਕਾਂ ਵੱਲੋਂ ਇਹ ਦੋਸ਼ ਲਗਾਏ ਗਏ ਸਨ ਅਤੇ ਇਸ ਮਾਮਲੇ ਵਿੱਚ ਸੁਨਕ ਨੂੰ ਇੱਕ ਸੁਤੰਤਰ ਰਿਪੋਰਟ ਸੌਂਪੀ ਦਿੱਤੀ ਗਈ ਹੈ।

ਬ੍ਰਿਟੇਨ ਦੇ ਨਿਆਂ ਮੰਤਰੀ ਰਾਬ ‘ਤੇ ਉਦੋਂ ਤੋਂ ਹੀ ਫੈਸਲੇ ਨੂੰ ਲੈ ਕੇ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਰਾਬ (49) ਨੇ ਟਵਿੱਟਰ ‘ਤੇ ਆਪਣਾ ਅਸਤੀਫਾ ਸਾਂਝਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਵਿਵਹਾਰ ਸਬੰਧੀ ਰਿਪੋਰਟ ਵਿਚ ਉਨ੍ਹਾਂ ਵਿਰੁੱਧ 2 ਦਾਅਵਿਆਂ ਨੂੰ ਬਰਕਰਾਰ ਰੱਖਿਆ ਗਿਆ ਹੈ। ਰਾਬ ਨੇ ਹਾਲਾਂਕਿ ਉਨ੍ਹਾਂ ਨੂੰ ਗ਼ਲਤ ਦੱਸਿਆ ਅਤੇ ਕਿਹਾ, “ਮੈਂ ਜਾਂਚ ਰਿਪੋਰਟ ਨੂੰ ਸਵੀਕਾਰ ਕਰਨ ਲਈ ਪਾਬੰਦ ਹਾਂ, ਪਰ ਇਸ ਵਿਚ ਮੇਰੇ ਵਿਰੁੱਧ ਦੋ ਦਾਅਵਿਆਂ ਨੂੰ ਛੱਡ ਕੇ ਬਾਕੀਆਂ ਨੂੰ ਖਾਰਜ ਕਰ ਦਿੱਤਾ ਗਿਆ ਹੈ।” ਉਨ੍ਹਾਂ ਕਿਹਾ, “ਮੈਂ ਇਹ ਵੀ ਮੰਨਦਾ ਹਾਂ ਕਿ ਦੋਵੇਂ ਪ੍ਰਤੀਕੂਲ ਸਿੱਟੇ ਵੀ ਗ਼ਲਤ ਹਨ ਅਤੇ ਚੰਗੀ ਸਰਕਾਰ ਦੇ ਆਚਰਣ ਦੇ ਮਾਮਲੇ ਵਿੱਚ ਖਤਰਨਾਕ ਮਿਸਾਲ ਕਾਇਮ ਕਰਦੇ ਹਨ।”