ਆਸਟ੍ਰੇਲੀਆ ਉੱਥੇ ਰਹਿ ਰਹੇ ਕੀਵੀ ਲੋਕਾਂ ਲਈ ਇਮੀਗ੍ਰੇਸ਼ਨ ਨਿਯਮਾਂ ਵਿੱਚ ਬਦਲਾਅ ਲਈ ਕਰ ਰਹੀ ਹੈ ਵਿਚਾਰ

ਆਸਟ੍ਰੇਲੀਆ ਰਹਿੰਦੇ ਕਰੀਬ 5 ਲੱਖ ਨਿਊਜੀਲੈਂਡ ਵਾਸੀਆਂ ਨੂੰ ਇੱਕ ਚੰਗੀ ਖਬਰ ਮਿਲਣ ਜਾ ਰਹੀ ਹੈ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਹਫਤੇ ਸ਼ੁਰੂ ਹੋਣ ਜਾ ਰਹੀ ਆਸਟ੍ਰੇਲੀਆ ਫੇਰੀ ਦੌਰਾਨ ਇਹ ਖੁਸ਼ਖਬਰੀ ਉਹ ਨਿਊਜੀਲੈਂਡ ਵਾਸੀਆਂ ਨਾਲ ਸਾਂਝੀ ਕਰ ਸਕਦੇ ਹਨ।ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਰਹਿੰਦੇ ਲੱਖਾਂ ਨਿਊਜੀਲੈਂਡ ਵਾਸੀਆਂ ਦੇ ਉੱਥੇ ਪੱਕੇ ਹੋਣ ਲਈ ਅਹਿਮ ਪਾਥਵੇਅ ਦਾ ਐਲਾਨ ਜਲਦ ਹੀ ਕੀਤਾ ਜਾ ਸਕਦਾ ਹੈ। ਇਸ ਨੂੰ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਸਮੇਂ ਵਿੱਚ ਹੀ ਹਰੀ ਝੰਡੀ ਮਿਲ ਗਈ ਸੀ, ਜਦੋਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਨੇ ਕਿਹਾ ਸੀ ਕਿ ਐਨਜੇਕ ਡੇਅ 2023 ਤੋਂ ਪਹਿਲਾਂ ਇਹ ਬਦਲਾਅ ਐਲਾਨ ਦਿੱਤਾ ਜਾਏਗਾ। ਨਿਊਜੀਲੈਂਡ ਦੀ ਮੌਜੂਦਾ ਸਰਕਾਰ ਦੀ ਇਹ ਇੱਕ ਅਹਿਮ ਉਪਲਬਧੀ ਮੰਨੀ ਜਾ ਰਹੀ ਹੈ, ਜਿਸ ਦਾ ਫਾਇਦਾ ਨਿਊਜੀਲੈਂਡ ਵਾਸੀਆਂ ਨੂੰ ਹੋਵੇਗਾ। ਇਸ ਵੇਲੇ ਕਰੀਬ 560,000 ਨਿਊਜੀਲੈਂਡ ਵਾਸੀ ਆਸਟ੍ਰੇਲੀਆ ਰਹਿ ਰਹੇ ਹਨ, ਪਰ ਇਨ੍ਹਾਂ ਵਿੱਚੋਂ ਸਿਰਫ 191,000 ਕੋਲ ਹੀ ਆਸਟ੍ਰੇਲੀਆ ਦੀ ਨਾਗਰਿਕਤਾ ਹੈ।