ਦਿੱਲੀ ਕਮੇਟੀ ਦੇ ਪ੍ਰਧਾਨ ਕਾਲਕਾ ਵਲੋਂ ਦਿੱਲੀ ਸਮਾਗਮਾਂ ’ਚ ਤਿੰਨ ਕਰੋੜ ਖ਼ਰਚਣ ਦੇ ਦੋਸ਼ਾਂ ਨੂੰ ਸ਼੍ਰੋਮਣੀ ਕਮੇਟੀ ਨੇ ਨਕਾਰਿਆ

ਸਿੱਖ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਦਿੱਲੀ ਵਿਖੇ ਕੀਤੇ ਗਏ ਸਮਾਗਮਾਂ ’ਤੇ ਤਿੰਨ ਕਰੋੜ ਖਰਚਣ ਬਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਜਾਰੀ ਬਿਆਨ ਵਿਚ ਕਾਹਲਵਾਂ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਆਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਸ਼੍ਰੋਮਣੀ ਕਮੇਟੀ ਖ਼ਿਲਾਫ਼ ਗਲਤ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਇਤਿਹਾਸ ਨਾਲ ਸੰਬੰਧਿਤ ਸ਼ਤਾਬਦੀਆਂ ਨੂੰ ਮਨਾਉਣਾ ਸੰਸਥਾ ਦਾ ਫ਼ਰਜ਼ ਹੈ, ਜਿਸ ਨੂੰ 100 ਸਾਲ ਸਫ਼ਰ ਦੌਰਾਨ ਬਾਖੂਬੀ ਨਿਭਾਇਆ ਜਾ ਰਿਹਾ ਹੈ। ਉਨ੍ਹਾਂ ਸ. ਕਾਲਕਾ ਵਲੋਂ ਤਿੰਨ ਕਰੋੜ ਖਰਚਣ ਦੀ ਕਹੀ ਗਈ ਗੱਲ ਨੂੰ ਸਿਰੇ ਤੋਂ ਨਕਾਰਦਿਆਂ ਤੇ ਸੰਗਤਾਂ ਨੂੰ ਇਸ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਾਲਕਾ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਪਾਸ ਤਿੰਨ ਕਰੋੜ ਦੇ ਖ਼ਰਚਿਆਂ ਦੇ ਸਬੂਤ ਹਨ ਤਾਂ ਪੇਸ਼ ਕਰਨ, ਨਹੀਂ ਤਾਂ ਜਨਤਕ ਮੁਆਫ਼ੀ ਮੰਗਣ।