ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਅਗਲੇ ਮਹੀਨੇ ਆਉਣਗੇ ਭਾਰਤ

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਉੱਥੋਂ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਇਸ ਮਈ ਮਹੀਨੇ ਗੋਆ ’ਚ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਲਈ ਭਾਰਤ ਆਉਣਗੇ। ਅਧਿਕਾਰੀਆਂ ਦੇ ਦੱਸਿਆ ਕਿ ਭੁੱਟੋ-ਜ਼ਰਦਾਰੀ 4-5 ਮਈ ਨੂੰ ਹੋਣ ਵਾਲੀ ਐਸ.ਸੀ.ਓ. ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਪਾਕਿਸਤਾਨੀ ਵਫ਼ਦ ਦੀ ਅਗਵਾਈ ਕਰਨਗੇ। ਇਕ ਰਿਪੋਰਟ ਅਨੁਸਾਰ ਬਿਲਾਵਲ ਕਰੀਬ 12 ਸਾਲਾਂ ਦੇ ਵਕਫ਼ੇ ਤੋਂ ਬਾਅਦ ਭਾਰਤ ਦਾ ਦੌਰਾ ਕਰਨ ਵਾਲੇ ਪਹਿਲੇ ਪਾਕਿਸਤਾਨੀ ਵਿਦੇਸ਼ ਮੰਤਰੀ ਹੋਣਗੇ। 2011 ’ਚ ਪਾਕਿਸਤਾਨ ਦੀ ਉਸ ਸਮੇਂ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖ਼ਾਰ ਨੇ ਭਾਰਤ ਦਾ ਦੌਰਾ ਕੀਤਾ ਸੀ।