California Gurdwara Shooting Case: ਪੁਲੀਸ ਨੇ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਏਕੇ-47, ਮਸ਼ੀਨਗੰਨ ਤੇ ਹੋਰ ਹਥਿਆਰ ਕੀਤੇ ਜ਼ਬਤ

ਅਮਰੀਕਾ ਵਿਖੇ ਸੈਕਰਾਮੈਂਟੋ ਦੇ ਇਕ ਗੁਰਦੁਆਰੇ ਵਿਚ ਪਿਛਲੇ ਮਹੀਨੇ ਵਾਪਰੀ ਗੋਲੀ ਕਾਂਡ ਦੇ ਸੰਬੰਧ ਵਿਚ ਪੁਲਿਸ ਨੇ 20 ਥਾਵਾਂ ’ਤੇ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਅਤੇ ਇਸ ਘਟਨਾ ਨਾਲ ਸੰਬੰਧਿਤ 17 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਛਾਪੇਮਾਰੀ ਵਿਚ ਏ.ਕੇ.47, ਮਸ਼ੀਨ ਗਨ ਅਤੇ ਕਈ ਹੈਂਡਗਨ ਵੀ ਬਰਾਮਦ ਕੀਤੇ ਹਨ। ਕੈਲੀਫ਼ੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ, ਯੂਬਾ ਸਿਟੀ ਦੇ ਪੁਲਿਸ ਮੁਖੀ ਬ੍ਰਾਇਨ ਬੇਕਰ, ਸੂਟਰ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਜੈਨੀਫਰ ਡੁਪਰੀ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਵਿਚ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਵਿਖੇ 26 ਮਾਰਚ ਨੂੰ ਹੋਏ ਪਹਿਲੇ ਸਮਾਗਮ ਦੌਰਾਨ ਨਗਰ ਕੀਰਤਨ ਦੌਰਾਨ ਗੋਲੀ ਚੱਲ ਗਈ। ਇਹ ਘਟਨਾ ਸੈਕਰਾਮੈਂਟੋ ਕਾਉਂਟੀ ਦੇ ਬਰੈਡਸ਼ੌ ਰੋਡ ’ਤੇ ਵਾਈਨਯਾਰਡ ਇਲਾਕੇ ’ਚ ਵਾਪਰੀ, ਜਿੱਥੇ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਦੋ ਮਾਫ਼ੀਆ ਨਾਲ ਸੰਬੰਧ ਰੱਖਣ ਵਾਲੇ ਅਪਰਾਧੀ ਹਨ ਅਤੇ ਕਤਲ ਦੇ ਮਾਮਲੇ ਵਿਚ ਭਾਰਤ ਵਿਚ ਲੋੜੀਂਦੇ ਹਨ। ਇੰਨਾ ਹੀ ਨਹੀਂ ਫ਼ੜ੍ਹੇ ਗਏ ਇਹ ਵਿਅਕਤੀ ਅਪਰਾਧੀ ਗਰੋਹਾਂ ਨਾਲ ਜੁੜੇ ਹੋਏ ਹਨ ਅਤੇ ਕੈਲੀਫ਼ੋਰਨੀਆ ਵਿਚ ਸੂਟਰ, ਸੈਕਰਾਮੈਂਟੋ, ਸੈਨ ਵੋਲਕਿਨ, ਸੋਲਾਨੋ, ਯੋਲੋ ਅਤੇ ਮਰਸਡ ਕਾਉਂਟੀਆਂ ਵਿਚ ਹਿੰਸਾ, ਗੋਲੀਬਾਰੀ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਹ ਸਟਾਕਟਨ ਦੇ ਇਕ ਗੁਰਦੁਆਰੇ ਵਿਚ ਗੋਲੀਬਾਰੀ ਲਈ ਵੀ ਜ਼ਿੰਮੇਵਾਰ ਹਨ। ਇਹ ਘਟਨਾ ਪਿਛਲੇ ਸਾਲ 27 ਅਗਸਤ ਨੂੰ ਵਾਪਰੀ ਸੀ।