ਪ੍ਰਦੂਸ਼ਣ ਚਿੰਤਾ ਦਾ ਵਿਸ਼ਾ: ਕਿਸਾਨ ਦੋਸ਼ੀ ਨਹੀਂ, ਸਰਕਾਰਾਂ ਕਾਰਪੋਰੇਟਾਂ ਦਾ ਪੱਖ ਨਾ ਪੂਰਨ

ਵਾਤਾਵਰਣ ਦਾ ਹਰ ਜਿਉਂਦੇ ਜੀਵ ਤੇ ਪ੍ਰਭਾਵ ਪੈਂਦਾ ਹੈ, ਵਾਤਾਵਰਣ ਦੀ ਹਰ ਪ੍ਰਾਣੀ ਮੁਫ਼ਤ ਵਿੱਚ ਵਰਤੋਂ ਕਰਦਾ ਹੈ। ਇਨਸਾਨ, ਜੀਵ ਜੰਤੂ, ਪਸ਼ੂ ਆਦਿ ਹਰ ਜਾਨਦਾਰ ਜਿੱਥੇ ਰਹਿੰਦਾ ਹੈ, ਉਸਦੇ ਆਸ ਪਾਸ ਪਾਣੀ, ਮਿੱਟੀ, ਹਵਾ, ਬਨਸਪਤੀ, ਧੁੱਪ, ਜੰਗਲ ਆਦਿ ਨੂੰ ਹੀ ਵਾਤਾਵਰਣ ਕਿਹਾ ਜਾਂਦਾਾ ਹੈ। ਜੇਕਰ ਇਹ ਵਾਤਾਵਰਣ ਸੁੱਧ ਤੇ ਸਾਫ਼ ਸੁਥਰਾ ਹੋਵੇਗਾ ਤਾਂ ਇਸ ਦਾ ਜੀਵਨ ਤੇ ਚੰਗਾ ਪ੍ਰਭਾਵ ਪਵੇਗਾ, ਬੀਮਾਰੀਆਂ ਨਹੀਂ ਫੈਲਣਗੀਆਂ, ਪ੍ਰਾਣੀਆਂ ਦੀ ਉਮਰ ਲੰਬੀ ਹੋਵੇਗੀ। ਇਸ ਵਾਤਾਵਰਣ ਦੀ ਉਪਯੋਗਤਾ ਨੂੰ ਘੱਟ ਕਰਨ ਵਾਲੀ ਚੀਜ਼ ਪ੍ਰਦੂਸ਼ਕ ਕਹਾਉਂਦੀ ਹੈ ਜਿਸਦੇ ਅਸਰ ਨਾਲ ਹੀ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ। ਸੁੱਧ ਵਾਤਾਵਰਣ ਜੀਵਨ ਨੂੰ ਤੰਦਰੁਸਤ ਰੱਖਣ ਲਈ ਸਹਾਈ ਹੁੰਦਾ ਹੈ, ਜਿਨ੍ਹੀ ਉਸ ਦੀ ਉਪਯੋਗਤਾ ਘੱਟ ਹੋਵੇਗੀ, ਓਨਾ ਹੀ ਉਹ ਜੀਵਨ ਤੇ ਬੁਰਾ ਪ੍ਰਭਾਵ ਪਾਵੇਗਾ। ਇਸ ਸਦਕਾ ਹੀ ਇਨਸਾਨਾਂ ਨੂੰ ਫੇਫੜਿਆਂ ਦਾ ਕੈਂਸਰ, ਗਲੇ ਦਾ ਕੈਂਸਰ, ਅਲਰਜੀ, ਦਮਾਂ, ਪੇਟ ਦੀਆਂ ਬੀਮਾਰੀਆਂ ਆਦਿ ਲਗਦੀਆਂ ਹਨ। ਇਸੇ ਤਰ੍ਹਾਂ ਦਾ ਅਸਰ ਹੀ ਪਸ਼ੂਆਂ ਤੇ ਜੀਵ ਜੰਤੂਆਂ ਤੇ ਵੀ ਪੈਂਦਾ ਹੈ। ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਿੱਚ ਉਦਯੋਗਾਂ ਦਾ ਧੂੰਆਂ ਤੇ ਰਹਿੰਦ ਖੂੰਹਦ, ਗੱਡੀਆਂ ਦਾ ਧੂੰਆਂ, ਫੈਕਟਰੀਆਂ ਦੀਆਂ ਗੈਂਸਾਂ, ਕੀਟਨਾਸਕ ਤੇ ਨਦੀਨਨਾਸਕ ਜ਼ਹਿਰਾ ਦੇ ਛਿੜਕਾ ਦਾ ਯੋਗਦਾਨ ਹੁੰਦਾ ਹੈ।
ਪ੍ਰਦੂਸ਼ਣ ਸਦਕਾ ਅੱਜ ਸਮੁੱਚੀ ਦੁਨੀਆਂ ਦੇ ਵਾਤਾਵਰਣ ਤੇ ਹੀ ਬੁਰਾ ਪ੍ਰਭਾਵ ਪੈ ਰਿਹਾ ਹੈ ਅਤੇ ਸੰਸਾਰ ਪੱਧਰ ਤੇ ਹੀ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਦੇ ਵਾਤਾਵਰਣ ਵਿੱਚ ਤਾਂ ਬਹੁਤ ਜ਼ਿਆਦਾ ਵਿਗਾੜ ਆ ਚੁੱਕਾ ਹੈ, ਪਰ ਦੇਸ਼ ਜਾਂ ਰਾਜ ਸਰਕਾਰਾਂ ਇਸ ਅਤੀ ਸੰਵੇਦਨਸ਼ੀਲ ਮੁੱਦੇ ਵੱਲ ਲੋੜੀਂਦਾ ਧਿਆਨ ਨਹੀਂ ਦੇ ਰਹੀਆਂ। ਕਾਰਖਾਨਿਆਂ ਦੀ ਰਹਿੰਦ ਖੂੰਹਦ ਨੂੰ ਦਰਿਆਵਾਂ ਨਹਿਰਾਂ ਵਿੱਚ ਸੁੱਟ ਕੇ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ, ਜੋ ਅੱਗੇ ਲੋਕਾਂ ਨੇ ਪੀਣ ਲਈ ਵਰਤਣਾ ਹੁੰਦਾ ਹੈ। ਉਦਯੋਗਾਂ ਤੇ ਵਹੀਕਲਾਂ ਦੇ ਧੂੰਏ ਤੇ ਗੈਂਸਾਂ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਅਤੇ ਜਿਸ ਚੋਂ ਜਿਉਂਦਾ ਰਹਿਣ ਲਈ ਸਾਹ ਲੈਣਾ ਪੈਂਦਾ ਹੈ। ਕੀਟਨਾਸਕ ਤੇ ਨਦੀਨ ਨਾਸਕ ਜ਼ਹਿਰਾ ਦਵਾਈਆਂ ਨਾਲ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਅਨਾਜ ਜੋ ਖਾਣ ਲਈ ਵਰਤਿਆ ਜਾਂਦਾ ਹੈ ਉਹ ਜ਼ਹਿਰੀਲਾ ਤੇ ਨੁਕਸਾਨਦਾਇਕ ਹੁੰਦਾ ਹੈ। ਸਵਾਲ ਉੱਠਦਾ ਹੈ ਕੀ ਲੋਕ ਪ੍ਰਦੂਸ਼ਣ ਸਦਕਾ ਇਸੇ ਤਰ੍ਹਾਂ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਮਰਦੇ ਰਹਿਣਗੇ? ਕੀ ਇਸਦਾ ਕੋਈ ਹੱਲ ਨਹੀਂ ਹੈ? ਇਹ ਪ੍ਰਦੂਸ਼ਣ ਰੋਕਿਆ ਕਿਉਂ ਨਹੀਂ ਜਾ ਰਿਹਾ? ਇਸਦਾ ਉੱਤਰ ਵੀ ਸਪਸ਼ਟ ਹੈ, ਕਿ ਕਰੀਬ ਇੱਕ ਸਦੀ ਪਹਿਲਾਂ ਤਾਂ ਵਾਤਾਵਰਣ ਸੁੱਧ ਤੇ ਸਵੱਛ ਸੀ, ਉਦੋਂ ਲੋਕ ਅੱਜ ਨਾਲੋਂ ਕਿਤੇ ਜ਼ਿਆਦਾ ਤੰਦਰੁਸਤ ਰਹਿੰਦੇ ਸਨ, ਬੀਮਾਰੀਆਂ ਘੱਟ ਸਨ। ਦੁਨੀਆਂ ਪੱਧਰ ਤੇ ਹੋ ਰਹੇ ਵਿਕਾਸ ਸਦਕਾ ਜੋ ਕਾਰਖਾਨੇ ਤੇ ਵਹੀਕਲ ਆਏ, ਉਹਨਾਂ ਪਾਣੀ ਤੇ ਹਵਾ ਪ੍ਰਦੂਸ਼ਿਤ ਕੀਤੀ। ਭਾਰਤ ਵਿੱਚ ਅਨਾਜ ਵੱਧ ਪੈਦਾ ਕਰਨ ਦੀ ਲੋੜ ਨੇ ਉਪਜ ਵਧਾਉਣ ਲਈ ਰਸਾਇਣਕ ਖਾਦਾਂ ਤੇ ਜ਼ਹਿਰਾਂ ਦਾ ਛਿੜਕਾ ਹੋਣ ਲੱਗਿਆ। ਰੁਜਗਾਰ ਲਈ ਫੈਕਟਰੀਆਂ ਕਾਰਖਾਨੇ ਵੀ ਚਾਹੀਦੇ ਹਨ ਅਤੇ ਜਿਉਂਦੇ ਰਹਿਣ ਲਈ ਅਬਾਦੀ ਅਨੁਸਾਰ ਅਨਾਜ ਦੀ ਵੀ ਜਰੂਰਤ ਹੈ। ਇਸ ਕਰਕੇ ਇਹ ਕੰਮ ਬੰਦ ਤਾਂ ਨਹੀਂ ਕੀਤਾ ਜਾ ਸਕਦਾ, ਇਸ ਵਿੱਚ ਲੋਂੜੀਦੇ ਸੁਧਾਰ ਕਰਕੇ ਪ੍ਰਦੂਸ਼ਿਤਤਾ ਨੂੰ ਰੋਕਿਆ ਜਾ ਸਕਦਾ ਹੈ। ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਸਰਕਾਰਾਂ ਦੀ ਨੀਅਤ ਸਾਫ਼ ਹੋਵੇ ਤੇ ਲੋਕ ਜਾਗਰੂਕ ਹੋਣ ਅਤੇ ਮੁਨਾਫ਼ਾ ਹਾਸਲ ਕਰਨ ਲਈ ਪ੍ਰਦੂਸ਼ਿਤ ਫੈਲਾਉਣ ਵਾਲੇ ਕਾਰਪੋਰੇਟ ਘਰਾਣਿਆਂ ਨੂੰ ਨੱਥ ਪਾਈ ਜਾਵੇ।

ਵੱਡੇ ਕਾਰਪੋਰੇਟ ਘਰਾਣਿਆਂ ਨੇ ਆਪਣੀਆਂ ਦਵਾਈਆਂ ਤੇ ਜ਼ਹਿਰਾਂ ਵੇਚ ਕੇ ਵੱਡਾ ਮੁਨਾਫ਼ਾ ਕਮਾਉਣਾ ਹੁੰਦਾ ਹੈ। ਉਹ ਸਮੇਂ ਦੀਆਂ ਸਰਕਾਰਾਂ ਨਾਲ ਗੰਢਤੁੱਪ ਕਰਕੇ, ਆਪਣੀਆਂ ਕੰਪਨੀਆਂ ਦਾ ਡਟ ਕੇ ਪ੍ਰਚਾਰ ਕਰਦੇ ਹਨ ਅਤੇ ਆਪਣਾ ਸਮਾਨ ਵੇਚਦੇ ਹਨ। ਜੋ ਖਾਦਾਂ ਤੇ ਜ਼ਹਿਰਾਂ ਕਿਸਾਨਾਂ ਤੱਕ ਸਪਲਾਈ ਕੀਤੀਆਂ ਜਾਂਦੀਆਂ ਹਨ, ਉਹ ਵੱਧ ਜਿਨਸ ਲੈਣ ਲਈ ਛਿੜਕੀ ਜਾਂਦੇ ਹਨ। ਕਾਰਪੋਰੇਟ ਘਰਾਣਿਆਂ ਦਾ ਕਿਸੇ ਦੇ ਜੀਵਨ ਨਾਲ ਕੋਈ ਸਬੰਧ ਨਹੀਂ ਹੁੰਦਾ ਉਹਨਾਂ ਦਾ ਅਸਲ ਮਕਸਦ ਤਾਂ ਸਿਰਫ਼ ਮੁਨਾਫ਼ਾ ਹਾਸਲ ਕਰਨਾ ਹੈ, ਉਹ ਕਰ ਰਹੇ ਹਨ। ਪਹਿਲਾਂ ਉਹ ਜ਼ਹਿਰਾਂ ਵੇਚਦੇ ਹਨ ਫੇਰ ਉਹਨਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਲਈ ਦਵਾਈਆਂ ਵੇਚਦੇ ਹਨ। ਆਪ ਉਹ ਮੁੱਲ ਦਾ ਸਾਫ਼ ਸੁਥਰਾ ਪਾਣੀ ਵੀ ਪੀ ਲੈਂਦੇ ਹਨ ਤੇ ਸੁੱਧ ਫਲ ਤੇ ਸਬਜੀਆਂ ਵੀ ਮੰਗਵਾ ਲੈਂਦੇ ਹਨ। ਪਰ ਆਮ ਲੋਕ ਆਪਣੇ ਹੱਥੀ ਜ਼ਹਿਰਾਂ ਛਿੜਕ ਕੇ ਆਪ ਹੀ ਖਾ ਰਹੇ ਹਨ ਤੇ ਪ੍ਰਦੂਸ਼ਿਤ ਪਾਣੀ ਵੀ ਰਹੇ ਹਨ। ਸਰਕਾਰਾਂ ਇਹਨਾਂ ਮੁਨਾਫ਼ਾਖੋਰ ਘਰਾਣਿਆਂ ਦਾ ਪੱਖ ਪੂਰਦੀਆਂ ਹਨ ਅਤੇ ਲੋਕਾਂ ਨਾਲੋਂ ਉਹਨਾਂ ਦੇ ਹਿਤਾਂ ਵੱਲ ਉਚੇਚਾ ਧਿਆਨ ਦਿੰਦੀਆਂ ਹਨ।
ਇਹ ਨਹੀਂ ਕਿ ਸਰਕਾਰਾਂ ਇਸ ਮੁੱਦੇ ਤੋਂ ਬੇਖ਼ਬਰ ਹਨ। ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਦਹਾਕਿਆਂ ਪਹਿਲਾਂ ਪ੍ਰਦੂਸ਼ਣ ਦੇ ਵਧਦੇ ਖਤਰੇ ਨੂੰ ਭਾਂਪ ਲਿਆ ਸੀ ਤੇ ਕੇਂਦਰੀ ਵਾਤਾਵਰਣ ਮੰਤਰਾਲੇ ਦੀ ਸਥਾਪਨਾ ਕਰ ਦਿੱਤੀ ਸੀ। ਇਸ ਮੰਤਰਾਲੇ ਦੀਆਂ ਸਰਕਾਰੀ ਤੇ ਗੈਰ ਸਰਕਾਰੀ ਮੀਟਿੰਗਾਂ ਵੀ ਹੁੰਦੀਆਂ ਰਹਿੰਦੀਆਂ ਹਨ ਅਤੇ ਬੱਜਟ ਵਿੱਚੋਂ ਇਸ ਵੱਲੋਂ ਭਾਰੀ ਰਾਸ਼ੀ ਵੀ ਖਰਚੀ ਜਾਂਦੀ ਹੈ। ਪਰ ਇਹ ਸਭ ਕੁੱਝ ਕਾਗਜਾਂ ਵਿੱਚ ਹੀ ਚਲਦਾ ਹੈ, ਪ੍ਰਦੂਸ਼ਿਤ ਰੋਕਣ ਜਾਂ ਵਾਤਾਵਰਣ ਦੀ ਸੁੱਧਤਾ ਲਈ ਠੋਸ ਕਦਮ ਨਹੀਂ ਚੁੱਕੇ ਜਾਂਦੇ। ਕਾਰਪੋਰੇਟ ਘਰਾਣਿਆਂ ਦੇ ਆਪਣੇ ਉਦਯੋਗ ਤੇ ਕੰਪਨੀਆਂ ਹਨ, ਜਿਹਨਾਂ ਸਮਾਨ ਵੇਚਣਾ ਹੈ, ਇਸ ਲਈ ਉਹਨਾਂ ਦੇ ਪ੍ਰਭਾਵ ਹੇਠ ਸਰਕਾਰਾਂ ਕਿਸਾਨਾਂ ਵੱਲੋਂ ਪਰਾਲੀ ਫੂਕਣ ਦਾ ਪ੍ਰਚਾਰ ਕਰਕੇ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹ ਕੇ ਬਹੁਕੌਮੀ ਕੰਪਨੀਆਂ ਤੇ ਕਾਰਪੋਰੇਟਾਂ ਨੂੰ ਦੁੱਧ ਧੋਤੇ ਕਰਾਰ ਦੇ ਦਿੰਦੀਆਂ ਹਨ। ਪੰਜਾਬ ਬਾਰੇ ਤਾਂ ਇਉਂ ਲਗਦੈ ਕਿ ਕੇਂਦਰ ਸਰਕਾਰ ਗਿਣੀ ਮਿਥੀ ਸਾਜ਼ਿਸ ਨਾਲ ਪ੍ਰਦੂਸ਼ਣ ਫੈਲਾ ਰਹੀ ਹੈ, ਭਾਖੜਾ ਤੋਂ ਪੈਦਾ ਹੋਣ ਵਾਲੀ ਪਣ ਬਿਜਲੀ ਦਿੱਲੀ ਭੇਜੀ ਜਾ ਰਹੀ ਹੈ ਜਦ ਕਿ ਬਿਹਾਰ ਜਾਂ ਹੋਰ ਰਾਜਾਂ ਤੋਂ ਕੋਲਾ ਲਿਆ ਕੇ ਪੰਜਾਬ ਵਿੱਚ ਥਰਮਲ ਪਲਾਂਟ ਚਲਾਏ ਜਾ ਰਹੇ ਹਨ। ਇਸਨੂੰ ਸਾਜਿਸ ਨਹੀਂ ਤਾਂ ਹੋਰ ਕੀ ਕਹਿ ਸਕਦੇ ਹਾਂ। ਪੰਜਾਬ ਦੇ ਕਿਸਾਨਾਂ ਸਿਰ ਹਰੇ ਇਨਕਲਾਬ ਸਦਕਾ ਪਰਾਲੀ ਨੂੰ ਅੱਗ ਲਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ, ਕੀ ਹਰਾ ਇਨਕਲਾਬ ਸਰਕਾਰ ਅਨੁਸਾਰ ਨਹੀਂ ਸੀ ਲਿਆਂਦਾ ਗਿਆ। ਉਸ ਸਮੇਂ ਭੁੱਖਮਰੀ ਰੋਕਣ ਲਈ ਵਾਧੂ ਅਨਾਜ ਚਾਹੀਦਾ ਸੀ ਤਾਂ ਪੰਜਾਬ ਨੇ ਹਰਾ ਇਨਕਲਾਬ ਲਿਆਂਦਾ ਸੀ। ਹੁਣ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਬਣਾਇਆ ਜਾ ਰਿਹਾ ਹੈ। ਕੀ ਇਹ ਧੱਕੇਸ਼ਾਹੀ ਨਹੀਂ ਹੈ, ਜਦੋਂ ਅਨਾਜ ਦੀ ਲੋੜ ਸੀ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਕਿਸਾਨਾਂ ਨੂੰ ਵਰਤਿਆ। ਹੁਣ ਲੋੜ ਪੂਰੀ ਹੋ ਗਈ ਤਾਂ ਕਿਸਾਨ ਦੋਸ਼ੀ ਹੋ ਗਏ ਜਦੋਂ ਕਿ ਉਹਨਾਂ ਦੀ ਧਰਤੀ ਮਿੱਟੀ ਵੀ ਨੁਕਸਾਨੀ ਜਾ ਚੁੱਕੀ ਹੈ।
ਅੱਜ ਲੋੜ ਹੈ ਸਰਕਾਰਾਂ ਇਸ ਮੁੱਦੇ ਤੋਂ ਸੁਰਖਰੂ ਹੋਣ ਲਈ ਕਿਸੇ ਹੋਰ ਸਿਰ ਦੋਸ਼ ਮੜ੍ਹਣ ਦੀ ਬਜਾਏ ਚਿੰਤਾ ਕਰਨ ਤੇ ਇਸ ਸੰਵੇਦਨਸ਼ੀਲ ਮਾਮਲੇ ਦਾ ਹੱਲ ਲੱਭਣ। ਇਹ ਕੋਈ ਔਖਾ ਕੰਮ ਨਹੀਂ ਸਿਰਫ ਨੀਅਤ ਸਾਫ਼ ਕਰਨ ਦੀ ਲੋੜ ਹੈ। ਉਦਯੋਗਾਂ ਕਾਰਖਾਨਿਆਂ ਦਾ ਪਾਣੀ ਤੇ ਰਹਿੰਦ ਖੂੰਹਦ ਅਤੇ ਸੀਵਰੇਜ ਦਾ ਪਾਣੀ ਦਰਿਆਵਾਂ ਨਹਿਰਾਂ ਵਿੱਚ ਪਾਉਣ ਤੇ ਰੋਕ ਲਾ ਕੇ ਟਰੀਟਮੈਂਟ ਪਲਾਂਟ ਲਗਾ ਕੇ ਸਾਫ਼ ਕਰਨ ਦੇ ਪ੍ਰਬੰਧ ਕੀਤੇ ਜਾਣ। ਕਾਰਖਾਨਿਆਂ ਵਿੱਚੋਂ ਨਿਕਲਣ ਵਾਲੀਆਂ ਗੈਂਸਾਂ ਤੇ ਧੂੰਆਂ ਰੋਕਣ ਲਈ ਲੋੜੀਂਦੇ ਯੰਤਰ ਲਗਵਾਏ ਜਾਣ। ਕੀਟਨਾਸਕ ਤੇ ਨਦੀਨਨਾਸਕ ਜ਼ਹਿਰਾਂ ਦੀ ਵਰਤੋਂ ਲਈ ਮਾਹਰਾਂ ਦੀ ਸਲਾਹ ਨਾਲ ਹੀ ਸਪਲਾਈ ਕੀਤੀ ਜਾਵੇ ਤੇ ਬੋਲੋੜੀ ਵਰਤੋਂ ਰੋਕੀ ਜਾਵੇ, ਜ਼ਹਿਰਾਂ ਦਵਾਈਆਂ ਵੇਚਣ ਲਈ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿਤ ਨਾ ਵੇਖੇ ਜਾਣ। ਕਿਸਾਨਾਂ ਨੂੰ ਦੋਸ਼ੀ ਬਣਾਉਣ ਦੀ ਬਜਾਏ ਮਾਹਰ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਮਸ਼ਵਰੇ ਦੇਣ।
ਪ੍ਰਦੂਸ਼ਣ ਰੋਕਣ ਲਈ ਪ੍ਰਚਾਰ ਕਰਨ ਵਾਸਤੇ ਸਮੁੱਚੇ ਦੇਸ਼ ਭਰ ਵਿੱਚ ਇੱਕ ਜਬਰਦਸਤ ਲਹਿਰ ਚਲਾਉਣ ਦੀ ਲੋੜ ਹੈ। ਕਿਸਾਨ ਜਥੇਬੰਦੀਆਂ ਸਮੇਤ ਸਮਾਜਿਕ, ਧਾਰਮਿਕ ਜਥੇਬੰਦੀਆਂ ਵੀ ਜ਼ਹਿਰਾਂ ਦੇ ਮਾਰੂ ਅਸਰ ਤੇ ਪ੍ਰਦੂਸ਼ਣ ਰੋਕਣ ਲਈ ਕਿਸਾਨਾਂ ਨੂੰ ਜਗਰੂਕ ਕਰਨ।