ਬੈਗ ਵਿਚ ਲੁਕੋਏ ਭੂਕਾਂ ਵਾਲੇ ਪਿਆਜ਼ ਨੇ ਪਾਇਆ ਪੰਗਾ

ਸੈਰ ਸਪਾਟਾ: ਪਹੁੰਚ ਰਹੇ ਜ਼ਹਾਜ਼ ਤੇ ਜਹਾਜ਼-ਵਧਾ ਦਿੱਤਾ ਕੰਮਕਾਜ਼

13 ਲੱਖ 91 ਹਜ਼ਾਰ 641 ਲੋਕ ਪਹਿਲੇ ਤਿੰਨ ਮਹੀਨਿਆਂ ’ਚ ਨਿਊਜ਼ੀਲੈਂਡ ਆਏ
1 ਲੱਖ ਲੋਕ ਸਮੁੰਦਰੀ ਜਹਾਜ਼ਾਂ ਰਾਹੀਂ ਆਏ

1693 ਲੋਕਾਂ ਨੂੰ ਪਾਬੰਦੀਸ਼ੁਦਾ ਸਮਾਨ ਲਿਆਉਣ ’ਤੇ ਲੱਗਿਆ 400 ਡਾਲਰ ਵਾਲਾ ਜ਼ੁਰਮਾਨਾ

24,677 ਚੀਜ਼ਾਂ ਜੀਵ ਸੁਰੱਖਿਆ ਦਸਤੇ ਨੇ ਕੀਤੀਆਂ ਜ਼ਬਤ

(ਔਕਲੈਂਡ):-ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਜਿੱਥੇ ਵਿਜਟਰ ਅਤੇ ਕੰਮ ਵਾਲਿਆਂ ਦੇ ਵੀਜ਼ੇ ਦੇਣ ਵਾਸਤੇ ਫਾਈਲਾਂ ਦੇ ਨਿਬੇੜੇ ਵਾਸਤੇ ਮੋਟੀ ਚਾਲ ਕੀਤੀ ਹੋਈ ਹੈ, ਉਥੇ ਹਵਾਈ ਜਹਾਜ਼ਾਂ ਵਾਲੇ ਵੀ ਯਾਤਰੀਆਂ ਨੂੰ ਇਧਰ ਤੋਂ ਉਧਰ ਕਰਨ ਵਿਚ ਬੜੇ ਰੁੱਝੇ ਪਏ ਹਨ। ਇਨ੍ਹਾਂ ਪਹੁੰਚ ਰਹੇ ਹਵਾਈ ਯਾਤਰੀਆਂ ਨੇ ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ਉਤੇ ਜੀਵ ਸੁਰੱਖਿਆ ਦਸਤਿਆਂ (ਬਾਇਓਸਕਿਉਰਿਟੀ) ਵਾਲਿਆਂ ਦਾ ਕੰਮ ਵੀ ਵਧਾ ਦਿੱਤਾ ਹੈ। ਜਨਵਰੀ 2023 ਤੋਂ ਮਾਰਚ 2023 ਤੱਕ ਇਥੇ 13 ਲੱਖ 91 ਹਜ਼ਾਰ 641 ਵਿਅਕਤੀ ਆ ਚੁੱਕੇ ਹਨ ਜਦ ਕਿ ਪਿਛਲੇ ਸਾਲ ਇਨ੍ਹਾਂ ਮਹੀਨਿਆਂ ਦੇ ਵਿਚ ਸਿਰਫ 97,810 ਹੀ ਸਨ। ਇਸ ਤੋਂ ਇਲਾਵਾ ਇਕ ਲੱਖ ਵਿਅਕਤੀ ਸਮੁੰਦਰੀ ਜਹਾਜ਼ਾਂ ਰਾਹੀਂ ਵੀ ਇਸ ਧਰਤੀ ਉਤੇ ਉਤਰ ਚੁੱਕਾ ਹੈ। ਜੀਵ ਸੁਰੱਖਿਆ ਵਾਲਿਆਂ ਦੀ ਗਹਿਰੀ ਨਿਗ੍ਹਾ ਨੇ 24,677 ਪਾਬੰਦੀਸ਼ੁਦਾ ਵਸਤਾਂ ਨੂੰ ਜ਼ਬਤ ਕੀਤਾ। 1693 ਲੋਕਾਂ ਨੂੰ 400 ਡਾਲਰ ਪ੍ਰਤੀ ਜ਼ੁਰਮਾਨਾ ਕੀਤਾ ਗਿਆ।  ਇਕ ਆਸਟਰੇਲੀਨ ਯਾਤਰੀ ਜੋ ਕਿ ਜਿਉਂਦੀਆਂ ਮਛਲੀਆਂ ਲੈ ਕੇ ਆਇਆ ਜਦ ਕਿ ਇਕ ਹੋਰ ਯਾਤਰੀ ਭੂਕਾਂ ਵਾਲਾ ਪਿਆਜ਼ (ਪੁੰਗਰਿਆ ਹੋਇਆ) ਲੈ ਕੇ ਆਇਆ ਜੋ ਕਿ ਹੈਂਡਬੈਗ ਵਿਚ ਰੱਖਿਆ ਹੋਇਆ ਸੀ। ਖੋਜ਼ੀ ਕੁੱਤੇ ਨੇ ਇਹ ਪਿਆਜ਼ ਸੁੰਘ ਲਿਆ ਅਤੇ ਯਾਤਰੀ ਫਸ ਗਿਆ। ਯਾਤਰੀ ਨੂੰ ਇਸ ਸਬੰਧੀ ਸਖਤ ਤਾੜਨਾ ਵੀ ਕੀਤੀ ਗਈ।
ਸੋ ਸਮਾਨ ਲਿਆਉਣ ਵੇਲੇ ਸਾਵਧਾਨੀ ਵਰਤਣ ਦੀ ਲੋੜ ਹੈ।