‘ਹਿੰਦ ਦੀ ਚਾਦਰ’ ਦੀ ਪੇਸ਼ਕਾਰੀ ਨੇ ਦਰਸ਼ਕ ਕੀਤੇ ਮੰਤਰ ਮੁਗਧ

ਰਵਿੰਦਰ ਸਿੰਘ ਸੋਢੀ ਦਾ ਨਾਟਕ, ਬਨਿੰਦਰ ਸਿੰਘ ਬੰਨੀ ਦੀ ਨਿਰਦੇਸ਼ਨਾ

ਮੰਚ ਤੇ ਕਿਸੇ ਵੀ ਨਾਟਕ ਦੀ ਸਫਲ ਪੇਸ਼ਕਾਰੀ ਕਈ ਪੱਖਾਂ ਤੇ ਨਿਰਭਰ ਕਰਦੀ ਹੈ। ਸਭ ਤੋਂ ਪਹਿਲਾਂ ਤਾਂ ਨਾਟਕ ਦਾ ਕਥਾਨਕ ਅਜਿਹਾ ਹੋਣਾ ਚਾਹੀਦਾ ਹੈ, ਜਿਹੜਾ ਦਰਸ਼ਕਾਂ ਨੂੰ ਸਮਝ ਆ ਸਕੇ। ਨਾਟਕ ਭਾਵੇਂ ਸਮਾਜਿਕ ਸਮੱਸਿਆ ਨੂੰ ਪੇਸ਼ ਕਰ ਰਿਹਾ ਹੋਵੇ, ਕਿਸੇ ਦੁਖਾਂਤਕ ਸਥਿਤੀ ਨੂੰ ਰੂਪਮਾਨ ਕਰ ਰਿਹਾ ਹੋਵੇ, ਕਿਸੇ ਇਤਿਹਾਸਕ ਪਿਛੋਕੜ ਵਾਲੀ ਘਟਨਾ ਨੂੰ ਦਰਸਾ ਰਿਹਾ ਹੋਵੇ ਜਾਂ ਮੁੱਖ ਰੂਪ ਵਿਚ ਕਿਸੇ ਇਤਿਹਾਸਕ ਪਾਤਰ ਨੂੰ ਪੇਸ਼ ਕਰ ਰਿਹਾ ਹੋਵੇ, ਦੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਅਜਿਹੀ ਘਟਨਾ, ਪਿਛੋਕੜ ਜਾਂ ਪਾਤਰ, ਦਰਸ਼ਕਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਅਤੇ ਮੰਚ ਪੇਸ਼ਕਾਰੀ ਕਰ ਰਹੇ ਕਲਾਕਾਰ ਨਾਟਕ ਵਿਚ ਪੇਸ਼ ਕੀਤੇ ਜਾ ਰਹੇ ਹਾਲਾਤ ਜਾਂ ਪਾਤਰ ਨੂੰ ਮੰਚ ਤੇ ਕਿਸ ਤਰਾਂ ਨਿਭਾਉਣ ਗੇ ਤਾਂ ਜੋ ਉਹ ਦਰਸ਼ਕਾਂ ਨੂੰ ਚੌਗਿਰਦੇ ਤੋਂ ਤੋੜ ਕੇ ਆਪਣੇ ਨਾਲ ਜੋੜਨ ਵਿੱਚ ਸਫਲ ਹੋ ਸਕਣ। ਇਸ ਦੇ ਨਾਲ ਹੀ ਇਹ ਵੀ ਦੇਖਣਾ ਹੁੰਦਾ ਹੈ ਕਿ ਨਿਰਦੇਸ਼ਕ, ਨਾਟਕ ਦੇ ਮੂਲ ਥੀਮ ਅਨੁਸਾਰ ਕਲਾਕਾਰਾਂ ਤੋਂ ਉਸ ਨੂੰ ਮੰਚ ਤੇ ਸਾਕਾਰ ਕਰ ਸਕੇ। ਵਰਤਮਾਨ ਸਮੇਂ ਦਾ ਰੰਗ ਮੰਚ ਤਕਨੀਕੀ ਮਾਹਿਰਾਂ ਤੋਂ ਬਿਨਾ ਸੰਭਵ ਨਹੀਂ। ਇਸ ਲਈ ਨਿਰਦੇਸ਼ਕ ਕੋਲ ਸੁਲਝੇ ਹੋਏ ਰੌਸ਼ਨੀ ਵਿਉਂਤਕਾਰ, ਨਾਟਕ ਦੇ ਵੱਖ-ਵੱਖ ਪ੍ਰਭਾਵਾਂ ਨੂੰ ਉਜਾਗਰ ਕਰਨ ਲਈ ਪਿਛੋਕੜ ਦਾ ਸੰਗੀਤ ਤਿਆਰ ਕਰਨ ਵਾਲੇ ਸੰਗੀਤਕਾਰ ਵੀ ਹੋਣੇ ਚਾਹੀਦੇ ਹਨ। ਇਹਨਾਂ ਸਾਰੀਆਂ ਚੀਜ਼ਾਂ ਦਾ ਸੁਮੇਲ ਹੀ ਨਾਟਕ ਦੀ ਪੇਸ਼ਕਾਰੀ ਨੂੰ ਸੂਝਵਾਨ ਦਰਸ਼ਕਾਂ ਦੀ ਕਸਵੱਟੀ ਤੇ ਪੂਰਾ ਉਤਾਰ ਸਕਦਾ ਹੈ।

(ਬਨਿੰਦਰ ਸਿੰਘ ਬੰਨੀ) (ਰਵਿੰਦਰ ਸਿੰਘ ਸੋਢੀ)

ਇੰਮਪੈਕਟ ਆਰਟਸ, ਚੰਡੀਗੜ੍ਹ ਵੱਲੋਂ ਪਿਛਲੇ ਦਿਨੀਂ ਰਵਿੰਦਰ ਸਿੰਘ ਸੋਢੀ ਦੇ ਪ੍ਰਸਿੱਧ ਇਤਿਹਾਸਕ ਨਾਟਕ ‘ਹਿੰਦ ਦੀ ਚਾਦਰ’ ਦਾ ਮੰਚਣ, ਪੰਜਾਬੀ ਰੰਗਮੰਚ ਦੇ ਨਾਮਵਰ ਨਿਰਦੇਸ਼ਕ ਅਤੇ ਪੰਜਾਬੀ ਫਿਲਮ ਜਗਤ ਦੇ ਚਰਚਿਤ ਕਲਾਕਾਰ ਬਨਿੰਦਰ ਸਿੰਘ ਬੰਨੀ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਗਿਆ। ਇਸ ਨਾਟਕ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਤ ਕੁਝ ਘਟਨਾਵਾਂ ਨੂੰ ਦਸ ਝਾਕੀਆਂ ਵਿਚ ਪੇਸ਼ ਕੀਤਾ ਗਿਆ ਹੈ। ਨਾਟਕਕਾਰ ਨੇ ਉਹਨਾਂ ਹਾਲਾਤ ਦਾ ਬਿਆਨ ਕੀਤਾ ਹੈ ਜਿਨ੍ਹਾਂ ਕਾਰਨ ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਨੂੰ ਕਸ਼ਮੀਰੀ ਪੰਡਤਾਂ ਦੇ ਤਿਲਕ-ਜੰਜੂ ਦੀ ਰੱਖਿਆ ਲਈ ਆਪ ਸ਼ਹਾਦਤ ਦਾ ਜਾਮ ਪੀਣਾ ਪਿਆ। ਨਾਟਕ ਵਿਚ ਇਤਿਹਾਸਕ ਮਾਹੌਲ ਸਿਰਜਣ ਵਿਚ ਨਾਟਕਕਾਰ ਪੂਰੀ ਤਰਾਂ ਸਫਲ ਰਿਹਾ। ਜਿਥੇ ਔਰੰਗਜ਼ੇਬ ਦੇ ਪਾਤਰ ਨੂੰ ਪੇਸ਼ ਕਰਕੇ ਨਾਟਕ ਦੇ ਕਥਾਨਕ ਨੂੰ ਤੀਖਣ ਕੀਤਾ ਗਿਆ, ਉਥੇ ਹੀ ਗੁਰੂ ਸਾਹਿਬ ਦੀ ਅਣਹੋਂਦ ਵਿਚੋਂ ਹੀ ਉਹਨਾਂ ਦੀ ਹੋਂਦ ਸਥਾਪਿਤ ਕੀਤੀ ਗਈ। ਨਾਟਕ ਦੇ ਅੰਤਲੇ ਦ੍ਰਿਸ਼ ਵਿਚ ਔਰੰਗਜ਼ੇਬ ਦੀ ਫੌਜ ਦੇ ਇਕ ਸਿਪਾਹੀ ਵੱਲੋਂ ਬਗਾਵਤ ਦਾ ਝੰਡਾ ਖੜਾ ਕਰਕੇ ਕਾਜ਼ੀ ਵਰਗੇ ਪਾਤਰ ਨੂੰ ਵੀ ਇਹ ਸੋਚਣ ਤੇ ਮਜਬੂਰ ਕੀਤਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕਰਨ ਦਾ ਫ਼ਤਵਾ ਜਾਰੀ ਕਰਕੇ ਉਸ ਤੋਂ ਬਜਰ ਗੁਨਾਹ ਹੋਇਆ ਹੈ। ਸਿਪਾਹੀ ਦੀ ਬਗਾਵਤ ਇਹ ਦਰਸਾਉਂਦੀ ਹੈ ਕਿ ਗੁਰੂ ਸਾਹਿਬ ਨੇ ਜਿਸ ਮਕਸਦ ਲਈ ਕੁਰਬਾਨੀ ਦਿੱਤੀ ਸੀ(ਆਮ ਜਨਤਾ ਵਿਚ ਜਾਬਰਾਂ ਦੇ ਜ਼ੁਲਮ ਦਾ ਟਾਕਰਾ ਕਰਨ ਦੀ ਹਿੰਮਤ ਪੈਦਾ ਕਰਨਾ), ਉਹ ਮਕਸਦ ਪੂਰਾ ਹੋ ਰਿਹਾ ਹੈ।

ਔਰੰਗਜ਼ੇਬ ਦਾ ਪਾਤਰ ਅਜਿਹਾ ਕਿਰਦਾਰ ਹੈ ਜਿਸ ਨੂੰ ਨਿਭਾਉਣਾ ਕਿਸੇ ਨਿਪੁੰਨ ਕਲਾਕਾਰ ਲਈ ਹੀ ਸੰਭਵ ਹੈ। ਔਰੰਗਜ਼ੇਬ ਦੇ ਬੋਲਣ ਦਾ ਸ਼ਾਹੀ ਅੰਦਾਜ਼, ਚਾਲ ਦਾ ਵੱਖਰਾ ਢੰਗ, ਅੱਖਾਂ ਨਾਲ ਹੀ ਕੁਝ ਕਹਿਣ ਦੀ ਕਲਾ, ਆਪਣੀ ਵੱਖਰੀ ਸ਼ਰੀਰਕ ਭਾਸ਼ਾ(ਬਾਡੀ ਲੈਂਗੂਏਜ਼)ਦਾ ਹੋਣਾ ਬਹੁਤ ਜਰੂਰੀ ਹੈ। ਰਿੰਕੂ ਜੈਨ ਨੇ ਔਰੰਗਜ਼ੇਬ ਵਰਗੇ ਅਹਿਮ ਕਿਰਦਾਰ ਨੂੰ ਬਾਖੂਬੀ ਮੰਚ ਤੇ ਪੇਸ਼ ਕੀਤਾ। ਰੱਜਤ ਸਚਦੇਵਾ ਨੇ ਨਾਟਕ ਦੇ ਦੋ ਮੁੱਖ ਕਿਰਦਾਰ (ਮੱਖਣ ਸ਼ਾਹ ਅਤੇ ਕਾਜ਼ੀ) ਨਿਭਾਏ। ਰੱਜਤ ਦੀ ਇਸ ਗੱਲ ਤੋਂ ਪ੍ਰਸੰਸਾ ਕਰਨੀ ਬਣਦੀ ਹੈ ਕਿ ਉਸ ਨੇ ਦੋਵੇਂ ਪਾਤਰਾਂ ਨੂੰ ਵੱਖਰੇ-ਵੱਖਰੇ ਢੰਗ ਨਾਲ ਪੇਸ਼ ਕੀਤਾ। ਦਿਦਾਰ ਵਰਮਾ ਨੇ ਨਵਾਬ ਦੇ ਰੋਲ ਵਿਚ ਨਵੀਂ ਜਾਣ ਭਰੀ। ਨਾਟਕ ਦੇ ਆਖਰੀ ਦ੍ਰਿਸ਼ ਵਿਚ ਕਾਜ਼ੀ ਨਾਲ ਬਗ਼ਾਵਤੀ ਰੌ ਵਿਚ ਸਿਧਾਰਥ ਕੌਸ਼ਲ ਨੇ ਨਾਟਕ ਦੀ ਮੂਲ ਭਾਵਨਾ ਅਨੁਸਾਰ ਨਾਟਕੀ ਟੱਕਰ ਨੂੰ ਚਰਮ ਸੀਮਾ ਤੇ ਪਹੁੰਚਾਇਆ ਜਿਸ ਨਾਲ ਦਰਸ਼ਕਾਂ ਨੂੰ ਵਧੀਆ ਅਦਾਕਾਰੀ ਦੇਖਣ ਦਾ ਮੌਕਾ ਮਿਲਿਆ। 

ਨਾਟਕ ਦੇ ਦੂਜੇ ਕਲਾਕਾਰਾਂ(ਸੌਰਵ, ਪੁਸ਼ਪਿੰਦਰ, ਸੁਮਿਤ, ਅਮ੍ਰਿਤਪਾਲ, ਚਰਨਜੀਤ, ਵਿਕਰਮ, ਜਤਿਨ, ਸੁਮਿਤ ਕੁਮਾਰ, ਸ਼ਰਨ ਆਦਿ ਨੇ ਵੀ ਆਪਣੇ-ਆਪਣੇ ਕਿਰਦਾਰਾਂ ਨਾਲ ਇਨਸਾਫ਼ ਕੀਤਾ ਅਤੇ ਮੁੱਖ ਅਦਾਕਾਰਾਂ ਨੂੰ ਆਪਣੇ ਪਾਤਰਾਂ ਨੂੰ ਉਭਾਰਨ ਵਿਚ ਪੂਰੀ ਸਹਾਇਤਾ ਕੀਤੀ। 

ਕਲਾਕਾਰਾਂ ਦੇ ਵਧੀਆ ਮੇਕਅੱਪ ਲਈ ਹਰਿੰਦਰ ਹੈਰੀ ਦੀ ਤਾਰੀਫ਼ ਕਰਨੀ ਬਣਦੀ ਹੈ। ਸੰਗੀਤ ਦੀ ਜਿੰਮੇਵਾਰੀ ਗੁਰਪ੍ਰੀਤ ਸਿੰਘ ਅਤੇ ਪੁਸ਼ਪਿੰਦਰ ਬੱਗਾ ਦੀ ਸੀ। ਰੂਪਿੰਦਰ ਕੋਰ ਨੇ  ਪਾਤਰਾਂ ਦੀਆਂ ਢੁੱਕਵੀਂਆਂ ਪੁਸ਼ਾਕਾਂ ਦਾ ਵਿਸ਼ੇਸ਼ ਧਿਆਨ ਰੱਖਿਆ ਅਤੇ ਅੰਕੁਸ਼ ਰਾਣਾ ਨੇ ਨਾਟਕ ਦੀ ਸਫਲ ਪੇਸ਼ਕਾਰੀ ਲਈ ਰੌਸ਼ਨੀ ਪ੍ਰਬੰਧ ਦੀ ਜਿੱਮੇਵਾਰੀ ਬਾ-ਖੂਬੀ ਨਿਭਾਈ। ਨਿਰਦੇਸ਼ਕ  ਨੇ ਸਾਰੇ ਕਲਾਕਾਰਾਂ ਤੋਂ ਪੇਸ਼ੇਵਰ ਪੱਧਰ ਦੀ ਅਦਾਕਾਰੀ ਕਰਵਾ ਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ ਅਤੇ ਨਾਟਕ ਨੂੰ ਯਾਦਗਾਰੀ ਬਣਾਇਆ। ਬੰਨੀ ਦਾ ਵਿਚਾਰ ਹੈ ਕਿ ਜੇ ਕੈਨੇਡਾ, ਅਮਰੀਕਾ, ਬਰਤਾਨੀਆ, ਆਸਟਰੇਲੀਆ ਆਦਿ ਮੁਲਕਾਂ ਤੋਂ ਕੋਈ ਪ੍ਰਮੋਟਰ ‘ਹਿੰਦ ਦੀ ਚਾਦਰ’ ਨਾਟਕ ਨੂੰ ਪ੍ਰਮੋਟ ਕਰਨ ਦਾ ਹੰਭਲਾ ਮਾਰੇ ਤਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਦਰਸ਼ਕ ਵੀ ਇਸ ਨਾਟਕ ਦਾ ਆਨੰਦ ਮਾਣ ਸਕਦੇ ਹਨ। ਨਾਟਕਕਾਰ ਰਵਿੰਦਰ ਸਿੰਘ ਸੋਢੀ ਨੇ ਕੈਨੇਡਾ ਤੋਂ ਟੈਲੀਫ਼ੋਨ ਤੇ ਗੱਲ ਕਰਦੇ ਕਿਹਾ ਕਿ ਉਸ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਜੋ ਨਾਟਕ ਉਸ ਨੇ ਤਕਰੀਬਨ ਪੰਜਾਹ ਸਾਲ ਪਹਿਲਾਂ ਲਿਖਿਆ ਸੀ, ਉਹ ਅੱਜ-ਕੱਲ੍ਹ ਵੀ ਖੇਡਿਆ ਜਾ ਰਿਹਾ ਹੈ ਅਤੇ ਦਰਸ਼ਕਾਂ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਨਾਟਕ ਪਿਛਲੇ ਦੋ ਸਾਲਾਂ ਤੋਂ ਪਟਿਆਲਾ ਦੀ ਇਕ ਰੰਗਮੰਚ ਟੋਲੀ ਵੱਲੋਂ ਲਾਈਟ ਐਂਡ ਸਾਊਂਡ ਦੀ ਤਕਨੀਕ ਨਾਲ ਉੱਤਰੀ ਭਾਰਤ ਵਿਚ ਕਈ ਥਾਵਾਂ ਤੇ ਪੇਸ਼ ਕੀਤਾ ਜਾ ਚੁੱਕਿਆ ਹੈ।

ਇਸ ਮੌਕੇ ਤੇ ਸੁਪ੍ਰੀਤ ਸਿੰਘ ਪੂਰੀ ਅਤੇ ਡਾ. ਬੌਬੀ ਚੀਮਾ, ਵਿਸ਼ੇਸ਼ ਮਹਿਮਾਨ ਵੱਜੋਂ ਅਤੇ ਸੁਦੇਸ਼ ਸ਼ਰਮਾ, ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ। ਉਹਨਾਂ ਤਿੰਨਾਂ ਨੇ ਹੀ ਇਸ ਪੇਸ਼ਕਾਰੀ ਦੀ ਤਾਰੀਫ਼ ਕੀਤੀ ਅਤੇ ਨਿਰਦੇਸ਼ਕ ਅਤੇ ਸਾਰੇ ਕਲਾਕਾਰਾਂ ਨੂੰ ਵਧਾਈ ਦਿੱਤੀ। ਇੰਮਪੈਕਟ ਆਰਟਸ, ਚੰਡੀਗੜ੍ਹ ਦੀ ਇਸ ਪੇਸ਼ਕਾਰੀ ਨੂੰ ਕੇਂਦਰੀ ਸਰਕਾਰ ਦੇ ਸਭਿਆਚਾਰਕ ਮੰਤਰਾਲਿਆ ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ।

(ਡਾ. ਅਵਤਾਰ ਐਸ ਸੰਘਾ) 61 437 641 033