4 ਬੱਚਿਆਂ ਨੂੰ ਮਾਰਨ ਵਾਲੇ ਸ਼ਰਾਬੀ ਡਰਾਈਵਰ ਨੂੰ ਹੁਣ ਸਜ਼ਾ ਤੋਂ ਕੋਈ ਰਾਹਤ ਨਹੀਂ

ਸਾਲ 2020 ਦੇ ਫਰਵਰੀ ਮਹੀਨੇ ਦੀ 01 ਤਾਰੀਖ ਨੂੰ, ਸਿਡਨੀ (ਉਤਰ-ਪੱਛਮੀ) ਦੇ ਓਟਲੈਂਡਜ਼ ਵਿਖੇ ਇੱਕ ਫੁੱਟਪਾਥ ਉਪਰ ਚਾਰ ਬੱਚਿਆਂ (ਵੈਰੋਨਿਕ ਸਾਕਰ 11 ਸਾਲ, ਸਿਏਨਾ ਅਬਦਲਾਹ 8 ਸਾਲ, ਐਂਜਿਲਾ 12 ਸਾਲ ਅਤੇ ਐਂਟਨੀ 13 ਸਾਲ) ਨੂੰ ਆਪਣੇ ਟਰੱਕ ਹੇਠਾਂ ਕੁਚਲ ਕੇ ਮਾਰ ਦੇਣ ਵਾਲੇ ਸ਼ਰਾਬੀ ਡਰਾਈਵਰ (ਸਾਈਮਲ ਡੇਵਿਡਸਨ) ਦੀ ਆਖਰੀ ਅਪੀਲ ਵੀ ਰੱਦ ਕਰ ਦਿੱਤੀ ਗਈ ਹੈ। ਉਕਤ ਅਪੀਲ ਉਸਨੇ ਆਪਣੀ ਸਜ਼ਾ ਘਟਾਉਣ ਖਾਤਰ ਹਾਈ ਕੋਰਟ ਵਿੱਚ ਕੀਤੀ ਹੋਈ ਸੀ।
ਜ਼ਿਕਰਯੋਗ ਹੈ ਕਿ ਉਕਤ ਮੁਜਰਮ ਆਪਣੇ ਜੁਰਮ ਦੇ ਬਦਲੇ ਵਿੱਚ 20 ਸਾਲਾਂ ਦੀ ਜੇਲ੍ਹ ਭੁਗਤ ਰਿਹਾ ਹੈ ਜਿਸ ਰਾਹੀਂ 15 ਸਾਲ ਉਸਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ।
ਡੇਵਿਡਸਨ ਦੇ ਵਕੀਲ ਦਾ ਕਹਿਣਾ ਹੈ ਕਿ ਡੇਵਿਡਸਨ ਕੋਈ ਪ੍ਰੋਫੈਸ਼ਨਲ ਕਾਤਲ ਜਾਂ ਮਾੜੇ ਚਾਲ ਚਲਣ ਵਾਲਾ ਇਨਸਾਨ ਨਹੀਂ ਸੀ। ਉਕਤ ਦੁਰਘਟਨਾ ਮਹਿਜ਼ ਇੱਕ ਮਾੜਾ ਇੱਤੇਫਾਕ ਸੀ ਜਿਸ ਵਿੱਚ ਉਹ ਲੁਪਤ ਹੋ ਗਿਆ।
ਪਰੰਤੂ ਪੁਲਿਸ ਦਾ ਮੰਨਣਾ ਅਤੇ ਮੈਡੀਕਲ ਰਿਪੋਰਟ ਇਹੋ ਦਰਸਾਉਂਦੀ ਹੈ ਕਿ ਦੁਰਘਟਨਾ ਦੇ ਸਮੇਂ ਉਕਤ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸਦੀ ਅਲਕੋਹਲ ਦੀ ਮਾਤਰਾ ਤੈਅਸ਼ੁਦਾ ਨਾਲੋਂ ਕਿਤੇ ਵੱਧ ਸੀ। ਇਸੇ ਕਾਰਨ ਉਹ ਆਪਣਾ ਦਿਮਾਗੀ ਸੰਤੁਲਨ ਖੋ ਬੈਠਾ ਅਤੇ ਟਰੱਕ ਨੂੰ ਆਪਣੇ ਕਾਬੂ ਵਿੱਚ ਨਾ ਰੱਖ ਸਕਿਆ।
ਅਪ੍ਰੈਲ 2021 ਵਿੱਚ ਮਾਣਯੋਗ ਅਦਾਲਤ ਵੱਲੋਂ ਜੋ ਸਜ਼ਾ ਸੁਣਾਈ ਗਈ ਸੀ ਉਹ 28 ਸਾਲਾਂ ਦੀ ਸੀ ਅਤੇ ਇਸ ਵਿੱਚ 21 ਸਾਲ ਉਸਨੂੰ ਬਿਨ੍ਹਾਂ ਪੈਰੋਲ ਤੋਂ ਹੀ ਗੁਜ਼ਾਰਨੇ ਸਨ। ਪਰੰਤੂ ਇੱਕ ਅਪੀਲ ਕਰਨ ਤੇ ਉਸ ਦੀ ਸਜ਼ਾ ਵਿੱਚ ਬਦਲਾਅ ਕਰ ਦਿੱਤਾ ਗਿਆ ਸੀ।
ਉਕਤ ਦੁਰਘਟਨਾ ਵਿੱਚ 4 ਬੱਚਿਆਂ ਦੀ ਮੌਤ ਹੋ ਗਈ ਸੀ ਅਤੇ 3 ਜ਼ਖ਼ਮੀ ਵੀ ਹੋਏ ਸਨ।