ਅੱਜ ਰੱਖੜਾ ਟੈਕਨਾਲੌਜੀ ਪਟਿਆਲਾ ਵਿਖੇ ਸ. ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਦੀ ਪ੍ਰਧਾਨਗੀ ਹੇਠ ਉਤਕ੍ਰਿਸ਼ਟ ਬੁੱਧੀਜੀਵੀਆਂ, ਸਾਹਿਤਕਾਰਾਂ, ਚਿੰਤਕਾਂ ਅਤੇ ਸਮਾਜ ਸੇਵੀਆਂ ਦੀ ਇੱਕਤਰਤਾ ਹੋਈ। ਮੀਟਿੰਗ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮਸਲਿਆਂ ਤੇ ਚਰਚਾ ਕਰਨ ਦੇ ਨਾਲ ਮੈਗਜ਼ੀਨ ‘ਸਮੁੰਦਰੋਂ ਪਾਰ* ਦੀ ਪੁਨਰ ਪ੍ਰਕਾਸ਼ਨਾ ਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਪ੍ਰੋ. ਬਲਦੇਵ ਸਿੰਘ ਬੱਲੂਆਣਾ, ਡਾ. ਸਵਰਾਜ ਸਿੰਘ, ਡਾ. ਭਗਵੰਤ ਸਿੰਘ, ਜਗਦੀਪ ਸਿੰਘ ਗੰਧਾਰਾ ਐਡਵੋਕੇਟ, ਗੁਰਨਾਮ ਸਿੰਘ, ਅੰਮ੍ਰਿਤ ਅਜ਼ੀਜ਼, ਸ਼ਰਨਜੀਤ ਸਿੰਘ, ਸੁਖਦੇਵ ਸਿੰਘ ਵਿਰਕ, ਸੁਖਵਿੰਦਰ ਸਿੰਘ ਸਿੱਧੂ, ਮੋਹਨ ਸਿੰਘ ਮਕਬੂਲ, ਬਲਜਿੰਦਰ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ ਆਦਿ ਅਨੇਕਾਂ ਚਿੰਤਕ ਸ਼ਾਮਲ ਹੋਏ। ਇਸ ਮੌਕੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਗਜ਼ੀਨ ‘ਸਮੁੰਦਰੋਂ ਪਾਰ* ਅਜੋਕੇ ਸੰਸਾਰ ਦੇ ਸੱਚ ਨੂੰ ਸੰਤੁਲਿਤ ਢੰਗ ਨਾਲ ਪੇਸ਼ ਕਰਨ ਦਾ ਯਤਨ ਕਰੇਗਾ, ਉਨ੍ਹਾਂ ਕਿਹਾ ਕਿ ਅੱਜ ਪੰਜਾਬੀਆਂ ਨੂੰ ਯੋਗ ਬੌਧਿਕ ਅਗਵਾਈ ਨਹੀਂ ਮਿਲ ਰਹੀ। ਇਸਦਾ ਮੁੱਖ ਕਾਰਨ ਇਹ ਲੱਗਦਾ ਹੈ ਕਿ ਬਹੁਤ ਸਾਰੇ ਪੰਜਾਬੀ ਬੁੱਧੀਜੀਵੀ ਭਾਵੇਂ ਉਹ ਆਪਣੇ ਆਪ ਨੂੰ ਮਾਰਕਸਵਾਦੀ ਜਾਂ ਸਿੱਖ ਬੁੱਧੀਜੀਵੀ ਅਖਵਾਉਂਦੇ ਹੋਣ ਅਸਲ ਵਿੱਚ ਪੱਛਮੀ ਉਦਾਰਵਾਦ (ਵੈਸਟਰਨ ਲਿਬਰਲਿਜ਼ਮ) ਤੋਂ ਪ੍ਰਭਾਵਿਤ ਹਨ ਜਦੋਂ ਕਿ ਅਜੋਕੇ ਸੰਸਾਰ ਦਾ ਮੁੱਖ ਰੁਝਾਨ ਪੂਰਬ ਦਾ ਉਭਾਰ ਅਤੇ ਪੱਛਮ ਦਾ ਨਿਘਾਰ ਹੈ, ਇਤਿਹਾਸਿਕ ਤੌਰ ਤੇ ਪੂਰਬ ਨੇ ਚਿੰਤਨ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਜ਼ਿਆਦਾ ਉਨੱਤੀ ਕੀਤੀ ਹੈ, ਜਦੋਂ ਕਿ ਪੱਛਮ ਨੇ ਮੁੱਖ ਤੌਰ ਤੇ ਆਰਥਿਕ ਖੇਤਰ ਵਿੱਚ ਉਨੱਤੀ ਕੀਤੀ ਹੈ, ਪੰਜਾਬੀ ਪ੍ਰਵਾਸੀਆਂ ਨੂੰ ਇਸ ਦੁਬਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹ ਭਾਵੇਂ ਉਹ ਆਰਥਿਕ ਤੌਰ ਤੇ ਜ਼ਿਆਦਾ ਵਿਕਸਿਤ ਖਿੱਤੇ ਵਿੱਚ ਪਰਵਾਸ ਕਰ ਰਹੇ ਹਨ, ਪ੍ਰੰਤੂ ਚਿੰਤਨ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਇੱਕ ਜ਼ਿਆਦਾ ਵਿਕਸਿਤ ਖਿੱਤੇ ਤੋਂ ਘੱਟ ਵਿਕਸਿਤ ਖਿੱਤੇ ਵਿੱਚ ਜਾ ਰਹੇ ਹਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪੂਰਬੀ ਚਿੰਤਨ ਦੀ ਸਿਖਰ ਹਨ। ਪ੍ਰੰਤੂ ਸਾਡੇ ਬਹੁਤ ਸਾਰੇ ਬੁੱਧੀਜੀਵੀ ਪੱਛਮ ਪ੍ਰਤੀ ਗੁਲਾਮ ਮਾਨਸਿਕਤਾ ਰੱਖਣ ਕਾਰਨ ਨਾ ਤਾਂ ਅਜੋਕੇ ਸੰਸਾਰ ਦੀ ਸੱਚਾਈ ਨੂੰ ਸੰਤੁਲਿਤ ਢੰਗ ਨਾਲ ਸਮਝ ਰਹੇ ਹਨ ਅਤੇ ਨਾ ਹੀ ਪੇਸ਼ ਕਰ ਰਹੇ ਹਨ, ‘ਸਮੁੰਦਰੋਂ ਪਾਰ* ਮੈਗਜੀਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਅਜੋਕੇ ਸੰਸਾਰ ਦੀ ਸੱਚਾਈ ਨੂੰ ਸੰਤੁਲਿਤ ਢੰਗ ਨਾਲ ਪੇਸ਼ ਕਰਨ ਦਾ ਯਤਨ ਕਰੇਗਾ। ਅੱਜ ਪੰਜਾਬੀਆਂ ਦਾ ਇੱਕ ਹੋਰ ਦੁਖਾਂਤ ਇਹ ਵੀ ਹੈ ਕਿ ਉਨ੍ਹਾਂ ਨੇ ਨਾਂ ਤਾਂ ਆਪਣੀ ਵਿਰਾਸਤ ਦੇ ਨਰੋਏ ਅੰਸ਼ਾਂ ਦੀ ਸੰਭਾਲ ਕਰਨ ਦਾ ਯਤਨ ਕੀਤਾ ਹੈ ਅਤੇ ਨਾ ਹੀ ਬਾਹਰਲੇ ਸੱਭਿਆਚਾਰਾਂ ਦੇ ਨਰੋਏ ਅੰਸ਼ਾਂ ਨੂੰ ਅਪਣਾਉਣ ਦਾ ਯਤਨ ਕੀਤਾ ਹੈ। ਸਮੁੰਦਰੋਂ ਪਾਰ ਮੈਗਜ਼ੀਨ ਪੂਰਬ ਅਤੇ ਪੱਛਮ ਦੇ ਨਰੋਏ ਅੰਸ਼ਾਂ ਦੀ ਨਿਸ਼ਾਨਦੇਹੀ ਅਤੇ ਸੁਮੇਲ ਦਾ ਯਤਨ ਕਰੇਗਾ। ਸ. ਸੁਰਜੀਤ ਸਿੰਘ ਰੱਖੜਾ ਦਾ ਮੰਨਣਾ ਹੈ ਕਿ ਬੱਚੇ ਦੀ ਪਰਵਰਿਸ਼ ਅਤੇ ਮਾਹੌਲ ਉਸਦੇ ਜੀਵਨ ਤੇ ਅਸਰ ਪਾਉਂਦੀ ਹੈ। ਪਰਚੇ ਦੀ ਸੰਪਾਦਨਾ ਦੀ ਜਿੰਮੇਵਾਰੀ ਪ੍ਰਤਿਬੱਧ ਲੇਖਕਤ ਤੇ ਸੁਹਿਰਦ ਸੰਪਾਦਕ ਡਾ. ਭਗਵੰਤ ਸਿੰਘ ਨੂੰ ਸੌਂਪਦੇ ਹੋਏ ਕਿਹਾ ਕਿ ਸ਼ਬਦ ਸਮਾਜ ਨੂੰ ਸੇਧ ਦਿੰਦਾ ਹੈ। ਮੈਗਜ਼ੀਨ ‘ਸਮੁੰਦਰੋਂ ਪਾਰ* ਰਾਹੀਂ ਕੌਮੀ ਤੇ ਕੌਮਾਂਤਰੀ ਮਸਲਿਆਂ ਦੇ ਨਾਲ ਪੰਜਾਬੀ ਸੱਭਿਆਚਾਰ ਤੇ ਸਮਾਜ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਤੇ ਪ੍ਰੋ. ਬਲਦੇਵ ਸਿੰਘ ਬੱਲੂਆਣਾ ਨੇ ਕਿਹਾ ਕਿ ਗੁਰਮਤਿ ਦੇ ਆਸ਼ੇ ਅਨੁਸਾਰ ਤੰਦਰੁਸਤ ਸਮਾਜ ਸਿਰਜਣ ਲਈ ਇੱਕ ਲਹਿਰ ਉਸਾਰੀ ਜਾਵੇਗੀ। ਡਾ. ਭਗਵੰਤ ਸਿੰਘ ਨੇ ਅਜੋਕੇ ਸੰਦਰਭਾਂ ਦੀ ਗੱਲ ਕਰਦੇ ਹੋਏ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਾਨਣਾ ਪਾਇਆ। ਸੁਖਦੇਵ ਸਿੰਘ ਵਿਰਕ ਤੇ ਸ਼ਰਨਜੀਤ ਸਿੰਘ ਨੇ ਪੰਜਾਬ ਦੇ ਪਰਵ ਾਸ ਬਾਰੇ ਬਹੁਤ ਹੀ ਹੈਰਾਨੀਜਨਕ ਖੁਲਾਸੇ ਕੀਤੇ। ਗੁਰਨਾਮ ਸਿੰਘ, ਜਗਦੀਪ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸਮੁੰਦਰੋਂ ਪਾਰ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਏ.ਪੀ. ਸਿੰਘ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਮੀਟਿੰਗ ਵਿੱਚ ਉਠਾਏ ਗਏ ਨੁਕਤਿਆਂ ਬਾਰੇ ਸਹਿਮਤੀ ਪ੍ਰਗਟ ਕੀਤੀ ।