ਬਿਜਲੀ ਦਰਾਂ ਵਿੱਚ ਵਾਧਾ, ਮਹਿੰਗੇ ਹੋ ਰਹੇ ਬਿਜਲੀ ਦੇ ਬਿਲ

ਦੇਸ਼ ਅੰਦਰ ਬਿਜਲੀ ਦੇ ਰੇਟਾਂ ਨੂੰ ਤੈਅ ਕਰਨ ਵਾਲਾ ਅਦਾਰਾ -ਏ.ਈ.ਆਰ. (The Australian Energy Regulator (AER)) ਨੇ ਐਲਾਨ ਕਰਦਿਆਂ ਕਿਹਾ ਹੈ ਕਿ ਆਉਣ ਵਾਲੇ ਜੁਲਾਈ ਦੇ ਮਹੀਨੇ ਤੋਂ ਬਿਜਲੀ ਦੀਆਂ ਦਰਾਂ ਵਿੱਚ 20% ਤੋਂ 22% ਤੱਕ ਦਾ ਵਾਧਾ ਕੀਤਾ ਜਾ ਰਿਹਾ ਹੈ।
ਇਸ ਵਾਧੇ ਕਾਰਨ ਦੇਸ਼ ਦੇ ਤਿੰਨ ਰਾਜਾਂ -ਦੱਖਣੀ ਆਸਟ੍ਰੇਲੀਆ, ਨਿਊ ਸਾਊਥ ਵੇਲਜ਼ ਅਤੇ ਦੱਖਣੀ-ਪੂਰਬੀ ਕੁਈਨਜ਼ਲੈਂਡ ਵਿੱਚ ਰਹਿਣ ਵਾਲੇ ਪੰਜ ਲੱਖ ਦੇ ਕਰੀਬ ਗ੍ਰਾਹਕਾਂ ਉਪਰ ਅਸਰ ਪਵੇਗਾ ਕਿਉਂਕਿ ਉਨ੍ਹਾਂ ਨੂੰ (ਘਰੇਲੂ ਗ੍ਰਾਹਕ) ਬਿਜਲੀ ਦੇ ਬਿਲਾਂ ਵਿੱਚ ਹੁਣ ਪਹਿਲਾਂ ਨਾਲ਼ੋ 19.5% ਤੋਂ ਸਿੱਧਾ 23.7% ਤੱਕ ਦਾ ਇਜ਼ਾਫ਼ਾ ਸਹਿਣਾ ਹੋਵੇਗਾ। ਛੋਟੇ ਉਦਿਯੋਗਾਂ ਅਤੇ ਕੰਮ ਧੰਦੇ ਵਾਲਿਆਂ ਲਈ ਇਹ ਵਾਧਾ 14.7% ਤੋਂ ਸਿੱਧਾ 25.4% ਤੇ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਉਕਤ ਵਾਧਾ ਕੇਵਲ ਉਪਰ ਦੱਸੇ ਤਿੰਨ ਰਾਜਾਂ ਵਿੱਚ ਹੀ ਕੀਤਾ ਜਾ ਰਿਹਾ ਹੈ। ਵਿਕਟੌਰੀਆ ਅਤੇ ਤਸਮਾਨੀਆ ਵਿੱਚ ਅਲੱਗ ਤਰ੍ਹਾਂ ਦੇ ਰੇਟ ਤੈਅ ਹਨ ਅਤੇ ਪੱਛਮੀ ਆਸਟ੍ਰੇਲੀਆ ਦੀ ਮਾਰਕਿਟ ਬਿਲਕੁਲ ਹੀ ਅਲੱਗ ਹੈ।
ਇਹ ਵਾਧਾ ਇਸੇ ਸਾਲ ਜੁਲਾਈ 01 ਤੋਂ ਕੀਤਾ ਜਾ ਰਿਹਾ ਹੈ। ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।