
ਸਿਡਨੀ ਵਿੱਚ ਇਸ ਸਾਲ ਹੋਣ ਵਾਲਾ ਰੌਸ਼ਨੀਆਂ ਦਾ 14ਵਾਂ ਫੈਸਟੀਵਲ, ਵਾਸਤੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਮਈ 26 ਤੋਂ ਜੂਨ 17 ਤੱਕ ਚੱਲਣ ਵਾਲਾ ਇਹ 23 ਦਿਨਾਂ ਦਾ ਫੈਸਟੀਵਲ, ਲੋਕਾਂ ਵਾਸਤੇ ਭਰਪੂਰ ਮਨੋਰੰਜਕ ਪ੍ਰੋਗਰਾਮ ਆਦਿ ਲੈ ਕੇ ਆਵੇਗਾ।
ਇਸ ਸਾਲ ਵਿਵਿਡ ਸਿਡਨੀ ਦੌਰਾਨ ਕੁਦਰਤ ਨਾਲ ਜੁੜੀਆਂ ਹੋਈਆਂ 300 ਦੇ ਕਰੀਬ ਜਾਣਕਾਰੀਆਂ ਦੇ ਈਵੇਂਟ ਤਿਆਰ ਕਰ ਰਿਹਾ ਹੈ ਜੋ ਕਿ ਸਭਿਆਚਾਰ ਦੇ ਨਾਲ ਨਾਲ ਲੋਕਾਂ ਨੂੰ ਇਤਿਹਾਸ ਅਤੇ ਕੁਦਰਤ ਤੋਂ ਵੀ ਜਾਣੂ ਕਰਵਾਉਣਗੀਆਂ।
ਇਹ ਫੈਸਟੀਵਲ ਮਈ 26 ਨੂੰ ਸ਼ਾਮ ਦੇ 6 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਜੂਨ 18 ਦਿਨ ਐਤਵਾਰ ਨੂੰ ਇਸਦੀ ਸਮਾਪਤੀ ਹੋਵੇਗੀ।
ਨਿਊ ਸਾਊਥ ਵੇਲਜ਼ ਦੇ ਟੂਰਿਜ਼ਮ ਮੰਤਰੀ -ਬੈਨ ਫਰੈਂਕਲਿਨ, ਦਾ ਕਹਿਣਾ ਹੈ ਕਿ ਬੀਤੇ ਸਾਲ ਇਸ ਫੈਸਟੀਵਲ ਦੌਰਾਨ 2.5 ਮਿਲੀਅਨ ਲੋਕਾਂ ਦਾ ਇੱਥੇ ਆਵਾਗਮਨ ਹੋਇਆ ਸੀ ਅਤੇ ਇਸ ਨਾਲ ਰਾਜ ਦੀ ਅਰਥ ਵਿਵਸਥਾ ਅੰਦਰ 119 ਮਿਲੀਅਨ ਡਾਲਰਾਂ ਦਾ ਯੋਗਦਾਨ ਪਿਆ ਸੀ। ਇਸ ਸਾਲ ਕਿਉਂਕਿ ਅੰਤਰ ਰਾਸ਼ਟਰੀ ਬਾਰਡਰਾਂ ਨੂੰ ਪੂਰੀ ਤਰ੍ਹਾਂ ਖੋਲ੍ਹਿਆ ਜਾ ਚੁਕਿਆ ਹੈ ਤਾਂ ਇਹ ਗਿਣਤੀ ਬਹੁਤ ਜ਼ਿਆਦਾ ਵਧਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਇਸ ਫੈਸਟੀਵਲ ਦੌਰਾਨ ਸਿਡਨੀ ਸੀ.ਬੀ.ਡੀ. ਅਤੇ ਇਸ ਦੇ ਆਲ਼ੇ-ਦੁਆਲ਼ੇ ਦੇ ਖੇਤਰ ਜਿਵੇਂ ਕਿ ਸਰਕੁਲਰ ਬੇਅ, ਦ ਰੋਕਸ, ਬੈਰਨਗਾਰੂ, ਡਾਰਲਿੰਗ ਹਾਰਬਰ, ਦ ਗੁਡਸ ਲਾਈਨ ਅਤੇ ਸੈਂਟਰਲ ਸਟੇਸ਼ਨ ਆਦਿ ਨੂੰ ਸਜਾਇਆ ਜਾਵੇਗਾ।
ਸਿਡਨੀ ਓਪੇਰਾ ਹਾਊਸ, ਦ ਸਿਡਨੀ ਹਾਰਬਰ ਬ੍ਰਿਜ, ਕੰਟੈਪਰੇਰੀ ਆਰਟ ਮਿਊਜ਼ਿਅਮ ਆਦਿ ਦੀਆਂ ਈਮਾਰਤਾਂ ਖਾਸ ਦਿੱਖ ਦਾ ਕੇਂਦਰ ਹੋਣਗੀਆਂ।
ਪ੍ਰੋਗਰਾਮਾਂ ਆਦਿ ਵਾਸਤੇ ਟਿਕਟਾਂ ਵੀ ਲੱਗਣਗੀਆਂ ਅਤੇ ਕੁੱਝ ਪ੍ਰੋਗਰਾਮਾਂ ਵਿੱਚ ਐਂਟਰੀ ਮੁਫ਼ਤ ਵੀ ਹੋਵੇਗੀ।
ਇਸਤੋਂ ਇਲਾਵਾ ਮੁੱਖ ਕਾਰਜਾਂ ਦਾ ਐਲਾਨ, ਫੈਸਟੀਵਲ ਦੇ ਨੇੜੇ ਦੇ ਦਿਨਾਂ ਵਿੱਚ ਕੀਤਾ ਜਾਵੇਗਾ। ਜ਼ਿਆਦਾ ਜਾਣਕਾਰੀ ਆਦਿ ਲਈ ਇਸ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।