ਰੈਜ਼ੀਡੈਂਟ ਵੀਜ਼ੇ: ਲੇਖਾ-ਜੋਖਾ

160,336 ਲੋਕ ਹੋ ਗਏ ਪੱਕੇ, 79% ਅਰਜ਼ੀਆਂ ਨਿਬੜੀਆਂ ਬਾਕੀ ਰਹਿ ਗਈਆਂ 22,013

45,000 ਭਾਰਤੀ ਲੋਕਾਂ ਦੀਆਂ ਅਰਜ਼ੀਆਂ ਵੀ ਨਿਬੜੀਆਂ

10,500 ਭਾਰਤੀਆਂ ਦੀ ਅਰਜ਼ੀਆਂ ਅਜੇ ਲਾਈਨ ਵਿਚ

(ਆਕਲੈਂਡ):-ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ‘2021 ਰੈਜ਼ੀਡੈਂਟ ਵੀਜ਼ਾ ਸ਼੍ਰੇਣੀ’ ਅਧੀਨ ਦੋ ਗੇੜਾਂ ਵਿਚ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਇਹ 31 ਜੁਲਾਈ 2022 ਤੱਕ ਦਾਖਿਲ ਕਰਨ ਵਾਸਤੇ ਸਨ। ਇਸ ਸ਼੍ਰੇਣੀ ਅਧੀਨ ਹੁਣ ਤੱਕ (11 ਮਾਰਚ 2023 ਤੱਕ) ਅੱਪਡੇਟ ਹੋਏ ਅੰਕੜੇ  ਅਤੇ ਮੇਰੇ ਵੱਲੋਂ ਦਫਤਰ ਤੋਂ ਲਈ ਵਿਸ਼ੇਸ਼ ਜਾਣਕਾਰੀ ਅਨੁਸਾਰ ਹੁਣ ਤੱਕ ਕੁੱਲ 160,336 ਲੋਕ ਪੱਕੇ ਹੋ ਗਏ ਹਨ। ਇਸ ਸ਼੍ਰੇਣੀ ਅਧੀਨ ਕੁੱਲ 106,096 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚ ਕੁੱਲ 214,325 ਲੋਕ ਸ਼ਾਮਿਲ ਸਨ। ਇਨ੍ਹਾਂ ਅਰਜ਼ੀਆਂ ਵਿਚੋਂ 83,814 ਅਰਜ਼ੀਆਂ ਨਿਬੜ ਚੁੱਕੀਆਂ ਹਨ। 269 ਅਰਜ਼ੀਆਂ ਅਯੋਗ ਕਰਾਰ ਦਿੱਤੀਆਂ ਗਈਆਂ ਹਨ ਜਾਂ ਫਿਰ ਵਾਪਿਸ ਲੈ ਲਈਆਂ ਗਈਆਂ ਹਨ। ਇਨ੍ਹਾਂ ਮੰਜ਼ੂਰ ਹੋਈਆਂ ਅਰਜ਼ੀਆਂ ਦੇ ਵਿਚ 45,000 ਅਰਜ਼ੀਆਂ ਭਾਰਤੀ ਮੂਲ ਦੇ ਲੋਕਾਂ ਦੀਆਂ ਸਨ ਜਿਨ੍ਹਾਂ ਦਾ ਨਿਬੇੜਾ ਹੋ ਚੁੱਕਾ ਹੈ ਅਤੇ ਵੀਜ਼ੇ ਲੱਗ ਗਏ ਹਨ। ਭਾਰਤੀ ਲੋਕਾਂ ਦੀਆਂ ਬਾਕੀ ਰਹਿੰਦੀਆਂ ਲਗਪਗ 10,500 ਅਰਜ਼ੀਆਂ ਉਤੇ ਆਉਣ ਵਾਲੇ 2-3 ਮਹੀਨਿਆਂ ਦੇ ਵਿਚ ਫੈਸਲਾ ਹੋਣ ਦੀ ਸੰਭਾਵਨਾ ਹੈ।
-ਅੰਤਿ੍ਰਮ ਵੀਜ਼ਾ ਖਤਮ ਹੋ ਰਿਹਾ?  ਜਿਨ੍ਹਾਂ ਲੋਕਾਂ ਦੇ ਆਰ-2021 ਸ਼੍ਰੇਣੀ ਅਧੀਨ ਅੰਤਿ੍ਰਮ ਵੀਜ਼ੇ (Interim Visas)ਅਗਲੇ ਮਹੀਨਿਆਂ ਵਿਚ ਖਤਮ ਹੋ ਰਹੇ ਹਨ ਉਹ ਮੁਫ਼ਤ ਦੇ ਵਿਚ ਦੁਬਾਰਾ ਅਪਲਾਈ ਕਰ ਸਕਦੇ ਹਨ। ਅੰਤਿ੍ਰਮ ਵੀਜ਼ੇ ਵਿਚ ਉਹ ਦੇਸ਼ ਤੋਂ ਬਾਹਰ ਯਾਤਰਾ ਕਰਨ ਵਾਸਤੇ ਵੀ ਜਾ ਸਕਦੇ ਹਨ। ਨਿਊਜ਼ੀਲੈਂਡ ਵਿਚ ਕਾਨੂੰਨੀ ਤੌਰ ਉਤੇ ਰਹਿਣ ਲਈ ਇਹ ਜ਼ਰੂਰੀ ਹੋਵੇਗਾ ਕਿ ਤੁਹਾਡੇ ਕੋਲ ਅੰਤਿ੍ਰਮ ਵੀਜ਼ਾ ਹੋਵੇ। ਜੇਕਰ ਇਹ ਜਲਦ ਖਤਮ ਹੋ ਰਿਹਾ ਹੈ ਤਾਂ ਮੌਜੂਦਾ ਅੰਤਿਰਮ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਇਹ ਕਰਨਾ ਜਰੂਰੀ ਹੈ, ਉਂਝ ਇਮੀਗ੍ਰੇਸ਼ਨ ਵੱਲੋਂ ਇਹ ਕੰਮ ਆਪਣੇ ਆਪ ਵੀ ਕੀਤਾ ਜਾ ਰਿਹਾ ਹੈ, ਪਰ ਕੋਈ ਰਹਿ ਨਾ ਜਾਵੇ ਇਸ ਕਰਕੇ ਲੋਕ ਵੀ ਅਗਾਊਂ ਅਪਲਾਈ ਕਰ ਸਕਦੇ ਹਨ ਤਾਂ ਕਿ ਕਿਸੀ ਵੀ ਤਰ੍ਹਾਂ ਗੈਰ ਕਾਨੂੰਨੀ ਨਾ ਹੋ ਜਾਣ। ਜਿਨ੍ਹਾਂ ਦੇ ਅੰਤ੍ਰਿਮ ਵੀਜ਼ੇ ਉਤੇ ਦੇਸ਼ ਤੋਂ ਬਾਹਰ ਜਾਣ ਦੀ ਇਜ਼ਾਜਤ ਨਹੀਂ ਹੈ, ਉਹ ਵੀ ਵੀਜ਼ਾ ਨਿਯਮ ਦੇ ਵਿਚ ਅਜਿਹਾ ਬਦਲਾਓ ਕਰਨ ਲਈ ਕਹਿ ਸਕਦੇ ਹਨ, ਅਤੇ ਬਾਹਰ ਜਾਣ ਦੇ ਯੋਗ ਹੋ ਸਕਦੇ ਹਨ। ਇਸ ਵਾਸਤੇ ਖਰਚਾ ਕੋਈ ਨਹੀਂ ਹੋਵੇਗਾ।
ਈਮੇਲ ਪਤਾ ਨੋਟ ਕਰ ਲਓ 21RVinterims@mbie.govt.nz