ਕਿਧਰ ਨੂੰ ਚੱਲ ਪਏ ਪੰਜਾਬੀ ਨੌਜਵਾਨ……

ਪਿਛਲੇ ਕੁਝ ਹੀ ਦਿਨਾਂ ਵਿੱਚ ਪੰਜਾਬੀ ਨੌਜਵਾਨਾਂ ਦੇ ਹਜ਼ੂਮਾਂ ਨੇ ਉੱਪਰੋ ਥੱਲੀ ਤਿੰਨ ਚਾਰ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਸਭ ਤੋਂ ਪਹਿਲਾਂ ਥਾਣਾ ਅਜਨਾਲਾ ‘ਤੇ ਕਬਜ਼ਾ ਤੇ ਪੁਲਿਸ ਨਾਲ ਕੀਤੀ ਗਈ ਮਾਰ ਕੁਟਾਈ, ਦੂਸਰੇ ਨੰਬਰ ‘ਤੇ ਮਣੀਕਰਨ ਗੁਰਦਵਾਰੇ ਦੇ ਨਜ਼ਦੀਕ ਸਥਾਨਿਕ ਵਸਨੀਕਾਂ ਨਾਲ ਪੱਥਰਬਾਜ਼ੀ ਤੇ ਹੁਣ ਹੋਲੇ ਮੁਹੱਲੇ ਵਰਗੇ ਪਵਿੱਤਰ ਤਿਉਹਾਰ ਸਮੇਂ ਕੈਨੇਡਾ ਤੋਂ ਆਏ ਇੱਕ ਨੌਜਵਾਨ ਦਾ ਕਤਲ। ਹੋਲੇ ਮੁਹੱਲੇ ‘ਤੇ ਨੌਜਵਾਨ ਦਾ ਕਤਲ ਸਿਰਫ ਇਸ ਕਾਰਨ ਹੋਇਆ ਕਿ ਕੁਝ ਨਿਹੰਗ ਇਕੱਠੇ ਹੋ ਕੇ ਮੋਟਰ ਸਾਈਕਲ, ਟਰੈਕਟਰ ਅਤੇ ਗੱਡੀਆਂ ‘ਤੇ ਸਵਾਰ ਨੌਜਵਾਨਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕ ਰਹੇ ਸਨ। ਜੋ ਕੁਝ ਨਿਹੰਗ ਕਰ ਰਹੇ ਸਨ, ਉਸ ਨੂੰ ਵੀ ਠੀਕ ਨਹੀਂ ਕਿਹਾ ਜਾ ਸਕਦਾ। ਇੱਕ ਵੀਡੀਉ ਵਿੱਚ ਸਾਫ ਦਿਖਦਾ ਹੈ ਕਿ ਉਹ ਪਟਾਕੇ ਪਾ ਰਹੇ ਇੱਕ ਮੋਟਰ ਸਾਈਕਲ ਸਵਾਰ ‘ਤੇ ਡਾਂਗਾਂ ਬਰਸਾ ਰਹੇ ਹਨ। ਪਰ ਉਹਨਾਂ ਦੇ ਖਿਲਾਫ ਪੁਲਿਸ ਕੋਲ ਜਾਣ ਦੀ ਬਜਾਏ ਇੱਕ ਬੇਕਸੂਰ ਨੌਜਵਾਨ ਦਾ ਕਤਲ ਕਰ ਦੇਣਾ ਬਹੁਤ ਹੀ ਘਿਣਾਉਣੀ ਗੱਲ ਹੈ।
ਇਹ ਗੱਲ ਬਿਕਕੁਲ ਸੱਚ ਹੈ ਕਿ ਅੱਜ ਕਲ੍ਹ ਨੌਜਵਾਨ ਧਾਰਮਿਕ ਮੇਲਿਆਂ ਵਿੱਚ ਰੱਜ ਕੇ ਹੁੱਲੜਬਾਜ਼ੀ ਕਰਦੇ ਹਨ। ਇਸ ਸਾਲ ਦੇ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਵੇਲੇ ਇੱਕ ਵੀਡੀਉ ਕਾਫੀ ਵਾਇਰਲ ਹੋਈ ਹੈ। ਟਰੈਕਟਰ ਟਰਾਲੀ ‘ਤੇ ਸਵਾਰ 10-15 ਨੌਜਵਾਨ ਚੱਕਵੇਂ ਗਾਣੇ ਲਗਾ ਕੇ ਹੱਥ ਵਿੱਚ ਸ਼ਰਾਬ ਦੇ ਗਿਲਾਸ ਪਕੜ ਕੇ ਭੰਗੜਾ ਪਾਉਂਦੇ ਹੋਏ ਮੇਲੇ ਵੱਲ ਜਾ ਰਹੇ ਹਨ। ਕਿਸੇ ਨੇ ਇਸ ਵੀਡੀਉ ਦਾ ਸਿਰਲੇਖ ਵੀ ਬਹੁਤ ਵਧੀਆ ਰੱਖਿਆ ਹੈ, ”ਸੂਬਾ ਸਰਹੰਦ ਦੇ ਵਾਰਸ ਸਰਹੰਦ ਵੱਲ ਜਾਂਦੇ ਹੋਏ।” ਪੰਜਾਬ ਵਿੱਚ ਸਿੱਖ ਧਰਮ ਨਾਲ ਸਬੰਧਿਤ ਅਨੇਕਾਂ ਜੋੜ ਮੇਲੇ ਲੱਗਦੇ ਹਨ ਜਿਹਨਾਂ ਵਿੱਚ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਫਤਿਹਗੜ੍ਹ ਸਾਹਿਬ ਦੀ ਸਭਾ, ਤਲਵੰਡੀ ਸਾਬੋ ਦੀ ਵਿਸਾਖੀ ਅਤੇ ਮਾਘੀ ਮੇਲਾ ਸ੍ਰੀ ਮੁਕਤਸਰ ਸਾਹਿਬ ਪ੍ਰਮੁੱਖ ਹਨ। ਧਾਰਮਿਕ ਮੇਲਿਆਂ ਵਿੱਚ ਜਾਣ ਦਾ ਮਤਲਬ ਆਮ ਤੌਰ ਤੇ ਇਹ ਮੰਨਿਆਂ ਜਾਂਦਾ ਹੈ ਕਿ ਨੌਜਵਾਨ ਆਪਣੇ ਮਾਣ ਮੱਤੇ ਪੁਰਾਤਨ ਵਿਰਸੇ ਤੋਂ ਜਾਣੂ ਹੋਣ। ਪਰ ਅੱਜ ਕਲ੍ਹ ਮੇਲਿਆਂ ਵਿੱਚ ਜੋ ਗੁੱਲ ਖਿਲਾਏ ਜਾ ਰਹੇ ਹਨ, ਉਹ ਸਭ ਦੇ ਸਾਹਮਣੇ ਹਨ। ਨੌਜਵਾਨਾਂ ਨੂੰ ਪਤਾ ਹੀ ਨਹੀਂ ਕਿ ਇਹਨਾਂ ਜੋੜ ਮੇਲਿਆਂ ਦੀ ਕੀ ਮਹੱਤਤਾ ਹੈ।
1970 ਦੇ ਦਹਾਕੇ ਤੱਕ ਤਰਨ ਤਾਰਨ ਦੀ ਮੱਸਿਆ ਬਾਰੇ ਮਾਝੇ ਦੇ ਲੋਕਾਂ ਦੇ ਵਿਚਾਰ ਬਹੁਤੇ ਚੰਗੇ ਨਹੀਂ ਸਨ ਹੁੰਦੇ। ਬਹੁਤ ਜਿਆਦਾ ਭੀੜ ਭੜੱਕਾ ਹੋਣ ਕਾਰਨ ਮੁਸ਼ਟੰਡੇ ਔਰਤਾਂ ਨਾਲ ਬੇਹੱਦ ਅਸ਼ਲੀਲ ਛੇੜਖਾਨੀਆਂ ਕਰਦੇ ਹੁੰਦੇ ਸਨ। ਬਾਹਰੋਂ ਆਉਣ ਵਾਲੇ ਯਾਤਰੀਆਂ ਵਿੱਚੋਂ ਕਈ ਵਾਰ ਔਰਤਾਂ ਨੂੰ ਨਿਖੇੜ ਕੇ ਅਗਵਾ ਤੱਕ ਕਰ ਲਿਆ ਜਾਂਦਾ ਸੀ। ਅੱਕ ਕੇ ਸ਼੍ਰੋਮਣੀ ਕਮੇਟੀ ਨੂੰ ਇਸ ਗੁੰਡਾਗਰਦੀ ‘ਤੇ ਕਾਬੂ ਪਾਉਣ ਲਈ ਬੇਹੱਦ ਸਖਤੀ ਕਰਨੀ ਪਈ ਸੀ। ਮੁਸ਼ਟੰਡਿਆਂ ਨੂੰ ਬੋਰੀਆਂ ਵਿੱਚ ਬੰਦ ਕਰ ਕੇ ਛਿਤਰੌਲ ਕੀਤੀ ਜਾਂਦੀ ਸੀ। ਇੱਕ ਦੋ ਸਾਲਾਂ ਵਿੱਚ ਹੀ ਗੁੰਡੇ ਸਿੱਧੇ ਹੋ ਗਏ ਸਨ। ਜੇ ਕੋਈ ਮੱਸਿਆ ਵੇਲੇ ਬਦਮਾਸ਼ੀ ਕਰਨ ਬਾਰੇ ਸੋਚਦਾ ਵੀ ਤਾਂ ਨਾਲ ਦੇ ਫੌਰਨ ਸਮਝਾ ਦਿੰਦੇ, ”ਲਾਲ ਮਿਰਚਾਂ ਵਾਲੀ ਬੋਰੀ ਵੇਖੀ ਐ ਬਾਬਿਆਂ ਦੀ?” ਪਰ ਹੁਣ ਨਵੀਂ ਪੀੜ੍ਹੀ ਨੇ ਤਾਂ ਸਾਰੇ ਧਾਰਮਿਕ ਮੇਲਿਆਂ ਦਾ ਮਾਹੌਲ ਤਰਨ ਤਾਰਨ ਦੀ ਮੱਸਿਆ ਵਰਗਾ ਬਣਾ ਕੇ ਰੱਖ ਦਿੱਤਾ ਹੈ। ਇਹਨਾਂ ਤੋਂ ਡਰਦੇ ਮਾਰੇ ਭਲੇ ਘਰਾਂ ਦੇ ਮਰਦ ਔਰਤਾਂ ਮੇਲਿਆਂ ਵਿੱਚ ਜਾਣ ਦੀ ਜੁੱਰਅਤ ਨਹੀਂ ਕਰਦੇ। ਪਾਟੇ ਸਾਈਲੈਂਸਰਾਂ ਵਾਲੇ ਮੋਟਰ ਸਾਇਕਲ ਸਵਾਰ ਮੁਸ਼ਟੰਡੇ ਮੇਲਿਆਂ ਵਿੱਚ ਹਰਲ ਹਰਲ ਕਰਦੇ ਫਿਰਦੇ ਸਨ। ਪੁਲਿਸ ਇੱਕ ਪਾਸੇ ਕੰਟਰੋਲ ਕਰਦੀ ਹੈ ਤਾਂ ਇਹ ਦੂਸਰੇ ਪਾਸੇ ਜਾ ਗਦਰ ਮਚਾਉਂਦੇ ਹਨ। ਟਰੈਕਟਰਾਂ ਉੱਪਰ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ 20-20 ਬੰਦੇ ਲਟਕੇ ਹੁੰਦੇ ਹਨ। ਜੇ ਕਿਤੇ ਪੁਲਿਸ ਸਖਤੀ ਨਾ ਕਰੇ ਤਾਂ ਇਹ ਲੋਕਾਂ ਦਾ ਘਰੋਂ ਨਿਕਲਣਾ ਹੀ ਔਖਾ ਕਰ ਦੇਣ।
ਦੋ ਕੁ ਸਾਲ ਪਹਿਲਾਂ ਬਟਾਲੇ ਵਿਖੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਵੇਲੇ ਇਹ ਦ੍ਰਿਸ਼ ਵੇਖਣ ਨੂੰ ਮਿਲੇ ਸਨ। ਜਦੋਂ ਗੁਰੂ ਸਾਹਿਬ ਦਾ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਪਹੁੰਚਿਆ ਤਾਂ ਉਸ ਦਾ ਸਵਾਗਤ ਕਰਨ ਦੇ ਨਾਮ ‘ਤੇ ਪਾਟੇ ਸਾਈਲੈਂਸਰਾਂ ਵਾਲੇ ਮੋਟਰ ਸਾਇਕਲ ਉਸ ਦੇ ਅਗੇ ਲਾ ਲਏ ਗਏ। ਜਦੋਂ ਇੱਕ ਮੋਟਰ ਸਾਇਕਲ ਵਾਲੇ ਨੇ ਸਾਇਲੈਂਸਰ ਦਾ ਪਟਾਕਾ ਵਜਾਇਆ ਤਾਂ ਨਜ਼ਦੀਕ ਤੋਂ ਗੁਜ਼ਰ ਰਹੀ ਇੱਕ ਸਕੂਟਰ ਸਵਾਰ ਬੀਬੀ ਘਬਰਾ ਕੇ ਸੰਤੁਲਨ ਗਵਾਉਣ ਕਾਰਨ ਡਿੱਗ ਪਈ। ਵਾਹਵਾ ਸੱਟਾਂ ਲੱਗਣ ਕਾਰਨ ਉਸ ਨੂੰ ਹਸਪਤਾਲ ਲਿਜਾਉਣਾ ਪਿਆ। ਇੱਕ ਹੋਰ ਘਟੀਆਂ ਵਰਤਾਰਾ ਵੇਖਣ ਨੂੰ ਇਹ ਮਿਲਿਆ ਕਿ ਬਜ਼ਾਰਾਂ ਵਿੱਚ ਬਰਾਤ ਦੇ ਸਵਾਗਤ ਦੇ ਨਾਂ ‘ਤੇ ਵੱਡੇ ਵੱਡੇ ਸਪੀਕਰ ਲਗਾ ਕੇ ਚਾਲੂ ਜਿਹੇ ਗੀਤਾਂ ਦੀ ਧੁੰਨ ‘ਤੇ ਫੂਹੜ ਨਾਚ ਨੱਚ ਕੇ ਟਰੈਫਿਕ ਜਾਮ ਕੀਤਾ ਜਾ ਰਿਹਾ ਸੀ। ਜੇ ਇਹੋ ਹਾਲ ਰਿਹਾ ਤਾਂ ਹੋ ਸਕਦਾ ਹੈ ਕਿ ਅਗਲੇ ਵਿਆਹ ਪੁਰਬ ‘ਤੇ ਕੋਈ ਮਹਾਂ ਮੂਰਖ ਡਾਂਸਰਾਂ ਵੀ ਬੁਲਾ ਲਵੇ। ਕਈ ਥਾਈਂ ਪੁਲਿਸ ਨੂੰ ਡਾਂਗ ਫੇਰ ਕੇ ਟਰੈਫਿਕ ਚਾਲੂ ਕਰਨਾ ਪਿਆ ਸੀ। ਪੰਜਾਬ ਦੇ ਕਿਸੇ ਵੀ ਧਾਰਮਿਕ ਮੇਲੇ ਨਾਲੋਂ ਵਿਆਹ ਪੁਰਬ ਵੇਲੇ ਮੁਸ਼ਟੰਡਿਆਂ ‘ਤੇ ਪੁਲਿਸ ਨੂੰ ਜਿਆਦਾ ਸਖਤੀ ਕਰਨੀ ਪੈਂਦੀ ਹੈ ਪਰ ਇਹਨਾਂ ਢੀਠਾਂ ਨੂੰ ਸ਼ਰਮ ਨਹੀਂ ਆਉਂਦੀ।
ਜਦੋਂ ਵੀ ਪੰਜਾਬ ਵਿੱਚ ਕੋਈ ਪ੍ਰਸਿੱਧ ਮੇਲਾ ਨਜ਼ਦੀਕ ਆਉਂਦਾ ਹੈ ਤਾਂ ਇਹ ਮੱਛਰੀ ਹੋਈ ਵਿਹਲੜ ਮੁੰਡੀਹਰ ਘਰ ਦੇ ਕੰਮ ਕਰਨ ਦੀ ਬਜਾਏ, ਪਿਉ ਦੇ ਗਲ ‘ਚ ‘ਗੂਠਾ ਦੇ ਕੇ ਮੋਟਰ ਸਾਇਕਲ, ਜੀਪਾਂ, ਟਰੈਕਟਰ ਟਰਾਲੀਆਂ ਲੈ ਕੇ ਉਧਰ ਨੂੰ ਧਾਵਾ ਬੋਲ ਦਿੰਦੀ ਹੈ। 5-5, 10-10 ਮੋਟਰ ਸਾਇਕਲ ਸਵਾਰ ਝੁੰਡ ਬਣਾ ਕੇ ਤੇ ਪੀਲੀਆਂ ਝੰਡੀਆਂ ਲਗਾ ਕੇ ਤੁਰ ਪੈਂਦੇ ਹਨ। ਮੁੰਨੇ ਹੋਏ ਮੂੰਹਾਂ ਸਿਰਾਂ ਵਾਲੇ ਇਹ ਵਿਹਲੜ ਹੈਲਮਟ ਪਾਉਣ ਦੀ ਬਜਾਏ ਗਜ ਕੁ ਲੰਬਾ ਚਿੱਟਾ ਜਾਂ ਪੀਲਾ ਸਾਫਾ ਸਿਰ ਤੇ ਵਲੇਟ ਲੈਂਦੇ ਹਨ। ਕਿਸੇ ਵੀ ਜਲਸੇ ਜਲੂਸ ਦੇ ਅੱਗੇ ਮੋਟਰ ਸਾਇਕਲਾਂ ਦੇ ਟੋਲੇ ਆਮ ਹੀ ਦਿਖਾਈ ਦੇਂਦੇ ਹਨ। ਜੇ ਕਿਤੇ ਇਹਨਾਂ ਦਾ ਡੋਪ ਟੈਸਟ ਕੀਤਾ ਜਾਵੇ ਤਾਂ ਅੱਧੇ ਤੋਂ ਜਿਆਦਾ ਡਰੱਗਜ਼ ਨਾਲ ਰੱਜੇ ਹੋਏ ਮਿਲਣਗੇ।
ਹੇਮਕੁੰਟ ਸਾਹਿਬ ਦੀ ਯਾਤਰਾ ਵੇਲੇ ਵੀ ਇਹ ਮੋਟਰ ਸਾਇਕਲਾਂ ਵਾਲੇ ਵਿਹਲੜ ਬਹੁਤ ਗਦਰ ਮਚਾਉਂਦੇ ਹਨ। ਅਖਬਾਰਾਂ ਵਿੱਚ ਇਹ ਖਬਰ ਕਈ ਵਾਰ ਛਪੀ ਹੈ ਕਿ ਉੱਤਰਾਖੰਡ ਦੀ ਪੁਲਿਸ ਪੰਜਾਬੀਆਂ ਨਾਲ ਵਿਤਕਰਾ ਕਰਦੀ ਹੈ। ਇਹ ਵਿਤਕਰਾ ਇਹਨਾਂ ਨਾਲ ਹੀ ਕਿਉਂ ਹੁੰਦਾ ਹੈ? ਕਾਰਨ ਇਹ ਹੈ ਕਿ ਇਹ ਉੱਤਰਾਖੰਡ ਦਾ ਕੋਈ ਟਰੈਫਿਕ ਕਾਨੂੰਨ ਨਹੀਂ ਮੰਨਦੇ। ਕੋਈ ਹੈਲਮਟ ਨਹੀਂ ਪਾਉਂਦਾ, ਇੱਕ ਮੋਟਰ ਸਾਇਕਲ ਤੇ ਤਿੰਨ ਤਿੰਨ ਚੰਬੜੇ ਹੁੰਦੇ ਹਨ ਤੇ ਨਾ ਹੀ ਕਿਸੇ ਦੇ ਕਾਗਜ਼ਾਤ ਪੂਰੇ ਹੁੰਦੇ ਹਨ। ਉੱਤਰਾਖੰਡ ਪੁਲਿਸ ਟੂਰਿਜ਼ਮ ਦੀ ਖਾਤਰ ਇਹਨਾਂ ਦੀਆਂ ਜਿਆਦਤੀਆਂ ਬਰਦਾਸ਼ਤ ਕਰ ਲੈਂਦੀ ਹੈ। ਪਰ ਜਦੋਂ ਵੀ ਕੋਈ ਸਖਤ ਅਫਸਰ ਚੈਕਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਧਾਰਮਿਕ ਭੇਦ ਭਾਵ ਦਾ ਰੌਲਾ ਪਾ ਕੇ ਬੈਠ ਜਾਂਦੇ ਹਨ। ਰਸਤੇ ਵਿੱਚ ਪਹਾੜੀਆਂ ਖਿਸਕਣ ਨਾਲ ਸੜਕ ‘ਤੇ ਡਿੱਗ ਰਹੇ ਪੱਥਰਾਂ ਦੀ ਵੀ ਪ੍ਰਵਾਹ ਨਹੀਂ ਕਰਦੇ। 3-4 ਸਾਲ ਪਹਿਲਾਂ ਬਾਰਡਰ ਰੋਡਜ਼ ਦੇ ਫੌਜੀਆਂ ਨੇ ਰਿਸ਼ੀਕੇਸ਼ ਤੋਂ ਅੱਗੇ ਸ੍ਰੀਨਗਰ ਲਾਗੇ ਇਹਨਾਂ ਨੂੰ ਬਹੁਤ ਮੁਸ਼ਕਿਲ ਨਾਲ ਸਖਤੀ ਕਰ ਕੇ ਅੱਗੇ ਜਾਣ ਤੋਂ ਰੋਕਿਆ ਸੀ। ਪਿਛਲੇ ਕੁਝ ਸਾਲਾਂ ਤੋਂ ਰਿਸ਼ੀਕੇਸ਼, ਗੋਬਿੰਦ ਘਾਟ ਤੇ ਗੋਬਿੰਦ ਧਾਮ ਗੁਰਦਵਾਰਿਆਂ ਦੇ ਪ੍ਰਬੰਧਕ ਵੀ ਇਹਨਾਂ ਤੋਂ ਅੱਕ ਗਏ ਹਨ। ਰਾਤ ਨੂੰ ਸੋੌਣ ਲੱਗਿਆਂ ਇਹ ਬਜ਼ੁਰਗਾਂ ਤੱਕ ਤੋਂ ਕੰਬਲ ਖੋਹ ਲੈਂਦੇ ਹਨ। ਕੁਝ ਸਾਲ ਪਹਿਲਾਂ ਜਦੋਂ ਉਤਰਾਖੰਡ ਵਿੱਚ ਹੜ੍ਹ ਆਏ ਸਨ ਤਾਂ ਬਹੁਤੇ ਉਹ ਹੀ ਪੰਜਾਬੀ ਮਰੇ ਸਨ ਜੋ ਵਾਰਨਿੰਗ ਦੇ ਬਾਵਜੂਦ ਗੋਬਿੰਦ ਧਾਮ ਤੋਂ ਅੱਗੇ ਯਾਤਰਾ ਕਰਨ ਤੋਂ ਨਹੀਂ ਸਨ ਟਲੇ।
ਸਾਡੀ ਜਿਆਦਾਤਰ ਨਵੀਂ ਪੀੜੀ੍ਹ ਦਾ ਧਰਮ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਰਿਹਾ। ਇਹਨਾਂ ਵਾਸਤੇ ਇਹ ਮੇਲੇ ਸਿਰਫ ਮੰਨੋਰੰਜਨ ਦਾ ਸਾਧਨ ਬਣ ਗਏ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਜੋੜ ਮੇਲੇ ਵਿੱਚ ਇਹ ਵਿਹਲੜ ਟੋਲੇ ਭੈੜੀ ਜਿਹੀ ਆਵਾਜ ਵਾਲੀਆਂ ਪੀਪਣੀਆਂ ਵਜਾਉਂਦੇ ਅਵਾਰਾਗਰਦੀ ਕਰਦੇ ਆਮ ਹੀ ਵੇਖੇ ਜਾ ਸਕਦੇ ਹਨ। ਇਹਨਾਂ ਵਿੱਚੋਂ ਬਹੁਤਿਆਂ ਨੂੰ ਇਸ ਮੇਲੇ ਦੇ ਇਤਿਹਾਸ ਬਾਰੇ ਪਤਾ ਹੀ ਨਹੀਂ ਹੋਣਾ। ਆਨੰਦਪੁਰ ਸਾਹਿਬ ਹੋਲਾ ਮਹੱਲਾ ਡਿਊਟੀ ਵੇਲੇ ਪਿਛਲੇ ਸਾਲ ਮੈਂ ਅਵਾਰਾ ਘੁੰਮ ਰਹੇ ਇੱਕ ਅਜਿਹੇ ਹੀ ਟੋਲੇ ਨੂੰ ਪੁੱਛਿਆ ਕਿ ਹੋਲਾ ਮਹੱਲਾ ਕਿਉਂ ਮਨਾਉਂਦੇ ਹਨ? ਬਹੁਤਿਆਂ ਦਾ ਜਵਾਬ ਸੀ ਕਿ ਇਸ ਦਿਨ ਖਾਲਸਾ ਪੰਥ ਸਾਜਿਆ ਗਿਆ ਸੀ। ਮੇਲਿਆਂ ਵਿੱਚ ਲੜਾਈ ਝਗੜੇ ਤੇ ਛੇੜ ਛਾੜ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰੇਕ ਸਾਲ ਮੇਲਿਆਂ ਨੂੰ ਜਾਂਦੇ ਅਨੇਕਾਂ ਮੋਟਰ ਸਾਇਕਲ ਸਵਾਰ ਟਰੈਫਿਕ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਐਕਸੀਡੈਂਟਾਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਘਰ ਦਾ ਕੰਮ ਕਾਰ ਛੱਡ ਕੇ ਤੇ ਪੈਸੇ ਫੂਕ ਕੇ ਮੇਲਿਆਂ ਵਿੱਚ ਜਾ ਕੇ ਅਜਿਹੇ ਮੁਸ਼ਟੰਡਪੁਣੇ ਕਰਨੇ ਠੀਕ ਨਹੀਂ। ਪਰ ਪੁਲਿਸ ਦੇ ਸਿਰਤੋੜ ਯਤਨਾਂ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ।