ਵੱਡੀ ਟਰੱਕ ਕੰਪਨੀ ਧਾਰਾਸ਼ਾਹੀ, ਸੁਪਰ-ਮਾਰਕਿਟਾਂ ਉਪਰ ਹੋਵੇਗਾ ਅਸਰ

ਵੱਡੇ ਗਰੋਸਰੀ ਸਟੋਰਾਂ, ਸੁਪਰਮਾਰਕਿਟਾਂ, ਖਾਣ ਪੀਣ ਦੇ ਸਟੋਰਾਂ ਅਤੇ ਆਯਾਤ ਨਿਰਯਾਤ ਕਰਨ ਵਾਲਿਆਂ ਦੇ ਕੰਮ ਕਾਜ ਉਪਰ ਵੱਡਾ ਪ੍ਰਭਾਵ ਪੈਣਾ ਤੈਅ ਹੈ ਕਿਉਂਕਿ ਇਨ੍ਹਾਂ ਨੂੰ ਸਾਮਾਨ ਸਪਲਾਈ ਕਰਨ ਵਾਲੀ ਵੱਡੀ ਟਰੱਕ ਕੰਪਨੀ (ਸਕੋਟਸ ਰੈਫ਼ਰਿਜਿਰੇਟਿਡ ਲੋਜਿਸਟਿਕਸ) ਘਾਟੇ ਵਿੱਚ ਹੋਣ ਕਾਰਨ ਹੁਣ ਧਾਰਾਸ਼ਾਹੀ ਹੋ ਚੁਕੀ ਹੈ ਅਤੇ ਇਸ ਦੇ ਨਾਲ ਹੀ ਘੱਟੋ ਘੱਟ 1500 ਕਾਮੇ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਸਕਦੇ ਹਨ।
ਸਕੋਟਸ ਕੰਪਨੀ ਦੇ 8000 ਦੇ ਕਰੀਬ ਟਰੱਕ ਹਰ ਰੋਜ਼ ਗਰੋਸਰੀ ਸਟੋਰਾਂ, ਸੁਪਰਮਾਰਕਿਟਾਂ, ਖਾਣ ਪੀਣ ਦੇ ਸਟੋਰਾਂ ਆਦਿ ਉਪਰ ਸਾਮਾਨ ਦੀ ਸਪਲਾਈ ਕਰਦੇ ਹਨ ਅਤੇ ਇਸੇ ਕਾਰਨ ਅਜਿਹੇ ਸਟੋਰਾਂ ਆਦਿ ਉਪਰ ਸਾਮਾਨ ਦੀ ਥੋੜ੍ਹ ਹੋਣ ਦੀਆਂ ਕਿਆਸਅਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ। ਸਟੋਰਾਂ ਆਦਿ ਵਿੱਚ ਵੂਲਵਰਥਸ, ਕੋਲਜ਼ ਅਤੇ ਐਲਡੀ ਸਟੋਰ ਆਦਿ ਸ਼ਾਮਿਲ ਹਨ ਜਿੱਥੇ ਕਿ ਇਸ ਕੰਪਨੀ ਵੱਲੋਂ ਹਰ ਰੋਜ਼ ਮਾਲ ਦੀ ਪੂਰਤੀ ਕੀਤੀ ਜਾਂਦੀ ਰਹੀ ਹੈ।
ਉਪਰੋਕਤ ਸਟੋਰਾਂ ਤੋਂ ਬੁਲਾਰਿਆਂ ਦਾ ਕਹਿਣਾ ਹੈ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਨਾਲ ਕਿਸੇ ਤਰ੍ਹਾਂ ਸਪਲਾਈ ਨੂੰ ਠੀਕ ਠਾਕ ਰੱਖਿਆ ਜਾਵੇ ਪਰੰਤੂ ਥੋੜ੍ਹਾ ਬਹੁਤ ਅਸਰ ਪੈਣਾ ਤਾਂ ਲਾਜ਼ਮੀ ਹੀ ਹੈ।
ਸਕੋਟਸ ਕੰਪਨੀ ਦੇ ਟੁੱਟਣ ਦਾ ਕਾਰਨ ਇੰਧਣ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਦੱਸਿਆ ਜਾ ਰਿਹਾ ਹੈ ਜਿਸ ਨਾਲ ਕਿ ਕੰਪਨੀ ਉਪਰ ਵਾਧੂ ਦਾ ਭਾਰ ਪਿਆ ਹੈ ਅਤੇ ਕੰਪਨੀ ਇਸਨੂੰ ਸਹਿਣ ਦੇ ਯੋਗ ਨਹੀਂ ਰਹੀ ਸੀ।
ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦਾ ਕਹਿਣਾ ਹੈ ਕਿ ਕਰੋਨਾ ਕਾਲ਼ ਦੌਰਾਨ ਕੰਪਨੀਆਂ ਨੂੰ ਬਹੁਤ ਵੱਡੇ ਘਾਟੇ ਪਏ ਹਨ ਅਤੇ ਵਧਦੀਆਂ ਕੀਮਤਾਂ ਨੇ ਸਭ ਦੀ ਕਮਰ ਤੋੜ ਕੇ ਰੱਖੀ ਹੋਈ ਹੈ। ਸਾਲ 2022 ਦੌਰਾਨ ਹੀ ਅਜਿਹੀਆਂ ਹੀ 200 ਦੇ ਕਰੀਬ ਕੰਪਨੀਆਂ ਘਾਟੇ ਵਿੱਚ ਜਾ ਚੁਕੀਆਂ ਹਨ ਜੋ ਕਿ ਸਮੁੱਚੇ ਦੇਸ਼ ਦੀ ਅਰਥ ਵਿਵਸਥਾ ਵਾਸਤੇ ਬਹੁਤ ਵੱਡਾ ਘਾਟਾ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵੱਲ ਫੌਰੀ ਤੌਰ ਤੇ ਧਿਆਨ ਦਿੱਤਾ ਜਾਵੇ ਅਤੇ ਇਸ ਪਾਸੇ ਵੱਲ ਲੋੜੀਂਦੇ ਅਤੇ ਉਚਿਤ ਕਦਮ ਚੁੱਕੇ ਜਾਣ ਤਾਂ ਜੋ ਕੰਪਨੀਆਂ ਦੇ ਘਾਟੇ ਦੀ ਪੂਰਤੀ ਕੀਤੀ ਜਾ ਸਕੇ।