ਕਾਂਟਾਜ਼ ਦੇ ਫਿਊਲ ਸਟਾਫ਼ ਵੱਲੋਂ ਹੜਤਾਲ ਦੀ ਧਮਕੀ, ਮੈਲਬੋਰਨ ਏਅਰਪੋਰਟ ਉਪਰ ਬੇਚੈਨੀ ਦਾ ਮਾਹੌਲ

ਮੈਲਬੋਰਨ ਦੇ ਹਵਾਈ ਅੱਡੇ ਉਪਰ ਕਾਂਟਾਜ਼ ਕੰਪਨੀ ਦੇ ਜਹਾਜ਼ਾਂ ਵਿੱਚ ਇੰਧਣ ਭਰਨ ਵਾਲੇ ਸਟਾਫ਼ ਨੇ ਆਪਣੀਆਂ ਤਨਖਾਹਾਂ ਅਤੇ ਹੋਰ ਭੱਤਿਆਂ ਨੂੰ ਲੈ ਕੇ 24 ਘੰਟਿਆਂ ਦੀ ਹੜਤਾਲ ਦੀ ਧਮਕੀ ਦੇ ਦਿੱਤੀ ਹੈ ਜਿਸ ਨਾਲ ਕਿ ਹਵਾਈ ਅੱਡੇ ਉਪਰ ਆਉਣ ਜਾਉਣ ਵਾਲੇ ਮੁਸਾਫ਼ਿਰਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ।
ਜੇਕਰ ਇਹ ਹੜਤਾਲ ਹੁੰਦੀ ਹੈ ਤਾਂ ਇਸ ਹਫ਼ਤੇ ਦੇ ਬੁੱਧਵਾਰ ਨੂੰ ਸਵੇਰ ਦੇ 4 ਵਜੇ ਤੋਂ ਲੈ ਕੇ ਅਗਲੇ ਦਿਨ ਵੀਰਵਾਰ ਸਵੇਰੇ 4 ਵਜੇ ਤੱਕ ਦੀਆਂ ਫਲਾਈਟਾਂ ਦੇ ਆਵਾਗਮਨ ਦੌਰਾਨ ਕਾਫੀ ਫਰਕ ਪੈ ਸਕਦੇ ਹਨ ਅਤੇ ਉਡਾਣਾਂ ਦੇਰੀ ਨਾਲ ਚੱਲਣ ਅਤੇ ਜਾਂ ਫੇਰ ਰੱਦ ਕਰਨ ਦੀਆਂ ਸੰਭਾਵਨਾਵਾਂ ਵੀ ਬਣਦੀਆਂ ਨਜ਼ਰ ਆ ਰਹੀਆਂ ਹਨ। ਕਾਂਟਾਜ਼ ਦੇ ਨਾਲ ਨਾਲ ਆਸਟ੍ਰੇਲੀਆ ਏਅਰ ਐਕਸਪ੍ਰੈਸ ਅਤੇ ਡੀ.ਐਚ.ਐਲ. ਅਤੇ ਕੁੱਝ ਅੰਤਰ ਰਾਸ਼ਟਰੀ ਮਾਲ ਵਾਹਕ ਵਾਹਨਾਂ ਦੇ ਆਵਾਗਮਨ ਉਪਰ ਵੀ ਅਸਰ ਪੈ ਸਕਦਾ ਹੈ।
ਟ੍ਰਾਂਸਪੋਰਟ ਵਰਕਰਾਂ ਦੀ ਯੂਨੀਅਨ (The Transport Workers’ Union (TWU)) ਦਾ ਕਹਿਣਾ ਹੈ ਕਾਂਟਾਜ਼ ਦਾ ਸਟਾਫ਼ ਆਪਣੀਆਂ ਮੰਗਾਂ ਪ੍ਰਤੀ ਨਾਰਾਜ਼ ਦਿਖਾਈ ਦੇ ਰਿਹਾ ਹੈ ਅਤੇ ਕੰਪਨੀ ਕੋਲ ਲਗਾਤਾਰ ਤਨਖਾਹਾਂ ਆਦਿ ਵਿੱਚ ਬੜੋਤਰੀ ਦੀਆਂ ਕਈ ਬੇਨਤੀਆਂ ਕਰ ਚੁਕਿਆ ਹੈ ਅਤੇ ਅੰਤ ਨੂੰ ਹੁਣ ਸਟਾਫ਼ ਨੇ ਹੜਤਾਲ ਦਾ ਰਾਹ ਚੁਣਿਆ ਹੈ।
ਜ਼ਿਕਰਯੋਗ ਹੈ ਕਿ ਕਾਂਟਾਜ਼ ਕੰਪਨੀ ਵਾਸਤੇ ਇਸ ਸਟਾਫ਼ ਦੀ ਭਰਤੀ ‘ਰਾਈਵਟ’ ਕੰਪਨੀ ਵੱਲੋਂ ਕੀਤੀ ਜਾਂਦੀ ਹੈ ਅਤੇ ਕਾਂਟਾਜ਼ ਕੰਪਨੀ ਦੇ 60% ਜਹਾਜ਼ਾਂ ਵਿੱਚ ਇੰਧਣ ਭਰਿਆ ਜਾਂਦਾ ਹੈ।
ਯੂਨੀਅਨ ਦਾ ਕਹਿਣਾ ਹੈ ਕਿ ਉਕਤ ਕੰਮਾਂ ਆਦਿ ਵਿੱਚ ਕੰਮ ਕਰਨ ਵਾਲੇ ਕਾਮੇ, ਬਹੁਤ ਜ਼ਿਆਦਾ ਜੋਖਮ ਵਾਲੇ ਕੰਮਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਪਰੰਤੂ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦੇ ਮੁਕਾਬਲੇ ਬਹੁਤ ਹੀ ਥੋੜ੍ਹੀ ਤਨਖਾਹ ਅਤੇ ਹੋਰ ਭੱਤਿਆਂ ਆਦਿ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ।