ਤੇਜੀ ਨਾਲ ਬਦਲ ਰਿਹਾ ਟੈਲੀਵਿਜ਼ਨ, ਸੋਸ਼ਲ ਮੀਡੀਆ ਦ੍ਰਿ੍ਸ਼

ਸਮੇਂ ਨਾਲ ਵਿਸ਼ਾ-ਸਮੱਗਰੀ ਅਤੇ ਤਕਨੀਕ ਪੱਖੋਂ ਟੈਲੀਵਿਜ਼ਨ ਐਨਾ ਬਦਲਦਾ ਜਾ ਰਿਹਾ ਕਿ ਸੋਚ ਕੇ ਹੈਰਾਨੀ ਹੁੰਦੀ ਹੈ।  ਵੰਨਸੁਵਨਤਾ ਐਨੀ ਵਧ ਗਈ ਹੈ ਕਿ ਚੋਣ ਕਰਨੀ ਮੁਸ਼ਕਲ ਹੋ ਰਹੀ ਹੈ।  ਦੂਸਰੇ ਪਾਸੇ ਸਮਾਰਟ ਫੋਨ ਨੇ ਟੈਲੀਵਿਜ਼ਨ ਦਾ ਅਕਰਸ਼ਨ ਫਿੱਕਾ ਪਾ ਦਿੱਤਾ ਹੈ।  ਦੁਨੀਆਂ ਭਰ ਦਾ ਨੌਜਵਾਨ ਵਰਗ ਟੈਲੀਵਿਜ਼ਨ ਪ੍ਰੋਗਰਾਮ ਵੇਖਣ ਲਈ ਟੈਲੀਵਿਜ਼ਨ ਬਹੁਤ ਘੱਟ ਖੋਲ੍ਹਦਾ ਹੈ।  ਇਹਦੇ ਲਈ ਉਹ ਲੈਪਟਾਪ, ਆਈਪੈਡ ਜਾਂ ਸਮਰਾਟ ਫੋਨ ਦੀ ਹੀ ਵਰਤੋਂ ਕਰਦਾ ਹੈ।  ਯੂ-ਟਿਊਬ ʼਤੇ ਆਪਣੇ ਮਨਪਸੰਦ ਪ੍ਰੋਗਰਾਮ ਵੇਖਦਾ ਹੈ।  ਹੁਣ ਤਾਂ ਟੈਲੀਵਿਜ਼ਨ ਦੇ ਗੈਰ-ਮਿਆਰੀ ਪ੍ਰੋਗਰਾਮਾਂ ਅਤੇ ਨਿਊਜ਼ ਚੈਨਲਾਂ ਦੇ ਆਪਹੁਦਰੇਪਨ ਤੋਂ ਬਚਣ ਲਈ ਮੇਰੀ ਉਮਰ ਦੇ ਲੋਕ ਵੀ ਯੂ-ਟਿਊਬ ਤੇ ਆਪਣੀ ਪਸੰਦ, ਆਪਣੇ ਸ਼ੌਕ, ਆਪਣੇ ਸੁਹਜ-ਸੁਆਦ ਅਨੁਸਾਰ ਜਾਣਕਾਰੀ, ਗਿਆਨ, ਮਨੋਰੰਜਨ ਦੀਆਂ ਵੀਡੀਓ ਵੇਖਣ ਨੂੰ ਤਰਜੀਹ ਦਿੰਦੇ ਹਨ।  ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ।  ਆਪਣਾ ਦਾਇਰਾ, ਆਪਣਾ ਨਜ਼ਰੀਆ ਖੋਲ੍ਹਣ ਬਦਲਣ ਦੀ ਲੋੜ ਹੈ।

ਟਵਿੱਟਰ ਦੀ ਮਾਲਕੀ ਵਿਚ ਹੋਈ ਤਬਦੀਲੀ ਨੇ ਬੀਤੇ ਮਹੀਨਿਆਂ ਦੌਰਾਨ ਕਈ ਰੰਗ ਵਿਖਾਏ ਹਨ।  ਟਵਿੱਟਰ ਵਰਤਣ ਵਾਲੇ ਹੈਰਾਨ ਪਰੇਸ਼ਾਨ ਹਨ।  ਹੁਣ ਤਾਜ਼ਾ ਖ਼ਬਰ ਆਈ ਹੈ ਕਿ ਟਵਿੱਟਰ ਬਲੂ ਲਈ 900 ਰੁਪਏ ਮਹੀਨਾ ਖਰਚਣੇ ਪੈਣਗੇ।  ਸੋਸ਼ਲ ਮੀਡੀਆ ਮੰਚ ਵੱਲੋਂ ਵੈੱਬ ਲਈ ਟਵਿੱਟਰ ਬਲੂ ਦੀ ਕੀਮਤ 650 ਰੁਪਏ ਅਤੇ ਐਪ ਲਈ 900 ਰੁਪਏ ਨਿਸਚਤ ਕੀਤੀ ਗਈ ਹੈ।  ਹਰੇਕ ਡਿਵਾਈਸ ਲਈ ਅਲੱਗ ਅਲੱਗ ਰੇਟ ਰੱਖੇ ਗਏ ਹਨ।  ਖ਼ਬਰ ਇਹ ਵੀ ਹੈ ਕਿ ਲੋਕਾਂ ਨੰ ਟਵੀਟ ਕਰਨ ਅਤੇ ਮੈਸਜ਼ ਭੇਜਣ ਵਿਚ ਮੁਸ਼ਕਲ ਆ ਰਹੀ ਹੈ।  ਕੰਪਨੀਆਂ ਨੂੰ ਮੋਲਡ ਟਿਕ ਲਈ ਹਰੇਕ ਮਹੀਨੇ 1000 ਡਾਲਰ ਦੇਣੇ ਪੈਣਗੇ।

ਸਾਲ 2023 ਦੌਰਾਨ ਸੋਸ਼ਲ ਮੀਡੀਆ ਦੇ ਰੁਝਾਨ ਸੰਕੇਤ ਕਰਦੇ ਹਨ ਕਿ ਟਿਕ-ਟਾਕ ਦਾ ਆਕਾਰ ʼਤੇ ਪ੍ਰਭਾਵ ਵਧੇਗਾ।  ਵੀਡੀਓ ਸਮੱਗਰੀ ਦਾ ਦਬਦਬਾ ਵਧੇਗਾ।  ਇਕ ਅਧਿਐਨ ਅਨੁਸਾਰ ਦੁਨੀਆਂ ਦੀ ਕੁਲ ਵਸੋਂ ਵਿਚੋਂ 58.4 ਫੀਸਦੀ ਲੋਕ ਕਿਸੇ ਨਾ ਕਿਸੇ ਰੂਪ ਵਿਚ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ।  ਵਰਤੋਂ ਦਾ ਔਸਤਨ ਸਮਾਂ ਇਕ ਦਿਨ ਵਿਚ 2 ਘੰਟੇ 27 ਮਿੰਟ ਬਣਦਾ ਹੈ।  ਭਵਿੱਖ ਵਿਚ ਇਹ ਸਮਾਂ ਵਧਣ ਦੀਆਂ ਸੰਭਾਵਨਾਵਾਂ ਹਨ ਕਿਉਂਕਿ ਸੋਸ਼ਲ ਮੀਡੀਆ ਵਰਤਣ ਦੇ ਅਨੇਕਾਂ ਮੌਕੇ ਹਨ।  ਪਰੰਤੂ ਇਸਦੇ ਨਾਲ ਹੀ ਸਿਹਤ, ਵਿਗਿਆਨ ਅਤੇ ਸੋਸ਼ਲ ਮੀਡੀਆ ਮਾਹਿਰ ਸਾਨੂੰ ਲਗਾਤਾਰ ਸੁਚੇਤ ਕਰਦੇ ਆ ਰਹੇ ਹਨ ਕਿ ਇਸਦੀ ਵਧੇਰੇ ਵਰਤੋਂ ਕਈ ਤਰ੍ਹਾਂ ਨਾਲ ਸਾਡੀ ਸਿਹਤ ਲਈ ਹਾਨੀਕਾਰਕ ਹੈ।  ਇਹੀ ਨਹੀਂ ਮਾਹਿਰ ਮੰਨਦੇ ਹਨ ਕਿ ਕਦੇ ਵੀ ਆਪਣੀ ਨਿੱਜੀ ਤੇ ਪਰਿਵਾਰਕ ਜਾਣਕਾਰੀ ਸੋਸ਼ਲ ਮੀਡੀਆ ਦੇ ਵੱਖ-ਵੱਖ ਮੰਚਾਂ ਤੇ ਨਹੀਂ ਪਾਉਣੀ ਚਾਹੀਦੀ।  ਕਦੇ ਵੀ, ਕਿਤੇ ਵੀ, ਕੋਈ ਵੀ ਉਸਦੀ ਗ਼ਲਤ ਵਰਤੋਂ ਕਰ ਸਕਦਾ ਹੈ।  ਇਹੀ ਸਥਿਤੀ ਤਸਵੀਰਾਂ ਅਤੇ ਵੀਡੀਓ ਦੀ ਹੈ।

ਅਸੀਂ ਇਹ ਵੀ ਨਹੀਂ ਜਾਣਦੇ ਕਿ 13 ਸਾਲ ਤੋਂ ਛੋਟੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਡਾਟਾ ਪ੍ਰੋਟੈਕਸ਼ਨ ਕਾਨੂੰਨ ਤਹਿਤ ਵਰਜਿਤ ਹੈ।  ਤੇਰਾਂ ਸਾਲ ਅਤੇ ਇਸਤੋਂ ਵੱਡੀ ਉਮਰ ਦੇ ਬੱਚੇ ਹੀ ਮਾਪਿਆਂ ਦੀ ਆਗਿਆ ਬਗ਼ੈਰ ਇਸਦੀ ਵਰਤੋਂ ਕਰ ਸਕਦੇ ਹਨ।

ਜਿਵੇਂ ਜਿਵੇਂ ਸੋਸ਼ਲ ਮੀਡੀਆ ਦੀ ਵਰਤੋਂ ʼਤੇ ਪ੍ਰਭਾਵ ਵਧ ਰਿਹਾ ਹੈ ਤਿਵੇਂ ਤਿਵੇਂ ਦੁਨੀਆਂ ਭਰ ਦੇ ਲੋਕ ਸੁਚੇਤ ਵੀ ਹੁੰਦੇ ਜਾ ਰਹੇ ਹਨ ਕਿਉਂਕਿ ਸਮੇਂ ਨਾਲ ਇਸਦੇ ਦੁਰ-ਪ੍ਰਭਾਵ ਸਾਹਮਣੇ ਆਉਣ ਲੱਗ ਗਏ ਹਨ।  ਆਹਮੋ-ਸਾਹਮਣੇ ਗੱਲਬਾਤ ਦੇ ਮੌਕੇ ਘੱਟਣ ਨਾਲ ਭਾਵਾਨਾਵਾਂ ਦੇ ਪ੍ਰਗਟਾਵੇ ਦੇ ਮੌਕੇ ਵੀ ਸੁੰਗੜ ਰਹੇ ਹਨ।  ਨਤੀਜੇ ਵਜੋਂ ਅਜੋਕਾ ਮਨੁੱਖ ਆਪਣੇ ਆਪ ਵਿਚ ਗੁੰਮ-ਸੁਮ ਰਹਿਣ ਲੱਗਾ ਹੈ।  ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਤੋਰਾ ਫੇਰਾ ਘਟਾ ਕੇ ਸਾਨੂੰ ਆਲਸ ਵੱਲ ਧਕੇਲ ਰਹੀ ਹੈ।

ਸਾਨੂੰ ਭਲੇਖਾ ਹੈ ਕਿ ਸੋਸ਼ਲ ਮੀਡੀਆ ਮੰਚ ਜੋੜਨ ਦਾ ਕੰਮ ਕਰਦੇ ਹਨ।  ਅਸਲ ਵਿਚ ਇਹ ਜੋੜਨ ਦਾ ਨਹੀਂ ਤੋੜਨ ਦਾ ਅਤੇ ਵੰਡਣ ਦਾ ਕੰਮ ਕਰਦੇ ਹਨ।  ਟਵਿੱਟਰ ਇਸਦੀ ਵਧੀਆ ਉਦਾਹਰਨ ਹੈ।

ਵੱਟਸ ਐਪ ਨੇ ਵੀ ਇਸਦੀ ਵਰਤੋਂ ਲਈ ਉਮਰ ਸੀਮਾ 16 ਸਾਲ ਰੱਖੀ ਹੈ ਪਰੰਤੂ ਆਪਾਂ ਸਾਰੇ ਜਾਣਦੇ ਹਾਂ ਕਿ ਇਸਦੀ ਕਿੰਨੀ ਕੁ ਪਾਲਣਾ ਹੋ ਰਹੀ ਹੈ।

ਇਕ ਪਾਸੇ ਸੋਸ਼ਲ ਮੀਡੀਆ ਤੇਜ਼ੀ ਨਾਲ ਬਦਲ ਰਿਹਾ ਹੈ।  ਨਵੀਆਂ ਨਵੀਆਂ ਸਹੂਲਤਾਂ ਮੁਹੱਈਆ ਕਰ ਰਿਹਾ ਹੈ।  ਆਪਣੇ ਕਾਰੋਬਾਰ ਦਾ ਦਾਇਰਾ ਵਧਾ ਰਿਹਾ ਹੈ ਪਰੰਤੂ ਅਜੋਕੇ ਮਨੁੱਖ ਦੀ ਮਾਨਸਿਕ, ਸਰੀਰਕ ਸਿਹਤ ਨੂੰ ਕਿਵੇਂ ਅਤੇ ਕਿਸ ਕਦਰ ਪ੍ਰਭਾਵਤ ਤੇ ਪੀੜਤ ਕਰ ਰਿਹਾ ਹੈ ਇਸ ਵੱਲ ਧਿਆਨ ਨਹੀਂ ਦੇ ਰਿਹਾ। ਮੰਨਿਆ ਕਿ ਇਸਦੇ ਅਨੇਕਾਂ ਮਹੱਤਵਪੂਰਨ ਫਾਇਦੇ ਹਨ ਪਰੰਤੂ ਅਨੇਕਾਂ ਅਨੇਕ ਨੁਕਸਾਨ ਵੀ ਹਨ, ਜਿਨ੍ਹਾਂ ਦੀ ਸ਼ਨਾਖਤ ਹੋ ਚੁੱਕੀ ਹੈ।  ਹੁਣ ਉਨ੍ਹਾਂ ਤੇ ਧਿਆਨ ਕੇਂਦਰਿਤ ਕਰਨ ਦਾ ਸਮਾਂ ਹੈ।

(ਪ੍ਰੋ. ਕੁਲਬੀਰ ਸਿੰਘ) +91 94171-53513