ਭਰਤੀ ਕਰਾਂਗੇ 10,000 ਮੁਲਾਜ਼ਮ -ਕਾਂਟਾਜ਼

ਪਹਿਲਾਂ ਮੌਜੂਦਾ ਵਾਲਿਆਂ ਨੂੰ ਸੰਭਾਲੋ, ਫੇਰ ਕਰਿਓ ਨਵੀਂ ਭਰਤੀ -ਯੂਨੀਅਨ

ਕੋਵਿਡ-19 ਤੋਂ ਬਾਅਦ ਦਿਆਂ ਸਮਿਆਂ ਦੌਰਾਨ, ਕਾਂਟਾਜ਼ ਨੇ 311 ਨਵੇਂ ਏਅਰਕ੍ਰਾਫਟ ਖਰੀਦੇ ਹਨ ਅਤੇ ਹੁਣ ਕੰਪਨੀ ਨੇ ਇੱਕ ਵੱਡੇ ਐਲਾਨਨਾਮੇ ਰਾਹੀਂ ਕਿਹਾ ਹੈ ਕਿ ਉਹ ਆਉਣ ਵਾਲੇ 10 ਸਾਲਾਂ ਦੌਰਾਨ 10,000 ਦੇ ਕਰੀਬ ਨਵੀਆਂ ਭਰਤੀਆਂ ਕਰਨਗੇ ਜਿਨ੍ਹਾਂ ਵਿੱਚ ਕਿ 4500 ਕੈਬਿਨ ਕਰੂ ਮੈਂਬਰ, 1600 ਪਾਇਲਟ, 800 ਇੰਜਨੀਅਰ ਅਤੇ 1600 ਹੋਰ ਦੂਸਰਾ ਏਅਰਪੋਰਟ ਸਟਾਫ ਆਦਿ ਹੋਣਗੇ।
ਹਾਲ ਦੀ ਘੜੀ ਕਾਂਟਾਜ਼ ਕੰਪਨੀ ਵਿੱਚ 23,500 ਮੁਲਾਜ਼ਮ ਹਨ ਅਤੇ ਕੰਪਨੀ ਦਾ ਟੀਚਾ ਹੈ ਕਿ ਸਾਲ 2033 ਤੱਕ ਇਹ ਸੰਖਿਆ ਵੱਧ ਕੇ 32,000 ਦੇ ਕਰੀਬ ਹੋ ਜਾਵੇਗੀ।
ਇਸ ਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਕੰਪਨੀ ਇੱਕ ਇੰਜਨੀਅਰਿੰਗ ਅਕੈਡਮੀ ਵੀ ਖੋਲ੍ਹਣ ਜਾ ਰਹੀ ਹੈ ਅਤੇ ਇਸ ਦੇ ਜ਼ਰੀਏ ਹਰ ਸਾਲ 300 ਦੇ ਕਰੀਬ ਸਿਖਲਾਈ ਪ੍ਰਾਪਤ ਕਾਮੇ, ਏਅਰਪੋਰਟ ਸਹੂਲਤਾਂ ਅਤੇ ਏਵੀਏਸ਼ਨ ਵਾਸਤੇ ਦਿੱਤੇ ਜਾਣਗੇ।
ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਨੂੰ ਇਹ ਗੱਲ ਭਾਅ ਨਹੀਂ ਰਹੀ ਅਤੇ ਯੂਨੀਅਨ ਦਾ ਕਹਿਣਾ ਹੈ ਕਿ ਕੰਪਨੀ ਨੂੰ ਚਾਹੀਦਾ ਹੈ ਕਿ ਪਹਿਲਾਂ, ਮੌਜੂਦਾ ਮੁਲਾਜ਼ਮਾਂ ਦੀਆਂ ਤਨਖਾਹਾਂ, ਭੱਤਿਆਂ ਅਤੇ ਕੰਮ ਕਰਨ ਦੀਆਂ ਸਹੂਲਤਾਂ ਆਦਿ ਨੂੰ ਦਰੁਸਤ ਕਰੇ ਅਤੇ ਇਸ ਤੋਂ ਬਾਅਦ ਨਵੀਂ ਭਰਤੀ ਬਾਰੇ ਕੰਪਨੀ ਨੂੰ ਸੋਚਣਾ ਚਾਹੀਦਾ ਹੈ। ਸਾਲ 2020 ਵਿੱਚ ਕਰੋਨਾ ਕਾਲ਼ ਦੌਰਾਨ ਕਾਂਟਾਜ਼ ਕੰਪਨੀ ਦੇ 300 ਦੇ ਕਰੀਬ ਬਿਹਤਰੀਤ ਤਜੁਰਬੇਕਾਰ ਪਾਇਲਟਾਂ ਨੂੰ ਕੰਪਨੀ ਛੱਡਣੀ ਪਈ ਸੀ ਅਤੇ ਹੁਣ ਕੰਪਨੀ ਨਵਾਂ ਸਟਾਫ਼ ਭਰਤੀ ਕਰਨ ਵਾਸਤੇ ਜ਼ਾਹਿਰ ਹੈ ਕਿ ਘੱਟ ਤਨਖਾਹਾਂ ਅਤੇ ਹੋਰ ਭੱਤਿਆਂ ਦਾ ਐਲਾਨ ਕਰ ਰਹੀ ਹੈ ਜੋ ਕਿ ਨਾਵਾਜਬ ਹੈ ਅਤੇ ਇਸ ਵਾਸਤੇ ਜ਼ਮੀਨ ਤੇ ਕੰਮ ਕਰਨ ਵਾਲੇ ਸਟਾਫ਼ ਮੈਂਬਰਾਂ (ਗ੍ਰਾਊਂਡ ਕਰੂ) ਵਿਚੋਂ 1700 ਹੋਰ ਦੀ ਛਾਂਟੀ ਵੀ ਕੀਤੀ ਜਾ ਰਹੀ ਹੈ।
ਯੂਨੀਅਨ ਦਾ ਕਹਿਣਾ ਹੈ ਕਿ ਅਜਿਹੇ ਤਜੁਰਬੇਕਾਰ ਲੋਕ ਜਿਨ੍ਹਾਂ ਦੀ ਵਜਹ ਅਤੇ ਦਿਨ ਰਾਤ ਦੀ ਮਿਹਨਤ ਕਾਰਨ, ਕੰਪਨੀ ਬੁਲੰਦੀਆਂ ਉਪਰ ਪਹੁੰਚੀ ਹੈ, ਹੁਣ ਉਨ੍ਹਾਂ ਨੂੰ ਹੀ ਬੇਵਜਹ ਕੱਢਿਆ ਜਾ ਰਿਹਾ ਹੈ ਅਤੇ ਘੱਟ ਤਨਖਾਹਾਂ ਆਦਿ ਉਪਰ ਕੰਮ ਕਰਨ ਵਾਲਿਆਂ ਵਾਸਤੇ ਪੋਸਟਾਂ ਖਾਲੀ ਕੀਤੀਆਂ ਜਾ ਰਹੀਆਂ ਹਨ।