ਐਡੀਲੇਡ ਵਿੱਚ ਕਿਸੇ ਮਨਚਲੇ ਨੇ ਲਗਾਈ 8 ਥਾਂ ਤੇ ਅੱਗ -ਪੁਲਿਸ ਮੁਲਜ਼ਮ ਦੀ ਤਲਾਸ਼ ਵਿੱਚ

ਐਡੀਲੇਡ ਦੇ ਉਤਰੀ ਖੇਤਰ ਵਿੱਚ ਸਥਿਤ ਟੂ ਵੈਲਜ਼ ਅਤੇ ਡਿਊਬਿਨ ਇਲਾਕਿਆਂ ਵਿੱਚ 8 ਥਾਂਵਾਂ ਤੇ ਅੱਗ ਲੱਗਣ ਕਾਰਨ, ਬਚਾਉ ਦਲ਼ਾਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਇਹ ਅੱਗ ਕਿਸੇ ਮਨਚਲੇ ਵੱਲੋਂ ਜਾਣਬੁੱਝ ਕੇ ਲਗਾਈ ਗਈ ਹੈ। ਪੁਲਿਸ ਉਕਤ ਦੀ ਭਾਲ਼ ਕਰ ਰਹੀ ਹੈ।
ਸੀ.ਐਫ਼.ਐਸ. (Country Fire Service) ਨੇ ਕਾਫ਼ੀ ਮੁਸ਼ੱਕਤ ਕਰਕੇ ਭਾਂਵੇਂ ਉਕਤ ਸਾਰੀਆਂ ਹੀ ਅੱਗਾਂ ਵਾਲੀਆਂ ਥਾਂਵਾਂ ਉਪਰ ਲੱਗੀ ਅੱਗ ਤੇ ਕਾਬੂ ਪਾ ਲਿਆ ਹੈ ਅਤੇ ਨੁਕਸਾਨ ਵੀ ਕੋਈ ਖਾਸ ਨਹੀਂ ਹੋਇਆ ਹੈ ਪਰੰਤੂ ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਤਾਪਮਾਨ ਸਬੰਧੀ ਚਿਤਾਵਨੀਆਂ ਲਗਾਤਾਰ ਜਨਤਕ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਸੂਚਿਤ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੀ.ਐਫ਼.ਐਸ. ਨੇ ਇਸੇ ਹਫ਼ਤੇ ਪੋਰਟ ਲਿੰਕਨ ਅਤੇ ਦ ਆਯਰ ਪੈਨਿੰਨਸੁਲਾ ਵਿੱਚ ਲੱਗੀ ਅੱਗ ਉਪਰ ਵੀ ਕਾਬੂ ਪਾਇਆ ਸੀ।
ਵਧਦੇ ਤਾਪਮਾਨ ਕਾਰਨ ਕਿੰਗਜ਼ਕੋਟ ਕਸਬੇ ਵਿੱਚ ਵੀ ਅੱਗ ਲੱਗੀ ਸੀ ਜਿੱਥੇ ਕਿ ਤਾਪਮਾਨ ਨੇ ਬੀਤੇ 16 ਸਾਲਾਂ ਦਾ ਰਿਕਾਰਡ ਤੋੜਿਆ ਸੀ ਪਰੰਤੂ ਰਾਜ ਅੰਦਰ ਬਾਰਿਸ਼ ਨੇ ਤਾਪਮਾਨ ਵਿੱਚ ਗਿਰਾਵਟ ਲਿਆਂਦੀ ਹੈ ਅਤੇ ਇਸ ਖੇਤਰ ਵਿੱਚ ਤਾਪਮਾਨ 24.9 ਡਿਗਰੀ ਪਹੁੰਚ ਗਿਆ ਹੈ। ਤਾਪਮਾਨ ਕਾਰਨ ਲੱਗੀ ਇਸ ਅੱਗ ਉਪਰ ਵੀ ਸੀ.ਐਫ਼.ਐਸ. ਨੇ ਆਪਣੇ ਅੱਗ ਬੁਝਾਊ ਦਸਤੇ ਦੇ ਜੁਝਰੂ ਕਰਮਚਾਰੀਆਂ ਅਤੇ ਪਾਣੀ ਦੀਆਂ ਬੌਛਾਰਾਂ ਸੁੱਟਣ ਵਾਲੇ ਹੈਲੀਕਾਪਟਰਾਂ ਰਾਹੀਂ ਕਾਬੂ ਪਾਇਆ ਸੀ।