ਸਰਕਾਰ ਵੱਲੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੇ ਘੰਟਿਆਂ ਵਿੱਚ ਵਾਧਾ

ਵਿਦਿਆਰਥੀਆਂ ਦੀ ਮਦਦ ਅਤੇ ਕਾਮਿਆਂ ਦੀ ਘਾਟ ਨੂੰ ਪੂਰਨ ਲਈ ਚੁੱਕੇ ਕਦਮ

ਆਸਟ੍ਰੇਲੀਆਈ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਆਉਣ ਵਾਲੀ 1 ਜੁਲਾਈ 2023 ਤੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਚਲਦਿਆਂ, ਉਨ੍ਹਾਂ ਦੇ ਕੰਮ ਕਰਨ ਦੇ 40 ਘੰਟਿਆਂ ਦੀ ਇਜਾਜ਼ਤ ਨੂੰ ਵਧਾ ਕੇ ਹੁਣ 48 ਘੰਟੇ (ਪ੍ਰਤੀ ਪੰਦਰਵਾੜ੍ਹਾ) ਕੀਤਾ ਜਾ ਰਿਹਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਖਰਚੇ ਕੱਢਣ ਵਾਸਤੇ ਅਤੇ ਕੰਮ ਦੇ ਜ਼ਿਆਦਾ ਤਜੁਰਬੇ ਹਾਸਲ ਕਰਨ ਵਿੱਚ ਸਹੂਲਤ ਮਿਲੇਗੀ ਉਥੇ ਹੀ ਦੇਸ਼ ਅੰਦਰ ਪੇਸ਼ ਆ ਰਹੀ ਕਾਮਿਆਂ ਦੀ ਘਾਟ ਦੀ ਵੀ ਕਿਸੇ ਹੱਦ ਤੱਕ ਪੂਰਤੀ ਹੋਵੇਗੀ।
ਇਹ ਸਹੂਲਤ ਹਰ ਇੱਕ ਅੰਤਰ-ਰਾਸ਼ਟਰੀ ਵਿਦਿਆਰਥੀ ਲਈ ਦਿੱਤੀ ਗਈ ਹੈ ਅਤੇ ਵਿਦਿਆਰਥੀ ਕਿੰਨੀ ਪੜ੍ਹਾਈ ਕਰ ਚੁਕਿਆ ਹੈ ਜਾਂ ਉਸ ਕੋਲ ਕਿਹੜਾ ਵੀਜ਼ਾ ਹੈ, ਇਹ ਮਾਇਨੇ ਨਹੀਂ ਰੱਖਦਾ -ਬੱਸ ਉਹ ਅੰਤਰ-ਰਾਸ਼ਟਰੀ ਵਿਦਿਆਰਥੀ ਹੋਣਾ ਚਾਹੀਦਾ ਹੈ। ਜ਼ਿਆਦਾ ਜਾਣਕਾਰੀ ਆਦਿ ਲਈ ਵਿਦਿਆਰਥੀ ਸਰਕਾਰ ਦੀ ਇਸ ਵੈਬਸਾਈਟ ਉਪਰ ਵਿਜ਼ਿਟ ਕਰ ਸਕਦੇ ਹਨ।
ਧੌਖਾਧੜੀ ਦੇ ਮਾਮਲਿਆਂ ਦੌਰਾਨ: ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕਿਸੇ ਆਰਜ਼ੀ ਵੀਜ਼ਾ ਵਾਲੇ ਵਿਦਿਆਰਥੀ ਆਦਿ ਨਾਲ ਕੰਮ ਦੇ ਮਾਮਲਿਆਂ ਵਿੱਚ ਕੰਮ ਕਰਵਾਉਣ ਵਾਲਿਆਂ ਮਾਲਕਾਂ ਵੱਲੋਂ ਕੋਈ ਧੌਖਾਧੜੀ ਆਦਿ ਹੁੰਦੀ ਹੈ ਜਾਂ ਕੀਤੀ ਜਾਂਦੀ ਹੈ, ਤਾਂ ਉਹ ਵਿਦਿਅਰਥੀ ਸਰਕਾਰ ਨੂੰ ਤੁਰੰਤ ਫੇਅਰ ਵਰਕ ਓਮਬਡਜ਼ਮੈਨ ਉਪਰ ਸੂਚਿਤ ਕਰੇ। ਇਸ ਨਾਲ ਜੇਕਰ ਉਕਤ ਵਿਦਿਆਰਥੀ ਦੇ ਵੀਜ਼ੇ ਤਹਿਤ ਕੋਈ ਕਮੀ ਪੇਸ਼ੀ ਪਾਈ ਜਾਂਦੀ ਹੈ ਤਾਂ ਉਸਦਾ ਵੀਜ਼ਾ ਰੱਦ ਨਹੀਂ ਕੀਤਾ ਜਾਵੇਗਾ -ਬੇਸ਼ਕ ਉਸਨੇ ਸਰਕਾਰ ਵੱਲੋਂ ਪ੍ਰਵਾਨਿਤ ਘੰਟਿਆਂ ਤੋਂ ਜ਼ਿਆਦਾ ਹੀ ਕੰਮ ਕਿਉਂ ਨਾ ਕੀਤਾ ਹੋਵੇ। ਓਬਡਜ਼ਮੈਨ ਵੱਲੋਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਵਾਸਤੇ ਉਨ੍ਹਾਂ ਦੀ ਪੂਰੀ ਮਦਦ ਵੀ ਕੀਤੀ ਜਾਵੇਗੀ।