ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਨੇ ਹੜ੍ਹ ਪੀੜ੍ਹਤਾਂ ਦੇ ਰਾਹਤ ਸੈਂਟਰ ਪੁੱਜ ਕੀਤੇ ਹੱਥੀਂ ਕੰਮ

…ਕਿਉਂਕਿ ਇਹ ਲੋਕ ਅਹੁਦਿਆਂ ਨਾਲ ਨਹੀਂ ਚਿੰਬੜਦੇ: ਕਦੇ ਕੰਮ ਸੀ ਦੂਜੇ-ਹੁਣ ਕੱਟੇ ਖਰਬੂਜ਼ੇ

(ਔਕਲੈਂਡ):-ਨਿਊਜ਼ੀਲੈਂਡ ਦੇ ਵਿਚ 12 ਫਰਵਰੀ ਤੋਂ 15 ਫਰਵਰੀ ਤੱਕ ਚੱਕਰਵਾਤ ਗੈਬਰੀਏਲ ਨੇ ਕਈ ਖੇਤਰਾਂ ਦੇ ਵਿਚ ਬਹੁਤ ਤਬਾਹੀ ਮਚਾਈ ਹੈ। ਹਾਕਸਬੇਅ ਇਲਾਕੇ ਦੇ ਵਿਚ ਜਿੱਥੇ ਸੈਂਕੜੇ ਘਰ ਤਬਾਹ ਹੋ ਗਏ ਉਥੇ ਕਿਸਾਨਾਂ ਦਾ ਵੀ ਵੱਡਾ ਨੁਕਸਾਨ ਹੋਇਆ। ਇਥੇ ਜਿੱਥੇ ਭਾਰਤੀ ਸੰਸਥਾਵਾਂ, ਸਿੱਖ ਸੰਸਥਾਵਾਂ ਸਮਾਜ ਸੇਵਾ ਵਿਚ ਲੱਗੀਆਂ ਹਨ ਉਥੇ ਮਾਓਰੀ ਮੂਲ ਦੇ ਲੋਕਾਂ ਦੇ ਰਸਮੀ ਸਵਾਗਤੀ ਕੇਂਦਰ ਜਾਂ ਕਹਿ ਲਈਏ ਸਮਾਜਿਕ ਤੇ ਧਾਰਮਿਕ ਕਾਰਜਾਂ ਲਈ ਇਕ ਥਾਂ ਜਿਸ ਨੂੰ ‘ਮਰਾਏ’ ਕਿਹਾ ਜਾਂਦਾ ਹੈ, ਵਿਖੇ ਵੀ ਬਹੁਤ ਸਾਰੇ ਰਾਹਤ ਕਾਰਜ ਚੱਲ ਰਹੇ ਹਨ। ਅੱਜ ਇਸੇ ਇਲਾਕੇ ਦੇ ਵਿਚ ‘ਵਾਇਪਾਟੂ ਮਰਾਏ’ ਵਿਖੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਹੀ ਸੌਖਿਆਂ ਜੀਵਨ ਬਤੀਤ ਕਰਨ ਦੇ ਲਈ ਅਹੁਦਾ ਤਿਆਗ ਦਿੱਤਾ ਸੀ ਨੇ ਪਹੁੰਚ ਕੇ ਉਥੇ ਚੱਲ ਰਹੇ ਕਾਰਜਾਂ ਵਿੱਚ ਹੱਥੀਂ ਸਹਿਯੋਗ ਕੀਤਾ। ਇਕ ਆਮ ਇਨਸਾਨ ਦੀ ਤਰ੍ਹਾਂ ਉਨ੍ਹਾਂ ਉਥੇ ਪੀਲੇ ਰੰਗ ਦੇ ਤਰਬੂਜ (ਹਦਵਾਣੇ) ਅਤੇ ਖਰਬੂਜੇ ਆਦਿ ਕੱਟੇ ਅਤੇ ਹੋਰ ਕੰਮਾਂ ਵਿਚ ਸਹਿਯੋਗ ਕੀਤਾ। ਇਸ ਜਗ੍ਹਾ ਉਤੇ ਉਹ ਪ੍ਰਧਾਨ ਮੰਤਰੀ ਵੇਲੇ ਵੀ ਆਉਂਦੀ ਰਹੀ ਹੈ, ਪਰ ਉਸ ਵੇਲੇ ਦੂਜੇ ਕੰਮ ਹੁੰਦੇ ਸੀ ਜਾਂ ਕਹਿ ਲਈਏ ਉਚ ਅਹੁਦੇ ਵਾਲੇ ਕੰਮ ਹੁੰਦੇ ਸੀ। ਇਸ ਦੌਰਾਨ ਉਥੇ ਉਸਨੇ ਹੜ੍ਹ ਪੀੜਤਾਂ ਦੀਆਂ ਗੱਲਾਂ ਤੇ ਮੁਸ਼ਕਿਲਾਂ ਵੀ ਸੁਣੀਆਂ। ਪ੍ਰਬੰਧਕਾਂ ਨੇ ਨਿੱਘਾ ਸਵਾਗਤ ਕੀਤਾ ਅਤੇ ਮਹਿਸੂਸ ਕੀਤਾ ਕਿ ਜਿਵੇਂ ਉਨ੍ਹਾਂ ਦੀ ਆਂਟੀ ਵਾਪਿਸ ਆ ਗਈ ਹੋਵੇ। ਇਸ ਤੋਂ ਪਹਿਲਾਂ ਉਹ ਔਕਲੈਂਡ ਦੇ ਆਪਣੇ ਹਲਕੇ ਸੈਂਡਰਿੰਗਮ ਦੇ ਵਿਚ ਵੀ ਆਮ ਨਾਗਰਿਕ ਵਾਂਗ ਦੁਕਾਨਾਂ ਉਤੇ ਹਾਲ-ਚਾਲ ਪੁੱਛਣ ਨਿਕਲੀ ਸੀ ਅਤੇ ਕਈ ਭਾਰਤੀ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਸੀ। ਜੈਸਿੰਡਾ ਆਰਡਨ ਨੇ ਆਪਣੀ ਪਾਣੀ ਵਾਲੀ ਬੋਤਲ ਕੋਲ ਰੱਖੀ ਹੋਈ ਸੀ ਅਤੇ ਐਨਕਾਂ ਲਾਹ ਕੇ ਹੱਥ ਵਟਾਉਣ ਵਿਚ ਕੋਈ ਦੇਰੀ ਨਹੀਂ ਕੀਤੀ।
ਸਰਕਾਰ ਨੇ 50 ਮਿਲੀਅਨ ਡਾਲਰ ਤੱਕ ਦੀ ਗ੍ਰਾਂਟ ਦਾ ਐਲਾਨ ਕਰ ਦਿੱਤਾ ਹੈ। 25 ਮਿਲੀਅਨ ਡਾਲਰ ਪਹਿਲੇ ਦੇ ਅਧਾਰ ਉਤੇ ਹੋਵੇਗਾ।  ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 2000 ਡਾਲਰ ਅਤੇ ਜਿਆਦਾ ਤੋਂ ਜਿਆਦਾ 40,000 ਡਾਲਰ ਤੱਕ ਮਿਲੇਗੀ। ਜ਼ਮੀਨ ਨੂੰ ਮੁੜ ਉਪਜਾਊ ਬਨਾਉਣ ਲਈ 10,000 ਡਾਲਰ ਤੱਕ ਦੀ ਗ੍ਰਾਂਟ ਮਿਲੇਗੀ। ਗ੍ਰਾਂਟ ਵਾਸਤੇ ਕੱਲ੍ਹ ਅਰਜ਼ੀਆਂ ‘ਮਨਿਸਟਰੀ ਆਫ ਪ੍ਰਾਇਮਰੀ ਇੰਡਸਟਰੀ’ ਵੱਲੋਂ ਖੁੱਲ੍ਹ ਰਹੀਆਂ ਹਨ।