ਪੰਜਾਬ ਦੀ ਪੜ੍ਹੀ ਲਿਖੀ ਜਵਾਨੀ, ਜਿਸਨੂੰ ਕਰੀਮ ਹੀ ਕਿਹਾ ਜਾਂਦਾ ਹੈ, ਹੋਰ ਦੇਸਾਂ ਵਿੱਚ ਪਹੁੰਚ ਰਹੀ ਹੈ ਤੇ ਪੰਜਾਬ ਉੱਚ ਸਿੱਖਿਆ ਤੋਂ ਵਿਹੂਣਾ ਹੁੰਦਾ ਦਿਖਾਈ ਦਿੰਦਾ ਹੈ, ਪਰ ਉਸਦੇ ਬਾਹਰ ਜਾਣ ਨਾਲ ਸਾਡੀ ਮਾਂ ਬੋਲੀ, ਸਾਹਿਤ, ਸੱਭਿਆਚਾਰ ਤੇ ਭਾਸ਼ਾ ਦਾ ਪਸਾਰਾ ਵੀ ਹੋ ਰਿਹਾ ਹੈ। ਭਾਰਤ ਵਿੱਚ ਪੰਜਾਬੀ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ, ਮਾਤਾ ਭਾਸ਼ਾ ਨੂੰ ਵਿਸਾਰਿਆ ਜਾ ਰਿਹਾ ਹੈ, ਦਫ਼ਤਰਾਂ ਵਿੱਚ ਪੰਜਾਬੀ ਲਾਗੂ ਨਹੀਂ ਕੀਤੀ ਜਾ ਰਹੀ, ਪਰ ਵਿਦੇਸ਼ਾਂ ਵਿੱਚ ਪੰਜਾਬੀ ਨੇ ਝੰਡੇ ਗੱਡੇ ਹਨ। ਕੈਨੇਡਾ ਵਿੱਚ ਸੜਕਾਂ ਤੇ ਪੰਜਾਬੀ ਭਾਸ਼ਾ ਵਿੱਚ ਬੋਰਡ ਲੱਗੇ ਹੋਏ ਹਨ। ਅਮਰੀਕਾ ਨਿਊਜੀਲੈਂਡ ਆਸਟ੍ਰੇਲੀਆ ਵਿੱਚ ਦੁਕਾਨਾਂ ਦੇ ਬਾਹਰ ਪੰਜਾਬੀ ਵਾਲੇ ਬੋਰਡ ਦੇਖੇ ਜਾ ਸਕਦੇ ਹਨ, ਇਹ ਇੱਕ ਵੱਡੀ ਪ੍ਰਾਪਤੀ ਵੀ ਹੈ ਜੋ ਪੰਜਾਬ ਦੀ ਨੌਜਵਾਨੀ ਦੇ ਵਿਦੇਸਾਂ ਵਿੱਚ ਜਾਣ ਸਦਕਾ ਹੀ ਮਿਲੀ ਹੈ। ਵਿਦੇਸ਼ਾਂ ਵਿੱਚ ਗੋਰਿਆਂ ਦੇ ਦੇਸ ‘ਚ ਪੰਜਾਬੀ ਦੀਆਂ ਲਾਇਬ੍ਰੇਰੀਆਂ ਹੋਣ, ਪੰਜਾਬੀ ਸਕੂਲ ਹੋਣ, ਪੰਜਾਬੀ ਸਮਾਗਮ ਕੀਤੇ ਜਾਣ, ਇਹ ਮਾਣ ਵਾਲੀ ਹੈ। ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬੀ ਦਾ ਅੰਤਰਰਾਸ਼ਟਰੀ ਪਸਾਰ ਹੋਇਆ ਹੈ, ਪੰਜਾਬੀਆਂ ਦੀ ਸਮੁੱਚੀ ਤਸਵੀਰ ਵਿਸਵ ਵਿਆਪੀ ਹੋ ਰਹੀ ਹੈ। ਇਸ ਮਹਾਨ ਕਾਰਜ ਵਿੱਚ ਪ੍ਰਵਾਸ਼ੀ ਪੰਜਾਬੀਆਂ ਦਾ ਮਹੱਤਵਪੂਰਨ ਰੋਲ ਹੈ। ਰੋਟੀ ਰੋਜ਼ੀ ਲਈ ਵਿਦੇਸਾਂ ‘ਚ ਗਏ ਇਹਨਾਂ ਪੰਜਾਬੀਆਂ ਨੇ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਤੇ ਵਿਰਾਸਤੀ ਕਦਰਾਂ ਕੀਮਤਾਂ ਨੂੰ ਉੱਥੇ ਪ੍ਰਫੁੱਲਤ ਕੀਤਾ ਹੈ ਅਤੇ ਕਰ ਰਹੇ ਹਨ।
ਪੁਸਤਕਾਂ ਅਤੇ ਲਾਇਬ੍ਰੇਰੀਆਂ ਗਿਆਨ ਦੇ ਚਸ਼ਮੇ ਹੁੰਦੀਆਂ ਹਨ। ਇਹਨਾਂ ਤੋਂ ਇਨਸਾਨ ਗਿਆਨ ਪ੍ਰਾਪਤ ਕਰਦਾ ਹੈ, ਉਸਨੂੰ ਰਸ ਮਿਲਦਾ ਹੈ, ਸੁਆਦ ਮਿਲਦਾ ਹੈ। ਪਰ ਇਹ ਸੁਆਦ ਤਦ ਹੀ ਮਿਲਦੈ ਜਦੋਂ ਪੁਸਤਕਾਂ ਮਾਤਭਾਸ਼ਾ ਵਿੱਚ ਹੋਣ। ਅਮਰੀਕਾ ਤੇ ਕੈਨੇਡਾ ਵਿੱਚ ਭਾਰਤੀਆਂ ਨੂੰ ਜਾਂਦਿਆਂ ਕਈ ਦਹਾਕੇ ਹੋ ਚੁੱਕੇ ਹਨ, ਪਰ ਆਸਟ੍ਰੇਲੀਆ ਵੱਲ ਵੱਡੀ ਗਿਣਤੀ ਵਿੱਚ ਜਾਣ ਵਾਲੇ ਭਾਰਤੀਆਂ ਨੇ ਥੋੜੇ ਸਾਲ ਪਹਿਲਾਂ ਹੀ ਮੂੰਹ ਕੀਤਾ ਹੈ, ਜੋ ਪੜ੍ਹਾਈ ਕਰਨ ਦੇ ਸਹਾਰੇ ਨਾਲ ਪਹੁੰਚ ਰਹੇ ਹਨ। ਪਰ ਇਸ ਦੇਸ ਵਿੱਚ ਵੀ ਪੰਜਾਬੀਆਂ ਨੇ ਆਪਣੇ ਸੱਭਿਆਚਾਰ ਤੇ ਮਾਤਭਾਸ਼ਾ ਨੂੰ ਪ੍ਰਫੁੱਲਤ ਕੀਤਾ ਹੈ ਅਤੇ ਕਰ ਰਹੇ ਹਨ। ਕਰੀਬ ਹਰ ਸ਼ਹਿਰ ਵਿੱਚ ਪੰਜਾਬੀ ਸਾਹਿਤਕਾਰ ਪਹੁੰਚ ਚੁੱਕੇ ਹਨ, ਸਾਹਿਤ ਸਭਾਵਾਂ ਬਣ ਰਹੀਆਂ ਹਨ ਅਤੇ ਸਾਹਿਤਕ ਸਮਾਗਮ ਕੀਤੇ ਜਾਂਦੇ ਹਨ। ਲਾਇਬ੍ਰੇਰੀਆਂ ਸਥਾਪਤ ਕਰਨ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਜੋ ਇੱਕ ਚੰਗਾ ਰੁਝਾਨ ਹੈ। ਸੂਬਾ ਕੁਈਨਜਲੈਂਡ ਦੇ ਸ਼ਹਿਰ ਬ੍ਰਿਸਬੇਨ ਵਿੱਚ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ’ ਵੱਲੋਂ ਪੰਜਾਬੀ ਸਾਹਿਤ ਤੇ ਮਾਤ ਭਾਸ਼ਾ ਦੇ ਪਸਾਰ ਲਈ ਉਚੇਚਾ ਯਤਨ ਕਰਦਿਆਂ ‘ਨੁੱਕੜ ਪੰਜਾਬੀ ਲਾਇਬ੍ਰੇਰੀ’ ਦੀ ਸਥਾਪਨਾ ਕੀਤੀ ਗਈ ਹੈ। ਇਹ ਪੁਰਾਣੇ ਰਿਵਾਜ ਅਨੁਸਾਰ ਕਿਸੇ ਇੱਕ ਸਥਾਨ ਤੇ ਇਮਾਰਤ ‘ਚ ਬੰਦ ਕਮਰਿਆਂ ਵਿੱਚ ਖੋਹਲਣ ਦੀ ਬਜਾਏ ਸਾਹਿਤ ਪ੍ਰੇਮੀਆਂ ਦੇ ਘਰਾਂ ਮੂਹਰੇ ਲੱਗੇ ਬਕਸਿਆਂ ਵਿੱਚ ਖੋਹਲੀ ਗਈ ਹੈ। ਇਹਨਾਂ ਬਕਸਿਆਂ ਚੋਂ ਪੰਜਾਬੀ ਦੀ ਹਰ ਕਿਸਮ ਦੀ ਪੁਸਤਕ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਪੜ੍ਹਣ ਉਪਰੰਤ ਅੱਗੇ ਭੇਜੀ ਜਾਂਦੀ ਹੈ ਜਾਂ ਵਾਪਸ ਕਰ ਦਿੱਤੀ ਜਾਂਦੀ ਹੈ। ਇਹ ਪੰਜਾਬੀ ਪੁਸਤਕਾਂ ਨੂੰ ਘਰ ਘਰ ਪਹੁੰਚਦਾ ਕਰਨ ਲਈ ਇੱਕ ਵਿਲੱਖਣ ਯੋਜਨਾ ਹੈ, ਜਿਸਦੀ ਸਾਰੇ ਪਾਸਿਉਂ ਸਲਾਘਾ ਹੋ ਰਹੀ ਹੈ।
ਪੰਜਾਬੀ ਦੇ ਵਿਸਥਾਰ ਅਤੇ ਆਸਟ੍ਰੇਲੀਆ ਵਿੱਚ ਪੈਦਾ ਹੋਏ ਬੱਚਿਆਂ ਨੂੰ ਮਾਤ ਭਾਸ਼ਾ ਤੋਂ ਜਾਣੂ ਕਰਵਾਉਣ ਲਈ ਜਿਵੇਂ ਸਿਡਨੀ ਵਿਖੇ ਇੱਕ ਗੁਰਦੁਆਰਾ ਸਾਹਿਬ ਵੱਲੋਂ ਇੱਕ ਪ੍ਰਾਇਮਰੀ ਸਕੂਲ ਚਲਾਇਆ ਜਾ ਰਿਹਾ ਹੈ, ਉਸੇ ਤਰ੍ਹਾਂ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ, ਭਾਸ਼ਾ ਤੇ ਬੋਲੀ ਨਾਲ ਜੋੜਣ ਲਈ ਉੱਥੋਂ ਦੇ ਵੱਡੇ ਸ਼ਹਿਰ ਐਡੀਲੇਡ ਵਿਖੇ ਦੋ ਪੰਜਾਬਣਾਂ ਗੁਰਪ੍ਰੀਤ ਕੌਰ ਭੰਗੂ ਤੇ ਡਾ: ਨਵਨੀਤ ਕੌਰ ਢਿੱਲੋਂ ਨੇ ਏਂਗਲ ਫਾਰ ਐਡੀਲੇਡ ਵਿਖੇ ‘ਸੋਨ ਚਿੜੀ ਸਕੂਲ ਫਾਰ ਲੈਂਗੂਏਜ਼’ ਨਾਂ ਦਾ ਇੱਕ ਸਕੂਲ ਖੋਹਲਿਆ ਹੋਇਆ ਹੈ। ਸਕੂਲ ਨੂੰ ‘ਐਥਨਿਕ ਸਕੂਲ ਬੋਰਡ ਸਾਊਥ ਆਸਟ੍ਰੇਲੀਆ’ ਤੋਂ ਮਾਨਤਾ ਵੀ ਮਿਲ ਚੁੱਕੀ ਹੈ ਅਤੇ ਉਸਨੂੰ ਪੰਜਾਬੀ ਨਾਲ ਸਬੰਧਤ ਸੰਸਥਾ ‘ਹੁੱਕ ਟੂ ਪੰਜਾਬੀ’ ਨਾਲ ਵੀ ਸੰਪਰਕ ਜੋੜਿਆ ਗਿਆ ਹੈ। ਇੱਕ ਤੋਂ ਵੱਧ ਭਾਸ਼ਾ ਸਿੱਖਣ ਲਈ ਜਿਵੇਂ ਫਰੈਂਚ ਜਾਂ ਸਪੈਨਿਸ਼ ਆਦਿ ਦਾ ਗਿਆਨ ਹਾਸਲ ਕਰਕੇ ਪੀ ਆਰ ਲਈ ਕੁੱਝ ਪੁਆਇੰਟ ਪ੍ਰਾਪਤ ਮਿਲ ਜਾਂਦੇ ਹਨ, ਉਸੇ ਤਰ੍ਹਾਂ ਪੰਜਾਬੀ ਪੜ੍ਹ ਕੇ ਮਿਲ ਸਕਣਗੇ। ਆਸਟ੍ਰੇਲੀਆ ਵਿੱਚ ਭਾਰਤੀ ਹੁਣ ਚੀਨ ਅਤੇ ਨਿਊਜੀਲੈਂਡ ਨੂੰ ਪਿੱਛੇ ਛੱਡ ਕੇ ਗਿਣਤੀ ਵਜੋਂ ਆਸਟ੍ਰੇਲੀਆ ਤੇ ਇੰਗਲੈਂਡ ਤੋਂ ਬਾਅਦ ਤੀਜੇ ਸਥਾਨ ਤੇ ਪਹੁੰਚ ਗਏ ਹਨ। ਕੁੱਲ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 6 ਲੱਖ 73 ਹਜ਼ਾਰ, 352 ਹੋ ਗਈ ਹੈ। 2016 ਤੋਂ ਬਾਅਦ ਪੰਜਾਬੀ ਬੋਲਣ ਵਾਲਿਆਂ ਵਿੱਚ ਕਰੀਬ 60 ਫੀਸਦੀ ਵਾਧਾ ਹੋਇਆ ਹੈ। ਸਾਲ 2016 ਵਿੱਚ 1 ਲੱਖ 32 ਹਜ਼ਾਰ 496 ਲੋਕ ਪੰਜਾਬੀ ਬੋਲਦੇ ਸਨ, ਜਦ ਕਿ 2021 ਵਿੱਚ ਇਹ ਗਿਣਤੀ ਵਧ ਕੇ 2 ਲੱਖ, 39 ਹਜ਼ਾਰ, 033 ਹੋ ਗਈ ਹੈ। ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਵਿਕਟੋਰੀਆ ਰਾਜ ਵਿੱਚ 1 ਲੱਖ 4 ਹਜ਼ਾਰ 945 ਵਿਅਕਤੀ ਹਨ ਇਸੇ ਰਾਜ ਵਿੱਚ ਹੀ ਵੱਡਾ ਸ਼ਹਿਰ ਮੈਲਬੌਰਨ ਪੈਂਦਾ ਹੈ। ਦੂਜੇ ਨੰਬਰ ਤੇ ਨਿਊ ਸਾਊਥ ਵੇਲਜ ਰਾਜ ਹੈ ਜਿਸ ਵਿੱਚ ਸਿਡਨੀ ਸ਼ਹਿਰ ਪੈਂਦਾ ਹੈ ਇਸ ਸੂਬੇ ਵਿੱਚ ਪੰਜਾਬੀਆਂ ਦੀ ਗਿਣਤੀ 53 ਹਜ਼ਾਰ 460 ਹੈ, ਕੁਈਨਜਲੈਂਡ ਵਿੱਚ 30 ਹਜ਼ਾਰ 873, ਵੈਸਟਰਨ ਆਸਟ੍ਰੇਲੀਆ ਵਿੱਚ 20 ਹਜ਼ਾਰ 613, ਸਾਊਥ ਆਸਟ੍ਰੇਲੀਆ ਵਿੱਚ 20 ਹਜ਼ਾਰ 004, ਆਸਟ੍ਰੇਲੀਆ ਟੈਰੀਟਰੀ ਕੈਨਬਰਾ ‘ਚ 5019, ਤਸਮਾਨੀਆਂ ‘ਚ 2556 ਅਤੇ ਨਾਰਦਰਨ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਗਿਣਤੀ 1563 ਹੈ। ਸਾਲ 2022 ਵਿੱਚ ਹੋਏ ਸਰਵੇਖਣ ਅਨੁਸਾਰ ਪੰਜਾਬੀ ਆਸਟ੍ਰੇਲੀਆ ਦੀ ਦਸਵੀਂ ਭਾਸ਼ਾ ਬਣ ਗਈ ਹੈ, ਹੁਣ ਇਹ ਭਾਸ਼ਾ ਸਕੂਲਾਂ ਵਿੱਚ ਪੜ੍ਹਾਈ ਜਾ ਸਕੇਗੀ।
ਮਾਂ ਬੋਲੀ ਪੰਜਾਬੀ ਪ੍ਰਤੀ ਮੋਹ ਉੱਥੇ ਵਸਦੇ ਪੰਜਾਬੀਆਂ ਵਿੱਚ ਡੁੱਲ੍ਹ ਡੁੱਲ੍ਹ ਪੈਂਦਾ ਹੈ। ਇੱਕ ਕੇਨੀਅਨ ਲੇਖਕ ਗੂਗੀ ਵਾ ਤੀਔਂਗੇ ਮਾਤਭਾਸ਼ਾ ਬਾਰੇ ਲਿਖਦਾ ਹੈ, ”ਜੇ ਤੁਸੀਂ ਸੰਸਾਰ ਦੀਆਂ ਸਾਰੀਆਂ ਭਸ਼ਾਵਾਂ ਸਿੱਖ ਲਵੋਂ ਪਰ ਤੁਹਾਨੂੰ ਮਾਤਭਾਸ਼ਾ ਨਾ ਆਉਂਦੀ ਹੋਵੇ, ਇਹ ਦਾਸਤਾਂ ਹੈ। ਜੇ ਤੁਸੀਂ ਮਾਤਭਾਸ਼ਾ ਜਾਣਦੇ ਹੋ ਤੇ ਹੋਰ ਭਾਸ਼ਾਵਾਂ ਵੀ ਜਾਣਦੇ ਹੋ, ਇਹ ਸ਼ਕਤੀਸਾਲਤਾ ਹੈ” ਪੰਜਾਬੀਆਂ ਵਿੱਚ ਹੋਰ ਭਾਸ਼ਾਵਾਂ ਸਿੱਖਣ ਦਾ ਇਹ ਗੁਣ ਕਣ ਕਣ ਵਿੱਚ ਸਮਾਇਆ ਹੋਇਆ ਹੈ। ਮਾਤ ਭਾਸ਼ਾ ਦਾ ਦੁਨੀਆਂ ਭਰ ‘ਚ ਪਸਾਰਾ ਹੋ ਰਿਹਾ ਹੈ, ਜਿਸ ਸਦਕਾ ਮਾਣ ਮਹਿਸੂਸ ਹੁੰਦਾ ਹੈ।