ਮੈਲਬੋਰਨ ਵਿੱਚ ਜ਼ਿਆਦਾ ਗਰਮੀ: ਬੀਤੇ 4 ਸਾਲਾਂ ਦੇ ਟੁੱਟਣਗੇ ਰਿਕਾਰਡ

ਇਸ ਸਾਲ ਦੀਆਂ ਗਰਮੀਆਂ ਦੌਰਾਨ, ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਪੱਛਮੀ ਆਸਟ੍ਰੇਲੀਆ ਵਿੱਚ ਗਰਮੀ ਦਾ ਪਾਰਾ 50 ਡਿਗਰੀ ਤੱਕ ਚੜ੍ਹਣ ਦੀ ਉਮੀਦ ਹੈ ਅਤੇ ਮੈਲਬੋਰਨ ਵਿੱਚ ਤਾਂ ਗਰਮੀ ਦੇ ਬੀਤੇ 4 ਸਾਲਾਂ ਦੇ ਰਿਕਾਰਡ ਟੁੱਟਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਵਿਭਾਗ ਦੇ ਆਂਕੜੇ ਦਰਸਾਉਂਦੇ ਹਨ ਕਿ ਹਾਲ ਦੀ ਘੜੀ ਗਰਮੀ ਦਾ ਜ਼ੋਰ ਪੱਛਮੀ ਆਸਟ੍ਰੇਲੀਆ ਵਿੱਚ ਹੈ ਪਰੰਤੂ ਹੁਣ ਇਹ ਗਰਮ ਹਵਾ, ਦੇਸ਼ ਦੇ ਮਦ ਅਤੇ ਦੱਖਣੀ ਪੂਰਬੀ ਖੇਤਰਾਂ ਵਿੱਚ ਫੈਲ ਰਹੀ ਹੈ ਅਤੇ ਇਸ ਦੇ ਅਧੀਨ ਵਿਕਟੌਰੀਆ ਰਾਜ ਨੂੰ ਪ੍ਰਭਾਵਿਤ ਕਰੇਗੀ।
ਬੀਤੇ ਦਿਨ ਐਡੀਲੇਡ ਵਿੱਚ ਵੀ ਕਾਫੀ ਗਰਮੀ ਰਹੀ ਅਤੇ ਤਾਪਮਾਨ 40 ਡਿਗਰੀ ਤੱਕ ਰਿਹਾ। ਇਸ ਦੇ ਨਾਲ ਹੀ ਪੋਰਟ ਲਿੰਕਨ (ਆਯਰ ਪੈਨਿਨਸੁਲਾ) ਵਿਖੇ ਜੰਗਲੀ ਅੱਗ ਲੱਗਣ ਦੀ ਘਟਨਾ ਵੀ ਵਾਪਰੀ ਹੈ।

ਅੱਜ ਦਾ ਤਾਪਮਾਨ ਤਸਮਾਨੀਆ ਦੇ ਹੋਬਾਰਟ ਵਿਖੇ 32 ਡਿਗਰੀ ਹੈ ਜਦੋਂ ਕਿ ਮੈਲਬੋਰਨ ਵਿਖੇ ਇਹ ਤਾਪਮਾਨ 38 ਡਿਗਰੀ ਤੱਕ ਪਹੁੰਚ ਸਕਦਾ ਹੈ ਅਤੇ ਇਹ ਸਾਲ 2018 ਤੋਂ ਬਾਅਦ ਪਹਿਲੀ ਵਾਰੀ ਹੀ ਹੋਵੇਗਾ ਕਿ ਇੰਨੀ ਗਰਮੀ ਇਸ ਖੇਤਰ ਵਿੱਚ ਪੈ ਰਹੀ ਹੈ।
ਇਸ ਵੀਕਐਂਡ ਤੇ ਨਿਊ ਸਾਊਥ ਵੇਲਜ਼ ਦੇ ਸਿਡਨੀ ਵਿਚਲਾ ਤਾਪਮਾਨ 31 ਡਿਗਰੀ ਰਹਿਣ ਦੀਆਂ ਸੰਭਾਵਨਾਵਾਂ ਹਨ ਜਦੋਂ ਕਿ ਸ਼ਹਿਰ ਦੇ ਪੱਛਮੀ ਸਬਅਰਬਾਂ ਵਿੱਚ ਇਹ ਤਾਪਮਾਨ 38 ਡਿਗਰੀ ਤੱਕ ਵੀ ਪਹੁੰਚ ਸਕਦਾ ਹੈ।

ਇਸ ਦੇ ਨਾਲ ਹੀ ਗਰਮ ਹਵਾਵਾਂ ਦੇ ਕੁਈਨਜ਼ਲੈਂਡ ਦੇ ਦੱਖਣੀ ਖੇਤਰ ਵਿੱਚ ਵਧਣ ਦੀਆਂ ਸੰਭਾਵਨਾਵਾਂ ਹਨ ਅਤੇ ਇਹ ਸਿਲਸਿਲਾ ਇਸੇ ਵੀਕਐਂਡ ਤੋਂ ਅਗਲੇ ਹਫ਼ਤੇ ਦੇ ਸ਼ੁਰੂ ਤੱਕ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਕੁਈਨਜ਼ਲੈਂਡ ਦਾ ਉਤਰੀ ਹਿੱਸਾ ਹੜ੍ਹਾਂ ਅਤੇ ਖਰਾਬ ਮੌਸਮ ਨਾਲ ਨਜਿੱਠਣ ਦੀਆਂ ਤਿਆਰੀਆਂ ਵਿੱਚ ਵੀ ਲੱਗਾ ਹੋਇਆ ਹੈ ਅਤੇ ਇਸ ਦੇ ਖੇਤਰ ਵਿੱਚ ਕੇਰਨਜ਼, ਕੂਕਟਾਊਨ ਅਤੇ ਪੋਰਟ ਡਗਲਸ ਆਦਿ ਆਉਂਦੇ ਹਨ।
ਪੱਛਮੀ ਆਸਟ੍ਰੇਲੀਆ ਅੰਦਰ ਇਸ ਵੀਕਐਂਡ ਤੇ ਤਾਪਮਾਨ 40 ਡਿਗਰੀ ਤੱਕ ਪਹੁੰਚਣ ਦੀਆਂ ਸੰਭਾਵਨਾਵਾਂ ਬਰਕਰਾਰ ਹਨ।