32 ਸਾਲਾਂ ਦੀ ਇੱਕ ਟਪੇਰੂ ਸਬਅਰਬ ਦੀ ਰਹਿਣ ਵਾਲੀ ਮਹਿਲਾ ਨੂੰ ਐਡੀਲੇਡ ਵਿਖੇ ਇੱਕ ਲੜਕੇ ਨੂੰ ਪੇਟ ਵਿੱਚ ਗੋਲੀ ਮਾਰਨ ਵਾਲੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਬੀਤੇ ਮਹੀਨੇ ਜਨਵਰੀ 22 ਨੂੰ ਅੱਧੀ ਰਾਤ ਨੂੰ 2:30 ਵਜੇ ਪੁਲਿਸ ਨੂੰ ਸੂਚਨਾ ਮਿਲਣ ਤੇ ਜਦੋਂ ਪੁਲਿਸ ਨੇ ਐਡੀਲੇਡ ਦੇ ਕੁਰਾਲਟਾ ਪਾਰਕ ਦੇ ਵਾਰਵਿਕ ਐਵਿਨਿਊ ਵਿਖੇ ਜਾ ਕੇ ਵੇਖਿਆ ਤਾਂ ਇੱਕ 19 ਸਾਲਾਂ ਦਾ ਲੜਕਾ ਆਪਣੇ ਘਰ ਦੀ ਬਾਲਕੋਨੀ ਵਿੱਚ ਲਹੂ ਲੁਹਾਨ ਹੋਇਆ ਖੜ੍ਹਾ ਸੀ। ਪੁਲਿਸ ਨੇ ਵੇਖਿਆ ਕਿ ਉਸਦੇ ਪੇਟ ਵਿੱਚ ਗੋਲੀ ਲੱਗੀ ਹੈ ਅਤੇ ਜਲਦੀ ਹੀ ਉਸਨੂੰ ਰਾਇਲ ਐਡੀਲੇਡ ਹਸਪਤਾਲ ਪਹੁੰਚਾਇਆ ਗਿਆ।
ਇਸ ਮਾਮਲੇ ਦੇ ਤਹਿਤ ਪੁਲਿਸ ਨੇ ਇਸੇ ਮਹੀਨੇ ਫਰਵਰੀ 01 ਨੂੰ ਇੱਕ 26 ਸਾਲਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਉਪਰ ਇਰਾਦਾ-ਏ-ਕਤਲ, ਫਾਇਰਆਰਮ ਐਕਟ ਅਤੇ ਨਸ਼ਿਆਂ ਦੇ ਤਹਿਤ ਮੁਕੱਦਮਾ ਦਾਇਰ ਕੀਤਾ।
ਪੁਲਿਸ ਨੇ ਤਹਿਕੀਕਾਤ ਦੌਰਾਨ ਪਾਇਆ ਕਿ ਇਸ ਮਾਮਲੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ ਅਤੇ ਪੁਲਿਸ ਨੂੰ ਉਸ ਦੇ ਨਾਲ ਨਾਲ ਇੱਕ ਸੇਡਨ ਕਾਰ (ਸ਼ਾਇਦ ਟੋਇਟਾ ਕੈਮਰੀ) ਅਤੇ ਉਸਦੇ ਡ੍ਰਾਈਵਰ ਦੀ ਵੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਸੀ।
ਪੁਲਿਸ ਨੇ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਬਾਰੇ ਕੁੱਝ ਵੀ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਪੁਲਿਸ ਨੂੰ ਇਤਲਾਹ ਕੀਤਾ ਜਾਵੇ।