ਗੋਲਡ ਕੋਸਟ ਦੇ ਘਰ ਵਿੱਚੋਂ ਮ੍ਰਿਤਕ ਦੇਹ ਬਰਾਮਦ, ਵਿਕਟੌਰੀਆਈ ਵਿਅਕਤੀ ਗ੍ਰਿਫ਼ਤਾਰ

ਬੀਤੇ ਕੱਲ੍ਹ, ਐਤਵਾਰ ਨੂੰ, ਗੋਲਡ ਕੋਸਟ ਦੇ ਐਸ਼ਮੋਰ ਵਿਚਲੇ ਲਿਲੀਅਨ ਕ੍ਰੀਸੈਂਟ ਵਿਖੇ ਪੁਲਿਸ ਨੂੰ ਇੱਕ ਘਰ ਬਾਰੇ ਖ਼ਬਰ ਮਿਲੀ ਤਾਂ ਪੁਲਿਸ ਨੇ ਆ ਕੇ ਘਰ ਦਾ ਮੁਆਇਨਾ ਕੀਤਾ। ਮੁਆਇਨੇ ਦੌਰਾਨ ਘਰ ਦੇ ਪਿਛਲੇ ਹਿੱਸੇ ਵਿੱਚੋਂ ਇੱਕ 62 ਕੁ ਸਾਲਾਂ ਦੇ ਬਜ਼ੁਰਗ ਵਿਅਕਤੀ ਦੀ ਮ੍ਰਿਤਕ ਦੇਹ ਬਰਾਮਦ ਹੋਈ ਤਾਂ ਪੁਲਿਸ ਨੇ ਇੱਕ ਦਮ ਹਰਕਤ ਕਰਦਿਆਂ ਉਕਤ ਘਰ ਦੀ ਘੇਰਾਬੰਦੀ ਕਰ ਕੇ ਕ੍ਰਾਈਮ ਸੀਨ ਸਥਾਪਿਤ ਕਰ ਲਿਆ ਅਤੇ ਜਾਸੂਸਾਂ ਦੀ ਮਦਦ ਨਾਲ ਤਹਿਕੀਕਾਤ ਕੀਤੀ।
ਪੁਲਿਸ ਨੂੰ ਮਾਮਲੇ ਦੀ ਤਹਿਕੀਕਾਤ ਦੌਰਾਨ ਇੱਕ ਵਾਹਨ ਦੀ ਤਲਾਸ਼ ਮਹਿਸੂਸ ਹੋਈ ਅਤੇ ਜਲਦੀ ਹੀ ਉਕਤ ਵਾਹਨ ਨੂੰ ਪੁਲਿਸ ਵੱਲੋਂ ਮੋਲੈਂਡੀਨਾਲ ਦੇ ਸਾਊਥ ਪੋਰਟ ਨੇਰਾਂਗ ਸੜਕ ਉਪਰੋਂ ਬਰਾਮਦ ਕਰ ਲਿਆ ਗਿਆ ਅਤੇ ਉਸ ਵਾਹਨ ਨੂੰ ਚਲਾ ਰਹੇ 32 ਸਾਲਾਂ ਦੇ ਵਿਕਟੌਰੀਆਈ ਵਿਅਕਤੀ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਵੱਲੋਂ ਉਕਤ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਉਪਰ, ਕਤਲ ਦੇ ਚਾਰਜ ਲਗਾਏ ਗਏ ਹਨ ਅਤੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਰਿਕਾਰਡਿੰਗਾਂ ਖੰਘਾਲ ਰਹੀ ਹੈ ਅਤੇ ਪੁਲਿਸ ਨੇ ਜਨਤਕ ਤੌਰ ਤੇ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਉਕਤ ਵਾਕਿਯਾ ਬਾਰੇ ਕੋਈ ਵੀ ਜਾਣਕਾਰੀ ਆਦਿ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।