ਟਰਕੀ ਵਾਲੇ ਭੂਚਾਲ ਦੌਰਾਨ ਸਿਡਨੀ ਦੇ ਇੱਕ ਵਿਅਕਤੀ ਦੀ ਦਰਦਨਾਕ ਮੌਤ

ਕੈਨ ਪਹਾਲੀ, ਸਿਡਨੀ ਦੇ ਗਲੀਬ ਸਬਅਰਬ ਦਾ ਰਹਿਣ ਵਾਲਾ ਸੀ ਅਤੇ ਟਰਕੀ ਵਿਖੇ ਹਾਤਾਇ ਸ਼ਹਿਰ ਵਿੱਚ ਆਪਣੀ ਭੈਣ ਨੂੰ ਮਿਲਣ ਵਾਸਤੇ ਗਿਆ ਸੀ ਜਦੋਂ ਇਹ ਭੂਚਾਲ ਵਾਲਾ ਹਾਦਸਾ ਵਾਪਰ ਗਿਆ।
ਕੈਨ, ਬੀਤੇ ਸੋਮਵਾਰ ਤੋਂ ਹੀ ਲਾਪਤਾ ਸੀ ਅਤੇ ਉਸਦੀ ਕੋਈ ਵੀ ਉਘ-ਸੁੱਘ ਨਹੀਂ ਮਿਲ ਰਹੀ ਸੀ। ਪਰਿਵਾਰ ਵਾਲਿਆਂ ਨੂੰ ਚਿੰਤਾ ਸਤਾ ਰਹੀ ਸੀ ਤਾਂ ਸਿਡਨੀ ਤੋਂ ਪਰਿਵਾਰ ਦੇ ਕੁੱਝ ਮੈਂਬਰਾਂ ਨੇ ਟਰਕੀ ਜਾ ਕੇ ਉਸ ਦਾ ਪਤਾ ਲਗਾਉਣ ਲਈ ਚਾਲੇ ਪਾ ਦਿੱਤੇ।
ਉਨ੍ਹਾਂ ਦਾ ਇੱਕ ਰਿਸ਼ਤੇਦਾਰ ਜਰਮਨ ਤੋਂ ਵੀ ਆਇਆ ਸੀ। ਇਸੇ ਨੇ ਕੈਨ ਦੀ ਮ੍ਰਿਤਕ ਦੇਹ ਦੀ ਪਹਿਚਾਣ ਕੀਤੀ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਤਕਰੀਬਨ 60 ਘੰਟੇ ਉਹ ਮਲਬੇ ਹੇਠ ਦੱਬਿਆ ਰਿਹਾ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਸੀਰੀਆ ਅਤੇ ਟਰਕੀ ਵਿੱਚ ਆਏ 7.8 ਮੈਗਨੀਟਿਊਡ ਦੇ ਭੂਚਾਲ ਨੇ ਸਮੁੱਚੇ ਸੰਸਾਰ ਨੂੰ ਹੀ ਬਹੁਤ ਵੱਡਾ ਸਦਮਾ ਦਿੱਤਾ ਹੈ। ਇਸ ਭੂਚਾਲ ਦੌਰਾਨ ਟਰਕੀ ਵਿੱਚ ਹਜ਼ਾਰਾਂ ਹੀ ਮੌਤਾਂ ਹੋਈਆਂ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਖ਼ਮੀ ਲੋਕ ਹਸਪਤਾਲਾਂ ਅੰਦਰ ਜ਼ੇਰੇ ਇਲਾਜ ਵੀ ਹਨ ਜਦੋਂ ਕਿ ਹਾਲੇ ਵੀ ਕਾਫੀ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀਆਂ ਖ਼ਬਰਾਂ ਵੀ ਸੁਰਖੀਆਂ ਵਿੱਚ ਹਨ।