ਸਮੁੰਦਰ ਵਿੱਚ ਤੈਰਦੀ, 500 ਮਿਲੀਅਨ ਡਾਲਰਾਂ ਤੋਂ ਵੀ ਜ਼ਿਆਦਾ ਦੀ ਕੋਕੀਨ ਫੜ੍ਹੀ

ਨਸ਼ਿਆਂ ਦੇ ਤਸਕਰ, ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਵਾਸਤੇ ਨਿੱਤ ਨਵੇਂ ਨਵੇਂ ਢੰਗ ਅਪਣਾਉਂਦੇ ਹਨ ਜਿਸ ਦੇ ਜ਼ਰੀਏ ਉਹ ਨਸ਼ਿਆਂ ਦੀ ਤਸਕਰੀ ਵਿੱਚ ਕਾਮਿਯਾਬੀ ਹਾਸਿਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਪ੍ਰਤੀ ਦਿਨ ਹੀ ਲੱਗੇ ਰਹਿੰਦੇ ਹਨ। ਅਜਿਹੀ ਹੀ ਇੱਕ ਮਿਸਾਲ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੂੰ ਦੇਖਣ ਨੂੰ ਮਿਲੀ ਜਦੋਂ ਪੈਸਿਫਿਕ ਓਸ਼ਨ ਵਿੱਚ ਉਨ੍ਹਾਂ ਨੂੰ ਸਮੁੰਦਰ ਵਿੱਚ ਤੈਰ ਰਹੀ ਕੋਕੀਨ ਨਸ਼ੇ ਦੀ ਇੱਕ ਖੇਪ ਮਿਲੀ ਜਿਸ ਵਿੱਚ ਕਿ 81 ਅਜਿਹੇ ਥੈਲੇ ਸਨ ਜਿਨ੍ਹਾਂ ਅੰਦਰ ਕੋਕੀਨ ਭਰੀ ਹੋਈ ਸੀ ਅਤੇ ਇਸ 3.2 ਟਨ ਵਜ਼ਨੀ ਫੜ੍ਹੀ ਗਈ ਕੋਕੀਨ ਦਾ ਮੁੱਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ 500 ਮਿਲੀਅਨ ਤੋਂ ਵੀ ਜ਼ਿਆਦਾ ਦਾ ਬਣਦਾ ਹੈ।
ਆਸਟ੍ਰੇਲੀਆਈ ਅਧਿਕਾਰੀਆਂ ਨੇ ਵੀ ਕਿਹਾ ਕਿ ਜ਼ਾਹਿਰ ਹੈ ਕਿ ਇਹ ਕੋਕੀਨ ਆਸਟ੍ਰੇਲੀਆਈ ਬਾਜ਼ਾਰ ਵਿੱਚ ਵੀ ਵੇਚੀ ਜਾਣੀ ਸੀ। ਉਨ੍ਹਾਂ ਕਿਹਾ ਕਿ ਅਧਿਕਾਰਿਕ ਸੂਤਰਾਂ ਮੁਤਾਬਿਕ, ਦੇਸ਼ ਅੰਦਰ ਹਾਲੇ ਕੋਕੀਨ ਦੀ ਇੰਨੀ ਕੁ ਮਾਤਰਾ ਮੌਜੂਦ ਹੈ ਕਿ ਇੱਕ ਸਾਲ ਤੱਕ ਸਪਲਾਈ ਕੀਤੀ ਜਾ ਸਕਦੀ ਹੈ ਅਤੇ ਜਿਹੜੀ ਇਹ ਖੇਪ ਫੜ੍ਹੀ ਗਈ ਹੈ ਉਸ ਨਾਲ ਤਾਂ ਲੱਗਦਾ ਹੈ ਕਿ ਨਸ਼ੇ ਦੇ ਤਸਕਰਾਂ ਵੱਲੋਂ ਨਿਊਜ਼ੀਲੈਂਡ ਲਈ ਅੱਗਲੇ 30 ਸਾਲਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਸੀ।
ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਨਸ਼ੇ ਦੀ ਇਹ ਖੇਪ ਦੱਖਣੀ-ਅਮਰੀਕੀ ਤਸਕਰਾਂ ਵੱਲੋਂ ਭੇਜੀ ਗਈ ਲਗਦੀ ਹੈ ਅਤੇ ਇਸ ਵਿੱਚ ਮੌਜੂਦ ਕਈ ਪੈਕਟਾਂ ਉਪਰ ‘ਬੈਟਮੈਨ’ ਦਾ ਲੋਗੋ ਵੀ ਲਗਿਆ ਹੋਇਆ ਹੈ। ਇਸ ਖੇਪ ਦੇ ਫੜ੍ਹੇ ਜਾਣ ਕਾਰਨ ਸਾਫ਼ ਹੈ ਕਿ ਤਸਕਰਾਂ ਨੂੰ ਭਾਰੀ ਸੱਟ ਲੱਗੀ ਹੈ ਅਤੇ ਕਾਫ਼ੀ ਵੱਡਾ ਨੁਕਸਾਨ ਉਨ੍ਹਾਂ ਦਾ ਹੋਇਆ ਹੈ।