‘ਡਾ. ਜਸਬੀਰ ਸਿੰਘ ਸਰਨਾ’ ਜੰਮੂ ਕਸ਼ਮੀਰ ਦੇ ਪੰਜਾਬੀ ਸਾਹਿਤ ਦਾ ਅਜਿਹਾ ਸਾਹਿਤਕਾਰ ਹੈ ਜਿਸਨੇ ਸਾਹਿਤ ਦੀ ਲਗਭਗ ਹਰ ਸਿਨਫ਼ ਉੱਤੇ ਆਪਣੀ ਕਲਮ ਅਜ਼ਮਾਈ ਹੈ। ਉਸਦੀ ਕਲਮ ਦੀ ਨੁਹਾਰ ਨੇ ਕੇਵਲ ਸਮੀਖਿਆਤਕ ਅਤੇ ਇਤਿਹਾਸਕ ਵਿਸ਼ਿਆ ਨੂੰ ਹੀ ਆਪਣੀ ਬੁਕਲ ਵਿੱਚ ਨਹੀਂ ਲਿਆ ਸਗੋਂ ਉਸਦੀ ਸਿਰਜਣਾ ਪ੍ਰਕ੍ਰਿਆ ਇਕੋ ਸਮੇਂ ਆਲੋਚਨਾਤਮਕ ਹੋਣ ਦੇ ਨਾਲ-ਨਾਲ ਰਚਨਾਤਮਕ ਵੀ ਹੈ। ਆਪਣੀ ਸਾਹਿਤਕ ਪ੍ਰਤਿਭਾ ਫਲਸਰੂਪ ਹੀ ਉਸਨੇ ਕਰਤਾਰੀ ਸਾਹਿਤ ਦੀ ਸਿਰਜਣਾ ਵਿਭਿੰਨ ਸਾਹਿਤਕ ਰੂਪਾਕਾਰਾਂ ਦੇ ਅਧੀਨ ਕੀਤੀ ਹੈ। ਡਾ. ਸਰਨਾ ਨੇ ਜਿੱਥੇ ਕਵਿਤਾ ਦੇ ਖੇਤਰ ਵਿੱਚ ਲੰਮੀਆਂ ਪੁਲਾਂਘਾ ਪੁੱਟੀਆਂ ਹਨ ਉੱਥੇ ਹੀ ਵਾਰਤਕ ਅਤੇ ਵਿਸ਼ੇਸ਼ ਕਰਕੇ ਨਿਰੋਲ ਵਾਰਤਕ ਸਾਹਿਤ ਦੇ ਖੇਤਰ ਵਿੱਚ ਵੀ ਚੰਗੀਆਂ ਮੱਲਾਂ ਮਾਰੀਆਂ ਹਨ। ਉਸਦੀ ਲੰਮੀ ਸਾਹਿਤਕ ਘਾਲਣਾ ਦਾ ਸਿੱਟਾ ਹੀ ‘ਤੇਗ਼ਜ਼ਨ ਗੁਰੂ ਹਰਿਗੋਬਿੰਦ ਸਾਹਿਬ’ ਨਾਮਕ ਜੀਵਨੀ ਪੁਸਤਕ ਹੈ। ਜਿਸਦੀ ਪਹਿਲੀ ਛਾਪ ਸੰਨ 2001 ਵਿੱਚ ਛੱਪੀ ਅਤੇ ਜਿਸਦਾ ਦੂਜਾ ਸੋਧਿਆ ਤੇ ਵਿਸਤ੍ਰਿਤ ਸੰਸਕਰਣ 2022 ਵਿੱਚ ਪ੍ਰਕਾਸ਼ਿਤ ਹੋਇਆ। ਜਿਸ ਰਾਹੀਂ ਜੀਵਨੀਕਾਰ ਨੇ ‘ਗੁਰੂ ਹਰਿਗੋਬਿੰਦ ਸਾਹਿਬ’ ਦੇ ਸਮੁੱਚੇ ਜੀਵਨ ਸਫ਼ਰ ਨੂੰ ਇਤਿਹਾਸਕ ਕ੍ਰਮਿਕਤਾ ਅਤੇ ਤੱਥਾਤਮਕਤਾ ਅਨੁਸਾਰ ਰੂਪਮਾਨ ਕੀਤਾ ਹੈ। ਲੇਖਕ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੁੱਚੇ ਜੀਵਨ ਵਿਕਾਸ ਨੂੰ ਪੂਰਨਤਾ ਤੇ ਸਪਸ਼ਟਤਾ ਨਾਲ ਸਾਖਿਆਤ ਕਰਨ ਲਈ ਇਤਿਹਾਸਕ ਤੱਥਾਂ ਦੀ ਖੋਜ ਤੇ ਇਕੱਤ੍ਰੀਕਰਨ ਕਰਨ ਦੇ ਨਾਲ-ਨਾਲ ਪੁਰਾਤਨ ਖਰੜਿਆਂ, ਦਸਤਾਵੇਜ਼ਾਂ ਤੇ ਇਤਿਹਾਸਕ ਮਹੱਤਤਾ ਰੱਖਣ ਵਾਲੇ ਗ੍ਰੰਥਾਂ, ਕੋਸ਼ਾਂ ਆਦਿ ਦਾ ਸੰਜੀਦਾ ਨਿਰੀਖਣ ਤੇ ਅਧਿਐਨ ਕਰਨ ਮਗਰੋਂ ਹੀ ਇਸ ਜੀਵਨੀ ਨੂੰ ਕਲਮਬੱਧ ਕੀਤਾ ਹੈ। ਇਹ ਗੱਲ ਵਰਨਣਯੋਗ ਹੈ ਕਿ ਲੇਖਕ ਨੇ ਭਾਵੇਂ ਇਸ ਰਚਨਾ ਵਿੱਚ ਪੁਰਾਤਨ ਪੰਜਾਬੀ ਅਤੇ ਫ਼ਾਰਸੀ ਸ੍ਰੋਤਾਂ ਦੀ ਲੋੜੀਂਦੀ ਵਰਤੋਂ ਕੀਤੀ ਹੈ ਪਰ ਇਸ ਕਿਰਤ ਦਾ ਪ੍ਰਮੁੱਖ ਆਧਾਰ ਉਸਨੇ ‘ਭੱਟ ਵਹੀਆਂ’ ਨੂੰ ਹੀ ਬਣਾਇਆ ਹੈ। ਇਨ੍ਹਾਂ ‘ਭੱਟਵਹੀ’ ਸਰੋਤਾਂ ਰਾਹੀਂ ਲੇਖਕ ਨੇ ਜਿੱਥੇ ਚਰਿੱਤ੍ਰ ਨਾਇਕ ਦੇ ਜੀਵਨ ਇਤਿਹਾਸ ਨਾਲ ਸੰਬੰਧਿਤ ਅਣਗੌਲੇ ਤੱਥਾਂ ਨੂੰ ਉਜਾਗਰ ਕੀਤਾ ਹੈ ਉੱਥੇ ਹੀ ਉਨ੍ਹਾਂ ਪ੍ਰਚੱਲਿਤ ਤੇ ਪਰੰਪਰਾਗਤ ਧਾਰਨਾਵਾਂ ਦਾ ਖੰਡਨ ਵੀ ਕੀਤਾ ਹੈ ਜੋ ਗੁਰੂ ਸਾਹਿਬ ਦੇ ਜੀਵਨ ਅਤੇ ਕਿਰਦਾਰ ਸੰਬੰਧੀ ਅਨੇਕ ਸ਼ੰਕਿਆਂ ਦਾ ਸੰਚਾਰ ਕਰਦੀਆਂ ਹਨ। ਜੀਵਨੀਕਾਰ ਨੇ ਇਸ ਜੀਵਨੀ ਦੀ ਸਿਰਜਣਾ ਵਿਗਿਆਨਕ ਨੁਕਤੇ ਤੋਂ ਕੀਤੀ ਹੈ ਕਿਉਂਕਿ ਉਸਨੇ ਜੀਵਨੀ ਨਾਇਕ ਨਾਲ ਸੰਬੰਧਿਤ ਇਤਿਹਾਸਕ ਤੱਥਾਂ ਦੀ ਸੁਚੱਜੀ ਪੇਸ਼ਕਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਡਾ. ਸਰਨਾ ਨੇ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਵਿਭਿੰਨ ਪਹਿਲੂਆਂ ਦੀ ਨਿਸ਼ਾਨਦੇਹੀ ਕਰਨ ਲਈ ਇਤਿਹਾਸਕ ਤੱਥਾਂ ਨੂੰ ਕੇਵਲ ਪੜਚੋਲਿਆ ਹੀ ਨਹੀਂ ਹੈ, ਸਗੋਂ ਵਿਸ਼ੇ ਸਮੱਗਰੀ ਦੀ ਚੋਣ ਅਤੇ ਨਿਭਾਅ ਸਮੇਂ ਯਥਾਰਥਕਤਾ ਨੂੰ ਵੀ ਤਰਜੀਹ ਦਿੱਤੀ ਹੈ। ਲੇਖਕ ਨੇ ਇਤਿਹਾਸਕਾਰਾਂ ਦੀਆਂ ਗਲਤ ਧਾਰਨਾਵਾਂ ਤੇ ਸਥਾਪਤੀਆਂ ਦਾ ਖੰਡਨ ਕਰਦਿਆਂ ਹੋਇਆਂ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਵਿਭਿੰਨ ਤੱਥਾਂ ਨੂੰ ਵਿਗਿਆਨਕ ਦ੍ਰਿਸ਼ਟਕੋਣ ਤੋਂ ਉਜਾਗਰ ਕੀਤਾ ਹੈ।
ਲੇਖਕ ਨੇ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੇ ਫ਼ਲਸਫ਼ੇ ਨੂੰ ਪ੍ਰਸਾਰਣ ਅਤੇ ਸਿੱਖੀ ਸਿਧਾਂਤਾਂ ਨੂੰ ਦੂਰ-ਦੁਰਾਡੇ ਇਲਾਕਿਆਂ ਵਿੱਚ ਪ੍ਰਚਾਰਣ ਤੇ ਦ੍ਰਿੜ੍ਹ ਕਰਾਉਣ ਹਿੱਤ ਕੀਤੇ ਪ੍ਰਚਾਰਕ ਦੌਰਿਆਂ ਸੰਬੰਧੀ ਵਿਸਤਾਰਪੂਰਵਕ ਢੰਗ ਨਾਲ ਵਰਨਣ ਕਰਨ ਦੇ ਨਾਲ-ਨਾਲ ਇਨ੍ਹਾਂ ਯਾਤਰਾਵਾਂ ਦੌਰਾਨ ਵਾਪਰੀਆਂ ਘਟਨਾਵਾਂ ਦਾ ਅਜਿਹਾ ਬਿਓਰਾ ਪੇਸ਼ ਕੀਤਾ ਹੈ ਜੋ ਮਿਥਿਹਾਸਕ ਛੂਹਾਂ ਤੋਂ ਰਹਿਤ ਹੈ। ਅਸਲ ਵਿੱਚ ਲੇਖਕ ਨੇ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਯਾਤਰਾਵਾਂ ਦਾ ਉਲੇਖ ਕਰਦਿਆਂ ਗੁਰੂ ਸਾਹਿਬ ਨੂੰ ਉਸ ਚਮਤਕਾਰੀ ਬਾਬੇ ਵਾਂਗ ਸਥਾਪਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜੋ ਪੈਰ-ਪੈਰ ਉੱਤੇ ਕਰਾਮਾਤਾਂ ਦਿਖਾਉਂਦਾ ਅਤੇ ਮਨਮਤੀਆਂ ਤੇ ਅਨਮਤੀਆਂ ਨੂੰ ਝੁਕਾਉਂਦਾ ਹੈ, ਸਗੋਂ ਉਸ ਧਾਰਮਿਕ ਤੇ ਸਮਾਜਿਕ ਆਗੂ ਦੇ ਨਿਆਈਂ ਰੂਪਮਾਨ ਕੀਤਾ ਹੈ ਜੋ ਸੱਚ ਧਰਮ ਦਾ ਪ੍ਰਚਾਰ ਤੇ ਵਹਿਮ ਭਰਮਾਂ ਦਾ ਖੰਡਨ ਕਰਦਿਆਂ ਆਪਣੇ ਸਫ਼ਰ ਨੂੰ ਤੈਅ ਕਰਦਾ ਹੈ। ਜੀਵਨੀਕਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਉਸਨੇ ਚਰਿੱਤ੍ਰ ਨਾਇਕ ਦੇ ਜੀਵਨ ਨਾਲ ਸੰਬੰਧਿਤ ਵਿਭਿੰਨ ਪਹਿਲੂਆਂ ਨੂੰ ਪ੍ਰਮਾਣਿਕਤਾ ਨਾਲ ਮੂਰਤੀਮਾਨ ਕਰਨ ਲਈ ‘ਭੱਟ ਵਹੀ’ ਸ੍ਰੋਤਾਂ ਨੂੰ ਆਧਾਰ ਬਣਾ ਕੇ ਜਿੱਥੇ ਸਿੱਕੇਬੰਦ ਤਵਾਰੀਖ਼ ਨੂੰ ਤੱਥਾਤਮਕਤਾ ਨਾਲ ਕਲਮਬੱਧ ਕੀਤਾ ਹੈ ਉੱਥੇ ਹੀ ਪੂਰਵਲੇ ਇਤਿਹਾਸਕਾਰਾਂ ਵੱਲੋਂ ਗੁਰੂ ਸਾਹਿਬ ਦੇ ਜੀਵਨ ਨਾਲ ਜੋੜੇ ਗਏ ਉਨ੍ਹਾਂ ਅਪ੍ਰਮਾਣਿਤ ਅਤੇ ਵਿਵਾਦਪੂਰਨ ਤੱਥਾਂ ਦਾ ਵੀ ਖੰਡਨ ਕੀਤਾ ਹੈ ਜੋ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਅਤੇ ਆਚਰਣ ਸੰਬੰਧੀ ਵਿਭਿੰਨ ਭੁਲੇਖਿਆਂ ਦਾ ਸੰਚਾਰ ਕਰਦੇ ਹਨ। ਜਿਵੇਂ- ‘ਗਵਾਲੀਅਰ ਦੇ ਕਿਲ੍ਹੇ ਵਿੱਚ ਗੁਰੂ ਸਾਹਿਬ ਦੀ ਕੈਦ ਦਾ ਕੁਲ ਸਮਾਂ’, ‘ਰਿਹਾਈ ਮਗਰੋਂ ਅੰਮ੍ਰਿਤਸਰ ਪਹੁੰਚਣ ਦੀ ਸਹੀ ਮਿਤੀ, ‘ਮਾਤਾ ਕੋਲਾਂ ਨਾਲ ਗੁਰੂ ਸਾਹਿਬ ਦਾ ਮੁਹੱਬਤਨੁਮਾ ਰਿਸ਼ਤਾ’, ‘ਜੰਗਾਂ ਲੜਣ ਦਾ ਪ੍ਰਮੁੱਖ ਕਾਰਣ’ ਆਦਿ। ਇਹ ਗੱਲ ਵਰਨਣਯੋਗ ਹੈ ਕਿ ਲੇਖਕ ਨੇ ਗੁਰੂ ਸਾਹਿਬ ਨਾਲ ਜੋੜੇ ਗਏ ਇਨ੍ਹਾਂ ਤੱਥਾਂ ਦਾ ਕੇਵਲ ਖੰਡਨ ਹੀ ਨਹੀਂ ਕੀਤਾ, ਸਗੋਂ ਖੋਜਪੂਰਵਕ ਢੰਗ ਨਾਲ ਚਰਿੱਤ੍ਰ ਨਾਇਕ ਦੇ ਜੀਵਨ ਨਾਲ ਸੰਬੰਧਿਤ ਅਣਗੌਲੇ ਤੱਥਾਂ ਦਾ ਪ੍ਰਸਤੁਤੀਕਰਨ ਵੀ ਕੀਤਾ ਹੈ। ਇਸ ਜੀਵਨੀ ਵਿੱਚੋਂ ਲੇਖਕ ਦੇ ਖੋਜੀ ਸੁਭਾਓ ਦਾ ਵੀ ਸਪਸ਼ਟ ਪ੍ਰਮਾਣ ਮਿਲਦਾ ਹੈ ਕਿਉਂਕਿ ਜੀਵਨੀਕਾਰ ਨੇ ‘ਲਾਸਾਨੀ ਸੇਵਕ’ ਸਿਰਲੇਖ ਅਧੀਨ ਗੁਰੂ ਹਰਗੋਬਿੰਦ ਸਾਹਿਬ ਦੇ ਕੁਝ ਕੁ ਅਨਿਨ ਸੇਵਕਾਂ, ਪੈਰੋਕਾਰਾਂ ਅਤੇ ਯੋਧਿਆਂ ਸੰਬੰਧੀ ਵੀ ਸੰਖਿਪਤ ਰੂਪ ਵਿੱਚ ਜ਼ਿਕਰ ਕੀਤਾ ਹੈ। ਜਿਨ੍ਹਾਂ ਦੀ ਕੁਲ ਗਿਣਤੀ 129 ਬਣਦੀ ਹੈ ਅਤੇ ਇਸੇ ਤਰ੍ਹਾਂ ਲੇਖਕ ਨੇ ‘ਗੁਰਦੁਆਰੇ, ਅਸਥਾਨ ਤੇ ਯਾਦ ਚਿੰਨ੍ਹ’ ਨਾਂ ਦੇ ਕਾਂਡ ਅਧੀਨ ਗੁਰੂ ਸਾਹਿਬ ਨਾਲ ਸੰਬੰਧਿਤ 196 ਧਾਰਮਿਕ ਅਤੇ ਇਤਿਹਾਸਕ ਮਹੱਤਤਾ ਵਾਲੇ ਅਸਥਾਨਾਂ ਸੰਬੰਧੀ ਖੋਜ ਪੂਰਵਕ ਢੰਗ ਚਰਚਾ ਕਰਦਿਆਂ ਉਨ੍ਹਾਂ ਦੀ ਭੂਤਕਾਲੀਨ, ਸਮਾਕਾਲੀਨ ਅਤੇ ਭੂਗੋਲਿਕ ਸਥਿਤੀ ਬਾਰੇ ਵਿਸਤਾਰ ਸਹਿਤ ਵਰਨਣ ਕਰਕੇ ਇਕੋ ਸਮੇਂ ਇੱਕ ਇਤਿਹਾਸਕਾਰ ਅਤੇ ਸਫ਼ਰਨਾਮਾਕਾਰ ਵਾਲੀ ਭੂਮਿਕਾ ਨਿਭਾਈ ਹੈ। ਇਸ ਜੀਵਨੀ ਦੀ ਰਚਨਾਤਮਕ ਵਿਸ਼ੇਸ਼ਤਾ ਇਹ ਹੈ ਕਿ ਇਹ ਸਿੱਖ ਇਤਿਹਾਸ ਅਤੇ ਸਿੱਖ ਫ਼ਲਸਫ਼ੇ ਦੀਆਂ ਸੰਕਲਪਾਤਮਕ ਧਾਰਨਾਵਾਂ ਨਾਲ ਸੰਬੰਧ ਸਥਾਪਿਤ ਕਰਦੀ ਨਜ਼ਰ ਆਉਂਦੀ ਹੈ। ਇਹੀ ਕਾਰਣ ਹੈ ਕਿ ਜੀਵਨੀਕਾਰ ਨੇ ਹਰ ਉਸ ਸੰਕਲਪ ਅਤੇ ਸਿਧਾਂਤ ਨੂੰ ਸਪਸ਼ਟਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਗੁਰੂ ਸਾਹਿਬ ਦੇ ਜੀਵਨ ਸਫ਼ਰ ਨੂੰ ਦਾਰਸ਼ਨਿਕ ਨੁਕਤੇ ਤੋਂ ਸਾਖਿਆਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
(ਡਾ. ਹਰਸਿਮਰਨ ਸਿੰਘ)
ਜੰਮੂ ਯੂਨੀਵਰਸਿਟੀ, ਜੰਮੂ