ਨਿਊ ਸਾਊਥ ਵੇਲਜ਼ ਦੇ ਸਾਊਥ ਵੇਸਟ ਰੋਕਸ ਕੰਟਰੀ ਕਲੱਬ ਵਿੱਚ ਬੀਤੇ ਸਾਲ ਸਤੰਬਰ 2022 ਵਿੱਚ 45 ਸਾਲਾਂ ਦੇ ਸਰਫਰ ਕ੍ਰਿਸ ਡੇਵਿਡਸਨ ਦੇ ਮੂੰਹ ਉਪਰ ਮੁੱਕਾ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਕਤਲ ਦੇ ਤਹਿਤ 45 ਸਾਲਾਂ ਦੇ ਗ੍ਰਾਂਟ ਕੋਲਮੈਨ ਨੂੰ ਕਤਲ ਦੇ ਦੋਸ਼ਾਂ ਅਧੀਨ ਚਾਰਜ ਕੀਤਾ ਗਿਆ ਸੀ। ਮਿਡ ਨਾਰਥ ਕੋਸਟ ਦੇ ਕੰਟਰੀ ਕਲੱਬ ਉਪਰ ਇਸੇ ਕਤਲ ਤਹਿਤ 16 ਮੁਕੱਦਮੇ ਦਾਇਰ ਕੀਤੇ ਗਏ ਹਨ।
ਪੁਲਿਸ ਦੇ ਦੱਸਣ ਅਨੁਸਾਰ ਕਲੱਬ ਦੇ ਖ਼ਿਲਾਫ਼ ਲਾਈਸੈਂਸ ਸਬੰਧੀ ਨਿਯਮਾਂ ਦੀ ਉਲੰਘਣਾ ਅਤੇ ਅਣਦੇਖੀ, ਕਲੱਬ ਦੇ ਦਾਇਰੇ ਅੰਦਰ ਹਿੰਸਾਤਮਕ ਹਮਲਾ, ਮੁਲਜ਼ਮ ਦੇ ਲਾਈਸੈਂਸ ਸਬੰਧੀ 5 ਮੁਕੱਦਮੇ, ਅਤੇ ਕਲੱਬ ਦੀ ਆਪਣੀ ਰਜਿਸਟ੍ਰੇਸ਼ਨ ਆਦਿ ਸਬੰਧੀ 10 ਮੁਕੱਦਮੇ ਦਾਇਰ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਕ੍ਰਿਸ ਡੇਵਿਡਸਨ ਇੱਕ ਬਹੁਤ ਹੀ ਤਜੁਰਬੇਕਾਰ ਸਰਫਰਾਂ ਵਿੱਚੋਂ ਇੱਕ ਸੀ ਜਿਸਨੇ ਕਿ 1990 ਦੇ ਸ਼ੁਰੂਆਤੀ ਦੌਰ ਵਿੱਚ ਆਪਣੀ ਖੇਡ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੋਇਆ ਸੀ।
ਸਾਲ 1996 ਵਿੱਚ ਜਦੋਂ ਕ੍ਰਿਸ 19 ਸਾਲਾਂ ਦਾ ਸੀ ਤਾਂ ਉਸਨੇ ਕੈਲੀ ਸਲਾਟਰ (ਵਿਖਿਆਤ ਸਰਫਰ ਖਿਡਾਰੀ) ਨੂੰ ਹਰਾ ਕੇ ਧੂੰਮ ਮਚਾ ਦਿੱਤੀ ਸੀ ਅਤੇ ਸਰਫਿੰਗ ਦੀ ਦੁਨੀਆਂ ਵਿੱਚ ਛਾ ਗਿਆ ਸੀ।
ਸਾਲ 2010 ਦੌਰਾਨ, ਕ੍ਰਿਸ, ਵਿਸ਼ਵ ਭਰ ਦੇ ਸਰਫਰ ਖਿਡਾਰਿਆਂ ਵਿੱਚ 14ਵੇਂ ਨੰਬਰ ਤੇ ਸੀ।