ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਦੇ ਸਹਿਯੋਗ ਨਾਲ ਵੰਡੀਆਂ ਜਾਗਰੂਕਤਾ ਵਾਲੀਆਂ ਕਾਪੀਆਂ
(ਫ਼ਰੀਦਕੋਟ):- ਜੇਕਰ ਅਜੇ ਵੀ ਨਾ ਸੁਧਰੇ ਅਤੇ ਨਾ ਸੰਭਲੇ ਤਾਂ ਧਰਤੀ, ਪਾਣੀ ਅਤੇ ਹਵਾ ਨੂੰ ਦੂਸ਼ਿਤ ਕਰਨ ਲਈ ਆਉਣ ਵਾਲੀਆਂ ਪੀੜੀਆਂ ਸਾਨੂੰ ਕਸੂਰਵਾਰ ਮੰਨਦਿਆਂ ਕਦੇ ਵੀ ਮਾਫ ਨਹੀਂ ਕਰਨਗੀਆਂ। ਨੇੜਲੇ ਪਿੰਡ ਚੰਦਬਾਜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਆਖਿਆ ਕਿ ਸੁਸਾਇਟੀ ਵਲੋਂ ਜਿਲੇ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਸਥਿੱਤ ਸਰਕਾਰੀ ਸਕੂਲਾਂ ਵਿੱਚ ਜਾਗਰੂਕਤਾ ਵਾਲੀਆਂ ਕਾਪੀਆਂ ਵੰਡ ਕੇ ਬੱਚਿਆਂ, ਨੌਜਵਾਨਾ ਅਤੇ ਵੱਖ ਵੱਖ ਸਕੂਲਾਂ ਦੇ ਸਟਾਫ ਨੂੰ ਜਾਗਰੂਕ ਕਰਨ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਡਾ. ਮਨਜੀਤ ਸਿੰਘ ਜੌੜਾ ਨੇ ਬੱਚਿਆਂ ਨੂੰ ਬਿਮਾਰੀਆਂ ਅਤੇ ਵਾਤਾਵਰਣ ਬਾਰੇ ਜਾਣਕਾਰੀ ਦਿੱਤੀ, ਜਦਕਿ ਨੀਦਰਲੈਂਡ ਤੋਂ ਆਈ ਟੀਮ ਨੇ ਵੀ ਉਕਤ ਗੱਲਾਂ ਸੁਣ ਕੇ ਵਪਾਰੀ ਤਬਕੇ ਦੀ ਲਾਲਚੀ ਸੋਚ ਪ੍ਰਤੀ ਹੈਰਾਨੀ ਪ੍ਰਗਟਾਈ। ਹਰਵਿੰਦਰ ਸਿੰਘ ਮਰਵਾਹਾ ਨੇ ਦੱਸਿਆ ਕਿ ਉਕਤ ਕਾਪੀਆਂ ਦੇ ਪਹਿਲੇ, ਦੂਜੇ, ਅਖੀਰਲੇ ਅਤੇ ਅੰਤਲੇ ਤੋਂ ਪਹਿਲੇ ਸਰਵਰਕਾਂ ਰਾਹੀਂ ਵਿਦਿਆਰਥੀ-ਵਿਦਿਆਰਥਣਾ ਨੂੰ ਬਿਮਾਰੀਆਂ ਤੋਂ ਬਚਣ, ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ, ਵਾਤਾਵਰਣ ਅਤੇ ਪਾਣੀ ਦੀ ਸੰਭਾਲ ਬਾਰੇ ਸਮਝਾਉਣ ਵਾਲੀਆਂ ਗੱਲਾਂ ਅੰਕਿਤ ਕੀਤੀਆਂ ਗਈਆਂ ਹਨ। ਉਹਨਾਂ ਦਾਅਵਾ ਕੀਤਾ ਕਿ ਅਜਿਹੀਆਂ ਕਾਪੀਆਂ ਬਜਾਰਾਂ ਵਿੱਚੋਂ ਨਹੀਂ ਮਿਲਦੀਆਂ। ਮਾ. ਜਸਵਿੰਦਰ ਸਿੰਘ ਅਤੇ ਮਾ. ਗਗਨ ਅਤਰ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਵਿੰਦਰ ਸਿੰਘ, ਜਸਪਾਲ ਸਿੰਘ, ਵਰਿੰਦਰਪਾਲ ਸਿੰਘ, ਗਗਨਜੋਤ ਸਿੰਘ ਬਰਾੜ ਆਦਿ ਵੀ ਹਾਜਰ ਸਨ।